ਮੁਹਾਲੀ ਨਗਰ ਨਿਗਮ ਵੱਲੋਂ ਚੋਣ ਜ਼ਾਬਤਾ ਖ਼ਤਮ ਹੁੰਦੇ ਹੀ ਵਿਕਾਸ ਕਾਰਜਾਂ ਦੀ ਗਤੀ ਤੇਜ਼

ਸੈਕਟਰ-70 ਤੋਂ ਫੇਜ਼-3ਬੀ2 ਤੱਕ ਸੜਕ ’ਤੇ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ, ਡਿਪਟੀ ਮੇਅਰ ਬੇਦੀ ਨੇ ਕੀਤਾ ਨਿਰੀਖਣ

ਨਗਰ ਨਿਗਮ ਅਧਿਕਾਰੀਆਂ ਨੂੰ 31 ਮਾਰਚ ਤੱਕ ਅਮਰਟੈਕਸ ਤੱਕ ਸੜਕ ’ਤੇ ਆਵਾਜਾਈ ਸ਼ੁਰੂ ਕਰਨ ਦੇ ਆਦੇਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਮਾਰਚ:
ਮੁਹਾਲੀ ਨਗਰ ਨਿਗਮ ਨੇ ਵਿਧਾਨ ਸਭਾ ਦੀਆਂ ਚੋਣਾਂ ਸਬੰਧੀ ਆਦਰਸ਼ ਚੋਣ ਜ਼ਾਬਤਾ ਖ਼ਤਮ ਹੁੰਦੇ ਹੀ ਸ਼ਹਿਰ ਵਿੱਚ ਵਿਕਾਸ ਕਾਰਜਾਂ ਦੀ ਗਤੀ ਤੇਜ ਕਰ ਦਿੱਤੀ ਹੈ। ਅੱਜ ਇੱਥੋਂ ਦੇ ਸੈਕਟਰ-70 (ਮਟੌਰ) ਚੌਕ ਤੋਂ ਫੇਜ਼-3ਬੀ2 ਤੱਕ ਮੁੱਖ ਸੜਕ ’ਤੇ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਮੌਕੇ ’ਤੇ ਪਹੁੰਚ ਕੇ ਸੜਕ ਨਿਰਮਾਣ ਕਾਰਜਾਂ ਦਾ ਨਿਰੀਖਣ ਕੀਤਾ ਅਤੇ ਨਗਰ ਨਿਗਮ ਅਧਿਕਾਰੀਆਂ ਅਤੇ ਠੇਕੇਦਾਰ ਨੂੰ ਸੜਕ ’ਤੇ ਪ੍ਰੀਮਿਕਸ ਪਾਉਣ ਦਾ ਕੰਮ ਜਲਦੀ ਨੇਪਰੇ ਚਾੜ੍ਹਨ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਚੋਣਾਂ ਜ਼ਾਬਤੇ ਕਾਰਨ ਸ਼ਹਿਰ ਵਿੱਚ ਵਿਕਾਸ ਕਾਰਜ ਰੁਕੇ ਹੋਏ ਸੀ ਲੇਕਿਨ ਹੁਣ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਸ੍ਰੀ ਬੇਦੀ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਕੰਮਾਂ ਦੀ ਸਮੇਂ ਸਮੇਂ ਸਿਰ ਖ਼ੁਦ ਨਜ਼ਰਸਾਨੀ ਕਰਨ ਅਤੇ 31 ਮਾਰਚ ਤੱਕ ਇਸ ਸੜਕ ’ਤੇ ਅਮਰਟੈਕਸ ਚੌਕ ਤੱਕ ਹਰ ਹਾਲ ਵਿੱਚ ਆਵਾਜਾਈ ਸ਼ੁਰੂ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਸੜਕ ਦਾ ਨਿਰਮਾਣ ਪਹਿਲਾਂ ਹੀ ਲੇਟ ਹੋ ਚੁੱਕਾ ਹੈ। ਸ਼ਹਿਰ ਵਿੱਚ ਸੀਵਰੇਜ ਦੀ ਨਵੀਂ ਪਾਈਪਲਾਈਨ ਪਾਉਣ ਕਾਰਨ ਇਸ ਸੜਕ ’ਤੇ ਇਕ ਪਾਸੇ ਆਵਾਜਾਈ ਬਿਲਕੁਲ ਬੰਦ ਪਈ ਸੀ। ਉਨ੍ਹਾਂ ਕਿਹਾ ਕਿ ਪਹਿਲਾਂ ਲਗਾਤਾਰ ਬਰਸਾਤਾਂ ਦਾ ਮੌਸਮ ਕਾਫ਼ੀ ਲੰਮਾ ਚੱਲਣ ਕਾਰਨ ਸੜਕ ਦੇ ਨਿਰਮਾਣ ਵਿੱਚ ਦੇਰੀ ਹੋ ਰਹੀ ਸੀ ਅਤੇ ਬਾਅਦ ਵਿੱਚ ਚੋਣ ਜ਼ਾਬਤਾ ਲੱਗਣ ਕਾਰਨ ਵਿਕਾਸ ਕਾਰਜ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਏ ਸੀ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਹਦਾਇਤਾਂ ਦਿੱਤੀਆਂ ਕਿ ਉਹ ਠੇਕੇਦਾਰ ਵੱਲੋਂ ਬਣਾਈ ਜਾ ਰਹੀ ਸੜਕ ਨਿਰਮਾਣ ਦੇ ਮਟੀਰੀਅਲ ਦੇ ਸੈਂਪਲ ਲੈਂਦੇ ਰਹਿਣ ਅਤੇ ਕੁਆਲਿਟੀ ਵਿੱਚ ਕਿਸੇ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
(ਬਾਕਸ ਆਈਟਮ)
ਪੰਜਾਬ ਵਿੱਚ ਸਤਾ ਬਦਲਣ ਤੋਂ ਬਾਅਦ ਆਪ ਲੀਡਰਸ਼ਿਪ ਵੱਲੋਂ ਕਾਂਗਰਸ ਦੇ ਕਈ ਕੌਂਸਲਰਾਂ ਵੱਲੋਂ ਪਾਰਟੀ ਛੱਡ ਕੇ ‘ਆਪ’ ਨਾਲ ਮਿਲ ਜਾਣ ਬਾਰੇ ਫੈਲਾਈਆਂ ਜਾ ਰਹੀਆਂ ਝੂਠੀਆਂ ਅਫਵਾਹਾਂ ਨੂੰ ਵਿਰਾਮ ਲਗਾਉਂਦੇ ਹੋਏ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਸਮੇਤ ਸ਼ਹਿਰ ਦੇ 37 ਕੌਂਸਲਰ ਅੱਜ ਵੀ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨਾਲ ਚਟਾਨ ਵਾਂਗ ਖੜੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਕਾਰੋਬਾਰੀ ‘ਆਪ’ ਦੀ ਹਵਾ ਕਾਰਨ ਚੋਣ ਜ਼ਰੂਰ ਜਿੱਤ ਗਏ ਹਨ ਪ੍ਰੰਤੂ ਸਮੂਹ ਕਾਂਗਰਸੀ ਵਰਕਰ ਅਤੇ ਪੰਚ ਤੇ ਸਰਪੰਚ, ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਮੈਂਬਰ ਅੱਜ ਵੀ ਸਿੱਧੂ ਨਾਲ ਖੜੇ ਹਨ ਅਤੇ ਹਮੇਸ਼ਾ ਖੜੇ ਰਹਿਣਗੇ। ਉਨ੍ਹਾਂ ਭਰੋਸਾ ਦਿੱਤਾ ਕਿ ਸਾਰੇ ਸ਼ਹਿਰ ਦਾ ਬਿਨਾਂ ਕਿਸੇ ਪੱਖਪਾਤ ਤੋਂ ਵਿਕਾਸ ਯਕੀਨੀ ਬਣਾਇਆ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …