Nabaz-e-punjab.com

ਮੁਹਾਲੀ ਨਗਰ ਨਿਗਮ ਦੀ ਗਊਸ਼ਾਲਾ ਵਿੱਚ ਦੋ ਮਹੀਨਿਆਂ ਵਿੱਚ 279 ਪਸ਼ੂਆਂ ਦੀ ਮੌਤ, ਅਧਿਕਾਰੀਆਂ ਦੀ ਨੀਂਦ ਉੱਡੀ

ਡਿਪਟੀ ਮੇਅਰ ਮਨਜੀਤ ਸੇਠੀ ਨੇ ਗਊਸ਼ਾਲਾ ਦੇ ਪ੍ਰਬੰਧਕਾਂ ਦੀ ਕਾਰਗੁਜ਼ਾਰੀ ’ਤੇ ਚੁੱਕੇ ਕਈ ਸਵਾਲ, ਵਿਜੀਲੈਂਸ ਤੋਂ ਜਾਂਚ ਮੰਗੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਮਾਰਚ:
ਮੁਹਾਲੀ ਨਗਰ ਨਿਗਮ ਦੀ ਇੱਥੋਂ ਦੇ ਸਨਅਤੀ ਏਰੀਆ ਫੇਜ਼-1 ਵਿੱਚ ਸਥਿਤ ਗਊਸ਼ਾਲਾ ਵਿੱਚ ਪਿਛਲੇ ਦੋ ਮਹੀਨਿਆਂ ਵਿੱਚ 279 ਪਸ਼ੂਆਂ ਦੀ ਭੇਤਭਰੀ ਹਾਲਤ ਵਿੱਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਜਨਵਰੀ ਵਿੱਚ 141 ਅਤੇ ਫਰਵਰੀ ਵਿੱਚ 138 ਜਾਨਵਰਾਂ ਦੀ ਮੌਤ ਹੋ ਚੁੱਕੀ ਹੈ। ਸੈਂਕੜੇ ਪਸ਼ੂਆਂ ਦੀ ਮੌਤ ਬਾਰੇ ਪਤਾ ਚੱਲਣ ’ਤੇ ਅਧਿਕਾਰੀਆਂ ਦੀ ਨੀਂਦ ਉੱਡ ਗਈ ਹੈ ਅਤੇ ਕਮੇਟੀ ਮੈਂਬਰ ਵੀ ਇੱਕ ਦੂਜੇ ’ਤੇ ਜ਼ਿੰਮੇਵਾਰੀ ਸੁੱਟ ਰਹੇ ਹਨ।
ਮੁਹਾਲੀ ਨਿਗਮ ਦੇ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਨੇ ਕਿਹਾ ਕਿ ਗਊਸ਼ਾਲਾ ਵਿੱਚ ਵੱਡੀ ਗਿਣਤੀ ’ਚ ਪਸ਼ੂਆਂ ਦੀ ਮੌਤ ਦਾ ਮਾਮਲਾ ਸ਼ੱਕੀ ਜਾਪਦਾ ਹੈ। ਉਨ੍ਹਾਂ ਪਸ਼ੂਆਂ ਨੂੰ ਮ੍ਰਿਤਕ ਦਿਖਾ ਕੇ ਬੱੁਚੜਖ਼ਾਨੇ ਵੇਚਣ ਦਾ ਖਦਸ਼ਾ ਪ੍ਰਗਟ ਕੀਤਾ ਹੈ। ਕਿਉਂਕਿ ਮ੍ਰਿਤਕ ਪਸ਼ੂਆਂ ਦਾ ਪੂਰਾ ਰਿਕਾਰਡ ਦਰੁਸਤ ਨਹੀਂ ਹੈ। ਉਨ੍ਹਾਂ ਨੇ ਗਊਸ਼ਾਲਾ ਦਾ ਸਮੁੱਚਾ ਰਿਕਾਰਡ ਤਲਬ ਕਰਕੇ ਉੱਚ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਪੂਰੇ ਮਾਮਲੇ ਦੀ ਵਿਜੀਲੈਂਸ ਤੋਂ ਜਾਂਚ ਕਰਵਾਈ ਜਾਵੇ ਅਤੇ ਕਸੂਰਵਾਰ ਅਧਿਕਾਰੀਆਂ, ਕਰਮਚਾਰੀਆਂ ਅਤੇ ਐਨਜੀਓ ਦੇ ਨੁਮਾਇੰਦਿਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਡਿਪਟੀ ਮੇਅਰ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ 20 ਜੁਲਾਈ 2017 ਨੂੰ ਗਊਸ਼ਾਲਾ ਦੇ ਰੱਖ ਰਖਾਓ ਦਾ ਕੰਮ ਗੌਰੀ ਸ਼ੰਕਰ ਸੇਵਾ ਦਲ ਦਿੱਤਾ ਸੀ। ਇਸ ਸੰਸਥਾ ਵੱਲੋਂ ਪਸ਼ੂਆਂ ਦੇ ਰਹਿਣ-ਸਹਿਣ, ਖੁਰਾਕ ਅਤੇ ਇਲਾਜ ਦਾ ਪ੍ਰਬੰਧ ਕੀਤਾ ਜਾਂਦਾ ਹੈ। ਗਊਸ਼ਾਲਾ ਵਿੱਚ ਇਸ ਸਮੇਂ ਕਰੀਬ 950 ਪਸ਼ੂ ਹਨ। ਨਗਰ ਨਿਗਮ ਵੱਲੋਂ ਵੀ ਜਿਹੜੇ ਪਸ਼ੂ ਫੜੇ ਜਾਂਦੇ ਹਨ, ਉਨ੍ਹਾਂ ਨੂੰ ਇਸੇ ਗਊਸ਼ਾਲਾ ਵਿੱਚ ਹੀ ਰੱਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਉਕਤ ਸੰਸਥਾ ਵੱਲੋਂ ਆਪਣੀ ਜ਼ਿੰਮੇਵਾਰੀ ਠੀਕ ਢੰਗ ਨਾਲ ਨਹੀਂ ਨਿਭਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਗਊਸ਼ਾਲਾ ਵਿੱਚ 785 ਤੋਂ ਵੱਧ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ।
ਗੌਰੀ ਸ਼ੰਕਰ ਸੇਵਾ ਦਲ ਦੇ ਪ੍ਰਧਾਨ ਰਮੇਸ਼ ਸ਼ਰਮਾ ਨੇ ਕਿਹਾ ਕਿ ਗਊਸ਼ਾਲਾ ਵਿੱਚ ਆਮ ਤੌਰ ’ਤੇ ਇੰਨੇ ਜਾਨਵਰਾਂ ਦੀ ਮੌਤ ਨਹੀਂ ਹੁੰਦੀ, ਜਿੰਨੀ ਜਨਵਰੀ ਅਤੇ ਫਰਵਰੀ ਮਹੀਨੇ ਵਿੱਚ ਹੋਈ ਹੈ। ਉਨ੍ਹਾਂ ਦੱਸਿਆ ਕਿ ਗਰ ਨਿਗਮ ਵੱਲੋਂ ਸ਼ਹਿਰ ’ਚੋਂ ਫੜ ਕੇ ਗਊਸ਼ਾਲਾ ਵਿੱਚ ਭੇਜੇ ਗਏ ਜ਼ਿਆਦਾਤਰ ਪਸ਼ੂ ਮੂੰਹ ਖੂਰ ਦੀ ਬਿਮਾਰ ਤੋਂ ਪੀੜਤ ਸਨ। ਇਹ ਗੱਲ ਉਨ੍ਹਾਂ ਨੇ ਅਸਿਸਟੈਂਟ ਕਮਿਸ਼ਨਰ ਦੇ ਧਿਆਨ ਵਿੱਚ ਵੀ ਲਿਆਂਦੀ ਸੀ। ਜ਼ਿਆਦਾਤਰ ਪਸ਼ੂਆਂ ਦੀ ਮੌਤ ਬਿਮਾਰੀ ਕਾਰਨ ਹੀ ਹੋਈ ਹੈ, ਕਿਉਂਕਿ ਇਹ ਛੂਤ ਦੀ ਬੀਮਾਰੀ ਅਤੇ ਜਲਦੀ ਹੀ ਨਾਲ ਖੜੇ ਪਸ਼ੂਆਂ ਨੂੰ ਲੱਗ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਪਸ਼ੂਆਂ ਦਾ ਸਰਕਾਰੀ ਡਾਕਟਰ ਤੋਂ ਪੋਸਟ ਮਾਰਟਮ ਕਰਵਾਇਆ ਜਾਂਦਾ ਹੈ ਅਤੇ ਬਾਅਦ ਵਿੱਚ ਹੱਡਾਰੋੜੀ ਦਾ ਠੇਕੇਦਾਰ ਮ੍ਰਿਤਕ ਜਾਨਵਰ ਚੁੱਕ ਕੇ ਲੈ ਜਾਂਦਾ ਹੈ। ਹੱਡਾ-ਰੋੜੀ ਦੇ ਠੇਕੇਦਾਰ ਮੱਲੀ ਨੇ ਕਿਹਾ ਕਿ ਪਿਛਲੇ ਮਹੀਨੇ ਗਊਸ਼ਾਲਾ ਵਿੱਚ ਵੱਡੀ ਗਿਣਤੀ ਜਾਨਵਰਾਂ ਦੀ ਮੌਤ ਹੋਈ ਸੀ।
(ਬਾਕਸ ਆਈਟਮ)
ਗਊਸ਼ਾਲਾ ਵਿੱਚ ਰੋਜ਼ਾਨਾ ਦੋ ਘੰਟੇ ਪਸ਼ੂਆਂ ਦਾ ਚੈੱਕਅਪ ਕਰਨ ਆਉਂਦੇ ਸਰਕਾਰੀ ਵੈਟਰਨਰੀ ਡਾਕਟਰ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਸਾਰੇ ਮ੍ਰਿਤਕ ਪਸ਼ੂਆਂ ਦਾ ਪੋਸਟ ਮਾਰਟਮ ਨਹੀਂ ਕੀਤਾ ਗਿਆ ਹੈ ਪ੍ਰੰਤੂ ਜਿੰਨੇ ਵੀ ਜਾਨਵਰਾਂ ਦਾ ਪੋਸਟ ਮਾਰਟਮ ਕੀਤਾ ਗਿਆ ਹੈ। ਉਨ੍ਹਾਂ ’ਚੋਂ ਜ਼ਿਅਦਾਤਰ ਮ੍ਰਿਤਕ ਪਸ਼ੂਆਂ ਦੇ ਪੇਟ ’ਚੋਂ ਵੱਡੀ ਮਾਤਰਾ ਵਿੱਚ ਪੌਲੀਥੀਨ ਦੇ ਲਿਫ਼ਾਫ਼ੇ ਨਿਕਲੇ ਹਨ ਅਤੇ ਇੱਕ ਪਸ਼ੂ ਦੇ ਪੇਟ ’ਚੋਂ ਬਲੇਟ ਵੀ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਮੂੰਹ ਖੂਰ ਦੀ ਬੀਮਾਰੀ ਨਾਲ ਘੱਟ ਹੀ ਪਸ਼ੂ ਮਰੇ ਹਨ।
(ਬਾਕਸ ਆਈਟਮ)
ਮੇਅਰ ਕੁਲਵੰਤ ਸਿੰਘ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਨਗਰ ਨਿਗਮ ਦੇ ਕਮਿਸ਼ਨਰ ਤੋਂ ਰਿਪੋਰਟ ਤਲਬ ਕੀਤੀ ਗਈ ਹੈ। ਮੇਅਰ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸੇਯੋਗ ਵਸੀਲਿਆਂ ਤੋਂ ਪਤਾ ਲੱਗਾ ਹੈ ਕਿ ਗਊਸ਼ਾਲਾ ’ਚੋਂ ਰੋਜ਼ਾਨਾ ਕਾਫੀ ਗਿਣਤੀ ਵਿੱਚ ਪਸ਼ੂ ਘੱਟ ਰਹੇ ਹਨ। ਇਹ ਵੀ ਪਤਾ ਲੱਗਾ ਹੈ ਕਿ ਵੱਡੀ ਗਿਣਤੀ ਵਿੱਚ ਗਊਆਂ ਮਰ ਵੀ ਰਹੀਆਂ ਹਨ। ਇਹ ਕਾਫੀ ਗੰਭੀਰ ਮਾਮਲਾ ਹੈ। ਉਨ੍ਹਾਂ ਕਮਿਸ਼ਨਰ ਤੋਂ ਪੁੱਛਿਆ ਹੈ ਕਿ ਪਸ਼ੂਆਂ ਦੀ ਮੌਤ ਦੇ ਕਾਰਨਾਂ ਅਤੇ ਮਰਨ ਉਪਰੰਤ ਪਸ਼ੂਆਂ ਨੂੰ ਕਿੱਥੇ ਦਫਨਾਇਆ ਜਾਂਦਾ ਹੈ, ਬਾਰੇ ਹਫ਼ਤੇ ਦੇ ਅੰਦਰ ਅੰਦਰ ਵਿਸਥਾਰ ਰਿਪੋਰਟ ਦਿੱਤੀ ਜਾਵੇ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…