
ਮੁਹਾਲੀ ਨਗਰ ਨਿਗਮ ਵੱਲੋਂ 33 ਕਰੋੜ ਦੇ ਵਰਕ ਆਰਡਰ ਜਾਰੀ, 15 ਕਰੋੜ ਦੇ ਨਵੇਂ ਕੰਮ ਪਾਸ
ਮੇਅਰ ਜੀਤੀ ਸਿੱਧੂ ਵੱਲੋਂ ਸ਼ਹਿਰ ਦੇ ਸਾਰੇ ਵਾਰਡਾਂ ਵਿੱਚ ਬਿਨਾਂ ਪੱਖਪਾਤ ਤੋਂ ਵਿਕਾਸ ਕਰਵਾਉਣ ਦਾ ਦਾਅਵਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਫਰਵਰੀ:
ਮੁਹਾਲੀ ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਅੱਜ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ 33 ਕਰੋੜ ਰੁਪਏ ਦੇ ਵਰਕ ਆਰਡਰ ਜਾਰੀ ਕੀਤੇ ਗਏ ਅਤੇ ਸ਼ਹਿਰ ਵਿੱਚ ਕੀਤੇ ਜਾਣ ਵਾਲੇ ਹੋਰ ਵੱਖ-ਵੱਖ ਵਿਕਾਸ ਕਾਰਜਾਂ ਲਈ 15 ਕਰੋੜ ਪਾਸ ਕੀਤੇ ਗਏ। ਜਿਨ੍ਹਾਂ ਵਿੱਚ ਵੱਖ-ਵੱਖ ਮਾਰਕੀਟਾਂ ’ਚ ਪਬਲਿਕ ਪਖਾਨਿਆਂ ਦੇ ਰੱਖ ਰਖਾਓ, ਜਨ ਸਿਹਤ ਵਿਭਾਗ ਤੇ ਸੀਵਰੇਜ, ਪਾਰਕਾਂ ਨੂੰ ਵਿਕਸਤ ਕਰਨ, ਫੁੱਟਪਾਥਾਂ ਦੀ ਮੁਰੰਮਤ ਅਤੇ ਕਰਬ ਚੈਨਲਾਂ ਦੀ ਮੁਰੰਮਤ ਦੇ ਕੰਮ ਸ਼ਾਮਲ ਹਨ।
ਮੇਅਰ ਜੀਤੀ ਸਿੱਧੂ ਨੇ ਦੱਸਿਆ ਕਿ ਰੋਡ ਸੇਫ਼ਟੀ ਦੇ ਕੰਮ, ਨਗਰ ਨਿਗਮ ਦੀ ਇਮਾਰਤ ਦੇ ਰੱਖ-ਰਖਾਓ, ਫੇਜ਼-2, ਫੇਜ਼-3ਏ ਤੇ ਫੇਜ਼-3ਬੀ1 ਵਿੱਚ ਖੇਡ ਗਰਾਉਂਡ ਬਣਾਉਣ ਸਮੇਤ ਵੱਖ-ਵੱਖ ਵਾਰਡਾਂ ਵਿੱਚ ਪੇਵਰ ਬਲਾਕ ਲਗਾਉਣ, ਰਿਹਾਇਸ਼ੀ ਇਲਾਕਿਆਂ ਵਿੱਚ ਲੋੜ ਅਨੁਸਾਰ ਸੀਵਰੇਜ ਤੇ ਸਟਾਰਮ ਲਾਈਨਾਂ ਨੂੰ ਬਦਲਣ ਅਤੇ ਨਵੀਆਂ ਰੋਡ ਗਲੀਆਂ ਬਣਾਉਣ, ਮੁੱਖ ਸੜਕਾਂ ਦੀਆਂ ਬਰਮਾਂ ਅਤੇ ਸੁੰਦਰੀਕਰਨ, ਸੜਕਾਂ ਬਣਾਉਣ, ਵੱਖ-ਵੱਖ ਵਾਰਡਾਂ ਵਿੱਚ ਸਾਈਨ ਬੋਰਡ ਲਗਾਉਣ, ਜ਼ੋਨ ਨੰਬਰ-2 ਵਿੱਚ ਪੈਚਵਰਕ ਲਗਾਉਣ, ਫੌਗਿੰਗ ਮਸ਼ੀਨ ਖ਼ਰੀਦਣ, ਸ਼ਹਿਰ ਦੀਆਂ ‘ਏ’ ਅਤੇ ‘ਬੀ’ ਸੜਕਾਂ ਦੀ ਮਸ਼ੀਨੀ ਸਫ਼ਾਈ ਅਤੇ ਮੈਨੂਅਲ ਸਫ਼ਾਈ, ਟਰੈਫ਼ਿਕ ਸਿਗਨਲ ਲਈ ਬੈਟਰੀ-ਬੈਂਕ ਦੀ ਖ਼ਰੀਦ, ਪਿੰਡ ਮਦਨਪੁਰ ਵਿੱਚ ਪਾਰਕ ਨੂੰ ਸੈਰਗਾਹ ਵਜੋਂ ਵਿਕਸਤ ਕਰਨ, ਸੜਕਾਂ ’ਤੇ ਪ੍ਰੀਮਿਕਸ ਪਾਉਣ, ਐਨ ਚੋਅ ਦੀ ਸਫ਼ਾਈ, ਟਿੱਪਰ ਡੰਪਰ ਦੀ ਖ਼ਰੀਦ ਸਮੇਤ ਹੋਰ ਕਈ ਵੱਡੇ ਕੰਮ ਕੀਤੇ ਜਾਣਗੇ।
ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਮੁਹਾਲੀ ਵਿੱਚ ਲੋੜ ਅਨੁਸਾਰ ਵਿਕਾਸ ਕਾਰਜ ਜਾਰੀ ਹਨ ਅਤੇ ਉਹ ਖ਼ੁਦ ਸਮੇਂ ਸਮੇਂ ਸਿਰ ਵਿਕਾਸ ਕੰਮਾਂ ਦੀ ਨਜ਼ਰਸਾਨੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਰੇ ਵਿਕਾਸ ਕੰਮ ਮਿੱਥੇ ਸਮੇਂ ਵਿੱਚ ਮੁਕੰਮਲ ਕੀਤੇ ਜਾਣਗੇ ਅਤੇ ਸ਼ਹਿਰ ਵਾਸੀਆਂ ਨੂੰ ਪਹਿਲ ਦੇ ਆਧਾਰ ’ਤੇ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਮੀਟਿੰਗ ਵਿੱਚ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕਮਿਸ਼ਨਰ ਨਵਜੋਤ ਕੌਰ, ਸੰਯੁਕਤ ਕਮਿਸ਼ਨਰ ਕਿਰਨ ਸ਼ਰਮਾ, ਐਸਈ ਨਰੇਸ਼ ਬੱਤਾ, ਕੌਂਸਲਰ ਜਸਬੀਰ ਸਿੰਘ ਮਣਕੂ ਤੇ ਅਨੁਰਾਧਾ ਅਨੰਦ ਸਮੇਤ ਸਮੂਹ ਐਕਸੀਅਨ ਤੇ ਐਸਡੀਓਜ਼ ਮੌਜੂਦ ਸਨ।