ਮੁਹਾਲੀ ਨਗਰ ਨਿਗਮ ਨੇ ਸਵੱਛ ਸਰਵੇਖਣ ਤਹਿਤ ਸਕੂਲਾਂ ਤੇ ਹਸਪਤਾਲਾਂ ਨੂੰ ਸਰਟੀਫਿਕੇਟ ਵੰਡੇ

ਸੰਯੁਕਤ ਕਮਿਸ਼ਨਰ ਵੱਲੋਂ ਸ਼ਹਿਰ ਵਾਸੀਆਂ ਨੂੰ ਸਵੱਛਤਾ ਸਬੰਧੀ ਬਣਦਾ ਯੋਗਦਾਨ ਪਾਉਣ ਦੀ ਅਪੀਲ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਜਨਵਰੀ:
ਸਵੱਛ ਸਰਵੇਖਣ, ਜੋ ਕਿ ਦੇਸ਼ ਵਿੱਚ ਚਾਰ ਜਨਵਰੀ ਤੋਂ ਸ਼ੁਰੂ ਹੋ ਗਿਆ ਹੈ, ਸਬੰਧੀ ਨਗਰ ਨਿਗਮ ਐਸ.ਏ.ਐਸ. ਨਗਰ ਵੱਲੋਂ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਅਤੇ ਹਸਪਤਾਲਾਂ ਦਾ ਪ੍ਰੀ,,-ਸਰਵੇਖਣ ਕਰਵਾਇਆ ਗਿਆ ਅਤੇ ਇਨ੍ਹਾਂ ਵਿੱਚੋਂ ਪਹਿਲੇ ਤਿੰਨ ਸਥਾਨ ਹਾਸਿਲ ਕਰਨ ਵਾਲਿਆਂ ਨੂੰ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਸ੍ਰੀਮਤੀ ਅਵਨੀਤ ਕੌਰ ਵੱਲੋਂ ਨਿਗਮ ਦਫਤਰ ਵਿਚ ਕਰਵਾਏ ਸਮਾਗਮ ਦੌਰਾਨ ਸਰਟੀਫਿਕੇਟ ਵੰਡੇ ਗਏ। ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਸਕੂਲਾਂ ਸਬੰਧੀ ਪ੍ਰੀ-ਸਰਵੇਖਣ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਵਲੋਂ ਕੀਤਾ ਗਿਆ , ਜਿਸ ਤਹਿਤ ਦੂਨ ਇੰਟਰਨੈਸ਼ਨਲ ਸਕੂਲ ਸੈਕਟਰ-69, ਮੁਹਾਲੀ ਅਤੇ ਲਰਨਿੰਗ ਪਾਥਸ ਸਕੂਲ ਸੈਕਟਰ-67, ਮੁਹਾਲੀ ਨੇ 95,,-95 ਅੰਕਾਂ ਨਾਲ ਸਾਂਝੇ ਤੌਰ ’ਤੇ ਪਹਿਲਾ ਸਥਾਨ ਹਾਸਿਲ ਕੀਤਾ। ਗੁਰੂਕੁਲ ਵਰਲਡ ਸਕੂਲ ਸੈਕਟਰ-69, ਮੁਹਾਲੀ ਅਤੇ ਯਾਦਵਿੰਦਰਾ ਪਬਲਿਕ ਸਕੂਲ ਫੇਜ਼-8, ਮੁਹਾਲੀ ਨੇ 94-94 ਅੰਕਾਂ ਨਾਲ ਦੂਜਾ ਸਥਾਨ ਹਾਸਿਲ ਕੀਤਾ। ਇਨ੍ਹਾਂ ਤੋਂ ਇਲਾਵਾ ਲਾਰੈਂਸ ਪਬਲਿਕ ਸਕੂਲ ਸੈਕਟਰ-51, ਮੁਹਾਲੀ ਨੇ 92.5 ਅੰਕਾਂ ਨਾਲ ਤੀਜਾ ਸਥਾਨ ਹਾਸਿਲ ਕੀਤਾ।
ਇਸੇ ਤਰ੍ਹਾਂ ਹੀ ਹਸਪਤਾਲਾਂ ਦਾ ਪ੍ਰੀ-ਸਰਵੇਖਣ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਮੁਹਾਲੀ ਇਕਾਈ ਵੱਲੋਂ ਕਰਵਾਇਆ ਗਿਆ। ਜਿਸ ਤਹਿਤ ਏ.ਸੀ.ਈ. ਹਰਟਸ ਐਂਡ ਵੈਸਕੂਲਰ ਇੰਸਟੀਚਿਊਟ ਸੈਕਟਰ-69 ਨੇ 89 ਅੰਕਾਂ ਨਾਲ ਪਹਿਲਾ ਸਥਾਨ ਹਾਸਿਲ ਕੀਤਾ। ਇਸ ਸ਼੍ਰੇਣੀ ਵਿਚ ਫੇਜ਼ 8 ਸਥਿਤ ਫੋਰਟਿਸ ਹਸਪਤਾਲ 86 ਅੰਕਾਂ ਨਾਲ ਦੂਜੇ ਸਥਾਨ ’ਤੇ ਰਿਹਾ। ਏ.ਐਮ. ਹਸਪਤਾਲ, ਮੁਹਾਲੀ ਨੇ 80 ਅੰਕਾਂ ਨਾਲ ਤੀਜਾ ਸਥਾਨ ਹਾਸਿਲ ਕੀਤਾ।
ਨਗਰ ਨਿਗਮ ਦੀ ਸੰਯੁਕਤ ਕਮਿਸ਼ਨਰ ਸ੍ਰੀਮਤੀ ਅਵਨੀਤ ਕੌਰ ਵੱਲੋਂ ਇਨ੍ਹਾਂ ਅਦਾਰਿਆਂ ਦੇ ਨੁਮਾਇੰਦਿਆਂ ਨੂੰ ਸਰਟੀਫਿਕੇਟਾਂ ਨਾਲ ਨਿਵਾਜਿਆ ਗਿਆ। ਉਨ੍ਹਾਂ ਨੇ ਇਸ ਸਰਵੇਖਣ ਵਿਚ ਮੱਲਾਂ ਮਾਰਨ ਵਾਲਿਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਪ੍ਰੀ-ਸਰਵੇਖਣ 4 ਜਨਵਰੀ ਨੂੰ ਸ਼ੁਰੂ ਹੋਏ ਸਵੱਛ ਸਰਵੇਖਣ ਦਾ ਲਾਜ਼ਮੀ ਅੰਗ ਹੈ ਅਤੇ ਸਾਨੂੰ ਸਾਰਿਆਂ ਨੂੰ ਸਵੱਛਤਾ ਪੱਖੋਂ ਹੋਰ ਵੀ ਅੱਗੇ ਜਾਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਜ਼ਰੀਏ ਸਵੱਛਤਾ ਦਾ ਸੁਨੇਹਾ ਸਮਾਜ ਵਿਚ ਵੱਡੇ ਪੱਧਰ ’ਤੇ ਦਿੱਤਾ ਜਾ ਸਕਦਾ ਹੈ ਅਤੇ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਇਹ ਜ਼ਰੂਰੀ ਹੈ ਕਿ ਹਰ ਨਾਗਰਿਕ ਸਵੱਛਤਾ ਸਬੰਧੀ ਆਪਣਾ ਫਰਜ਼ ਨਿਭਾਏ। ਉਨ੍ਹਾਂ ਆਸ ਪ੍ਰਗਟਾਈ ਕਿ ਆਉਣ ਵਾਲੇ ਸਮੇਂ ਵਿਚ ਸਵੱਛਤਾ ਸਬੰਧੀ ਹੋਰ ਵੀ ਚੰਗੇ ਨਤੀਜੇ ਆਉਣਗੇ।
ਸੰਯੁਕਤ ਕਮਿਸ਼ਨਰ ਨੇ ਕਿਹਾ ਕਿ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਲਾਜ਼ਮੀ ਹੈ ਕਿ ਸਫਾਈ ਵੱਲ ਧਿਆਨ ਦਿੱਤਾ ਜਾਵੇ। ਸੈਰ ਸਪਾਟੇ ਦੇ ਉਤਸ਼ਾਹਿਤ ਹੋਣ ਨਾਲ ਭਾਰਤੀ ਅਰਥਚਾਰੇ ਨੂੰ ਬਹੁਤ ਫਾਇਦਾ ਹੋਵੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਵੱਛ ਭਾਰਤ ਮੁਹਿੰਮ ਤਹਿਤ ਸ਼ੁਰੂ ਕੀਤੀ ਗਈ ਐਪ ‘ਸਵੱਛਤਾ-ਐਮ.ਓ.ਐਚ.ਯੂ.ਏ’ ਨੂੰ ਡਾਊਨਲੋਡ ਜ਼ਰੂਰ ਕਰਨ ਕਿਉਂਕਿ ਇਸ ਐਪ ਜ਼ਰੀਏ ਗੰਦਗੀ ਸਬੰਧੀ ਸ਼ਿਕਾਇਤਾਂ ਦਰਜ ਕਰਵਾਈਆਂ ਜਾ ਸਕਦੀਆਂ ਹਨ। ਇਸ ਮੌਕੇ ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਸਰਬਜੀਤ ਸਿੰਘ ਨੇ ਦੱਸਿਆ ਕਿ ਭਾਰਤ ਵਿਚ ਸਵੱਛ ਸਰਵੇਖਣ ਦੀ ਸ਼ੁਰੂਆਤ 4 ਜਨਵਰੀ ਤੋਂ ਹੋ ਗਈ ਹੈ ਅਤੇ ਛੇਤੀ ਹੀ ਮੋਹਾਲੀ ਲਈ ਇਸ ਸਰਵੇਖਣ ਸਬੰਧੀ ਤਰੀਕ ਦਾ ਐਲਾਨ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਕੌਮੀ ਸਰਵੇਖਣ ਤਹਿਤ ਭਾਰਤ ਸਰਕਾਰ ਦੀਆਂ ਟੀਮਾਂ ਪ੍ਰੀ- ਸਰਵੇਖਣ ਵਿਚ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਅਦਾਰਿਆਂ ਦਾ ਦੌਰਾ ਕਰਨਗੀਆਂ।
ਪ੍ਰੀ-ਸਰਵੇਖਣ ਵਿੱਚ ਹਸਪਤਾਲਾਂ ਦੀ ਸ਼ੇ੍ਰਣੀ ਵਿਚੋਂ ਪਹਿਲਾ ਸਥਾਨ ਹਾਸਿਲ ਕਰਨ ਵਾਲੇ ਏ.ਸੀ.ਈ. ਹਸਪਤਾਲ ਦੇ ਸੀ.ਓ.ਓ. ਡਾ: ਮਨਵੀਰ ਸਿੰਘ ਨੇ ਕਿਹਾ ਕਿ ਹਸਪਤਾਲਾਂ ਸਬੰਧੀ ਸਵੱਛਤਾ ਦੀ ਅਹਿਮੀਅਤ ਬਹੁਤ ਜ਼ਿਆਦਾ ਹੈ, ਜੇਕਰ ਭਾਰਤ ਦੇ ਹਸਪਤਾਲ ਸਫਾਈ ਪੱਖੋਂ ਬਿਹਤਰ ਹੋ ਜਾਂਦੇ ਹਨ ਤਾਂ ਵਿਦੇਸ਼ਾਂ ਵਿਚੋਂ ਵੱਡੀ ਗਿਣਤੀ ਮਰੀਜ਼ ਭਾਰਤ ਵਿਚ ਇਲਾਜ ਕਰਵਾਉਣ ਨੂੰ ਤਰਜੀਹ ਦੇਣਗੇ, ਜਿਸ ਸਦਕਾ ਭਾਰਤ ਦੀ ਅਰਥ ਵਿਵਸਥਾ ਨੂੰ ਬਹੁਤ ਲਾਹਾ ਮਿਲੇਗਾ। ਉਨ੍ਹਾਂ ਕਿਹਾ ਕਿ ਭਾਰਤ ਦੇ ਹਸਪਤਾਲਾਂ ਨੂੰ ਸਫਾਈ ਪੱਖੋਂ ਵਿਕਸਤ ਦੇਸ਼ਾਂ ਦੇ ਹਸਪਤਾਲਾਂ ਤੋਂ ਵੀ ਬਿਹਤਰ ਬਣਾਉਣ ਦੀ ਲੋੜ ਹੈ। ਸਰਟੀਫਿਕੇਟ ਵੰਡਣ ਲਈ ਕਰਵਾਏ ਇਸ ਸਮਾਗਮ ਮੌਕੇ ਨਿਗਮ ਦੇ ਐਕਸੀਅਨ ਨਰਿੰਦਰ ਸਿੰਘ ਦਾਲਮ ਸਮੇਤ ਸਰਟੀਫਿਕੇਟ ਹਾਸਿਲ ਕਰਨ ਵਾਲੇ ਵੱਖ ਵੱਖ ਅਦਾਰਿਆਂ ਦੇ ਨੁਮਾਇੰਦੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In Health / Hospitals

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…