ਮੁਹਾਲੀ ਨਗਰ ਨਿਗਮ ਵੱਲੋਂ 7 ਕਰੋੜ 60 ਲੱਖ ਦੇ ਵਿਕਾਸ ਕੰਮਾਂ ਦੇ ਵਰਕ ਆਰਡਰ ਜਾਰੀ
ਤਿੰਨ ਕਰੋੜ 62 ਲੱਖ ਦੇ ਨਵੇਂ ਵਿਕਾਸ ਕੰਮਾਂ ਦੇ ਐਸਟੀਮੇਟ ਵੀ ਕੀਤੇ ਪਾਸ
ਸੈਨੀਟੇਸ਼ਨ ਵਿਭਾਗ ਨਾਲ ਵੱਖਰੀ ਮੀਟਿੰਗ: ਸਨਅਤੀ ਖੇਤਰ ਫੇਜ਼-8ਬੀ ਵਿੱਚ ਸਫ਼ਾਈ ਵਿਵਸਥਾ ਯਕੀਨੀ ਬਣਾਉਣ ਦੇ ਹੁਕਮ
ਵਿਕਾਸ ਕੰਮਾਂ ਵਿੱਚ ਕੁਆਲਿਟੀ ਨਾਲ ਸਮਝੌਤਾ ਤੇ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ: ਮੇਅਰ ਜੀਤੀ ਸਿੱਧੂ
ਨਬਜ਼-ਏ-ਪੰਜਾਬ, ਮੁਹਾਲੀ, 16 ਜਨਵਰੀ:
ਮੁਹਾਲੀ ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ 7 ਕਰੋੜ 60 ਲੱਖ ਰੁਪਏ ਦੇ ਪਹਿਲਾਂ ਪਾਸ ਕੀਤੇ ਵਿਕਾਸ ਕੰਮਾਂ ਦੇ ਵਰਕ ਆਰਡਰ ਦਿੱਤੇ ਗਏ ਜਦੋਂਕਿ 3 ਕਰੋੜ 62 ਲੱਖ ਰੁਪਏ ਦੇ ਨਵੇਂ ਐਸਟੀਮੇਟ ਪਾਸ ਕੀਤੇ ਗਏ। ਮੀਟਿੰਗ ਵਿੱਚ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਨਿਗਮ ਕਮਿਸ਼ਨਰ ਟੀ ਬੈਨਿਥ, ਅਸਿਸਟੈਂਟ ਕਮਿਸ਼ਨਰ ਰਣਜੀਵ ਕੁਮਾਰ, ਕੌਂਸਲਰ ਜਸਬੀਰ ਸਿੰਘ ਮਣਕੂ ਤੇ ਅਨੁਰਾਧਾ ਅਨੰਦ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਮੇਅਰ ਜੀਤੀ ਸਿੱਧੂ ਨੇ ਦੱਸਿਆ ਕਿ ਉਪਰੋਕਤ ਫੰਡਾਂ ਨਾਲ ਸੈਕਟਰ-74, 90-91 ਵਿੱਚ ਨਵੇਂ ਟਰੈਫ਼ਿਕ ਸਿਗਨਲ ਲਗਾਉਣ, ਸ਼ਮਸ਼ਾਨਘਾਟ ਲਈ ਇੱਕ ਹੋਰ ਫਿਊਨਰਲ ਵੈਨ ਖ਼ਰੀਦਣ, ਲਾਇਬੇ੍ਰਰੀਆਂ ਐਨਜੀਓਜ਼ ਦੇ ਹਵਾਲੇ ਕਰਨ, ਬਾਵਾ ਵਾਈਟ ਹਾਊਸ ਤੋਂ ਜਗਤਪੁਰਾ ਐਂਟਰੀ ਤੱਕ ਗਰੀਨ ਬੈਲਟਾਂ ਦੀ ਸਾਂਭ-ਸੰਭਾਲ, ਸਿਲਵੀ ਪਾਰਕ ਵਿੱਚ ਯੋਗਾ ਸ਼ੈੱਡ ਬਣਾਉਣ, ਡੰਪਿੰਗ ਪੁਆਇੰਟ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਦੇ ਕੰਮ, ਮਿੰਨੀ ਮਾਰਕੀਟ ਫੇਜ਼-10 ਵਿੱਚ ਸ਼ੈੱਡ ਦੀ ਉਸਾਰੀ, ਜਗਤਪੁਰਾ ਡੰਪਿੰਗ ਪੁਆਇੰਟ ਲਈ ਸ਼ੈੱਡ ਦੀ ਉਸਾਰੀ ਕਾਰਜ ਕੀਤੇ ਜਾਣਗੇ।
ਇਸ ਉਪਰੰਤ ਮੇਅਰ ਜੀਤੀ ਸਿੱਧੂ ਨੇ ਸੈਨੀਟੇਸ਼ਨ ਵਿਭਾਗ ਨਾਲ ਵੱਖਰੀ ਮੀਟਿੰਗ ਕੀਤੀ ਅਤੇ ਮਕੈਨੀਕਲ ਸਵੀਪਿੰਗ ਦੇ ਠੇਕੇਦਾਰ ਨੂੰ ਮੀਟਿੰਗ ਵਿੱਚ ਸੱਦ ਕੇ ਜ਼ਰੂਰੀ ਹਦਾਇਤਾਂ ਦਿੱਤੀਆਂ। ਠੇਕੇਦਾਰ ਨੂੰ ਮੁੱਖ ਸੜਕਾਂ ’ਤੇ ਵਾਲ ਟੂ ਵਾਲ ਮਕੈਨੀਕਲ ਸਫ਼ਾਈ ਕਰਨ ਸਮੇਤ ਇੰਡਸਟਰੀ ਏਰੀਆ ਫੇਜ਼-8ਬੀ ਵਿੱਚ ਸਫ਼ਾਈ ਵਿਵਸਥਾ ਨੂੰ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ। ਠੇਕੇਦਾਰ ਦੇ ਨੁਮਾਇੰਦੇ ਨੇ ਮੇਅਰ ਨੂੰ ਭਰੋਸਾ ਦਿੱਤਾ ਕਿ ਸਫ਼ਾਈ ਕਾਰਜ ਫੌਰੀ ਆਰੰਭ ਕਰਵਾ ਦਿੱਤੇ ਜਾਣਗੇ। ਮੇਅਰ ਨੇ ਨਿਗਮ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਿਕਾਸ ਕੰਮਾਂ ਦੀ ਖ਼ੁਦ ਨਜ਼ਰਸਾਨੀ ਕੀਤੀ ਤੇ ਕੁਆਲਿਟੀ ਵਿੱਚ ਕਿਸੇ ਕਿਸਮ ਦੀ ਕੋਤਾਹੀ ਅਤੇ ਢਿੱਲਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ।