ਮੁਹਾਲੀ ਨਗਰ ਨਿਗਮ ਵੱਲੋਂ ਫਲੈਸ਼ਮੋਬ ਨਾਲ ਸਵੱਛਤਾ ਲੀਗ ਸੀਜ਼ਨ-2 ਦੀ ਸ਼ੁਰੂਆਤ

ਨਬਜ਼-ਏ-ਪੰਜਾਬ, ਮੁਹਾਲੀ, 17 ਸਤੰਬਰ:
ਮੁਹਾਲੀ ਨਗਰ ਨਿਗਮ ਵੱਲੋਂ ਕਮਿਸ਼ਨਰ ਨਵਜੋਤ ਕੌਰ ਦੀ ਅਗਵਾਈ ਹੇਠ ਸ਼ਹਿਰ ਦੇ ਨਾਗਰਿਕਾਂ ਨੂੰ ਵੱਖ-ਵੱਖ ਸਫ਼ਾਈ ਗਤੀਵਿਧੀਆ ਵਿੱਚ ਸ਼ਾਮਲ ਕਰਕੇ, ਸਵੱਛ ਅਤੇ ਸਿਹਤਮੰਦ ਵਾਤਾਵਰਨ ਸਿਰਜਣ ਦੇ ਉਦੇਸ਼ ਨਾਲ ਇੰਡੀਅਨ ਸਵਛੱਤਾ ਲੀਗ ਸੀਜ਼ਨ-2 ਅਤੇ ਤੰਦਰੁਸਤ ਪੰਜਾਬ ਤਹਿਤ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ। ਇਸ ਮੁਹਿੰਮ ਤਹਿਤ ਨਗਰ ਨਿਗਮ ਨੇ ਸਵੱਛਤਾ ਲੀਗ ਸੀਜ਼ਨ-2 ਦੌਰਾਨ ਸੈਕਟਰ-67 ਦੇ ਸੀਪੀ-67 ਮਾਲ ਵਿੱਚ ਫਲੈਸ਼ਮੋਬ ਦੀ ਮੇਜ਼ਬਾਨੀ ਕੀਤੀ, ਜੋ 15 ਸਤੰਬਰ ਤੋਂ ਲੈ ਕੇ 2 ਅਕਤੂਬਰ ਤੱਕ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਦਾ ਹਿੱਸਾ ਹੈ। ਜਿਸ ਵਿੱਚ ਗਿਆਨ ਜੋਤੀ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਅਤੇ ਰਿਆਤ ਬਾਹਰਾ ਯੂਨੀਵਰਸਿਟੀ ਦੇ 300 ਤੋਂ ਵੱਧ ਵਿਦਿਆਰਥੀਆਂ ਵੱਲੋਂ ਬਹੁਤ ਹੀ ਵਧੀਆ ਢੰਗ ਦੇ ਨਾਲ ਫਲੈਸ਼ਮੋਬ ਰਾਹੀਂ ਮੋਹਾਲੀ ਵਾਸੀਆਂ ਨੂੰ ਸਾਫ਼-ਸਫ਼ਾਈ ਰੱਖਣ ਦਾ ਸੁਨੇਹਾ ਦਿੱਤਾ ਗਿਆ। ਇਸ ਮੌਕੇ ਤੇ ਮਾਲ ਵਿੱਚ ਮੌਜੂਦ ਲੋਕਾਂ ਵਿੱਚ ਉਤਸ਼ਾਹ ਦੇਖਣ ਵਾਲਾ ਸੀ। ਸ਼ਹਿਰ ਵਾਸੀਆਂ ਨੇ ਨਗਰ ਨਿਗਮ ਵੱਲੋਂ ਇਸ ਨਿਵੇਕਲੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।
ਇਸ ਮੁਹਿੰਮ ਵਿੱਚ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ, ਮਾਰਕੀਟ ਵੈਲਫੇਅਰ ਐਸੋਸੀਏਸ਼ਨ, ਸਮੂਹ ਕੌਂਸਲਰਾਂ ਅਤੇ ਐਨਜੀਓਜ਼ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਨੇ ਫਲੈਸ਼ਮੋਬ ਰਾਹੀਂ 15 ਦਿਨਾਂ ਦੀ ਗਤਿਵਿਧੀ ਮੁਹਿੰਮ ਦੀ ਸ਼ੁਰੂਆਤ ਕੀਤੀ। ਨਗਰ ਨਿਗਮ ਦੀ ਈਕੋ ਵਾਰਿਅਰ ਦੀ ਟੀਮ ਲੀਡਰ ਮਿਸ ਗੁਰਸਿਮਰਨ ਕੌਰ ਅਤੇ ਟੀਮ ਅੰਬੈਸਡਰ ਆਯੂਸ਼ ਗਰਗ ਨੇ ਸਮਾਗਮ ਦੀ ਅਗਵਾਈ ਕੀਤੀ।
ਸੰਯੁਕਤ ਕਮਿਸ਼ਰਰ ਸ੍ਰੀਮਤੀ ਕਿਰਨ ਸ਼ਰਮਾ ਨੇ ਸਵੱਛਤਾ ਪੰਦਰਵਾੜਾ-2023 ਦੀ ਪਹਿਲਕਦਮੀ ਅਤੇ ਇੰਡੀਅਨ ਸਵੱਛਤਾ ਲੀਗ ਲਈ ਖ਼ੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਸਵੱਛਤਾ ਪੰਦਰਵਾੜਾ-2023 ਇੱਕ ਸਵੱਛ ਅਤੇ ਸਿਹਤਮੰਦ ਵਾਤਾਵਰਨ ਬਣਾਉਣ ਲਈ ਇਕ ਮਹੱਤਵਪੂਰਨ ਕਦਮ ਹੈ। ਇਸ ਮੌਕੇ ਸੀਪੀ ਮਾਲ ਦੇ ਪ੍ਰਬੰਧਕਾਂ ਵੱਲੋਂ ਨਗਰ ਨਿਗਮ ਦੇ ਅਫ਼ਸਰਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸੰਯੁਕਤ ਕਮਿਸ਼ਨਰ ਵੱਲੋਂ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸੀਪੀ ਮਾਲ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸਵੱਛਤਾ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਹਿਸਾ ਲੈਣ ਅਤੇ ਆਪਣੇ ਮੁਹਾਲੀ ਨੂੰ ਪੂਰੇ ਦੇਸ਼ ਵਿੱਚ ਇਕ ਉਦਾਹਰਨ ਬਣਾਉਣ ਲਈ ਵਚਨਵੱਧਤਾ ਪ੍ਰਗਟਾਉਣ, ਜਿਸ ਦਾ ਅਸਰ ਸਾਡੇ ਵਾਤਾਵਰਨ ਤੇ ਸੁਚਾਰੂ ਢੰਗ ਨਾਲ ਪਵੇਗਾ ਅਤੇ ਸਾਡਾ ਸ਼ਹਿਰ ਸਾਡੇ ਦੇਸ਼ ਦੇ ਵਿਕਾਸ ਵਿੱਚ ਭਾਗੀਦਾਰ ਬਣੇਗਾ।
ਸਹਾਇਕ ਕਮਿਸ਼ਨਰ ਮਨਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਪਿਛਲੇ ਵਰ੍ਹੇ ਦੀ ਇੰਡੀਅਨ ਸਵੱਛਤਾ ਲੀਗ ਦੇ ਪਹਿਲੇ ਸੀਜ਼ਨ ਵਿੱਚ ਨਗਰ ਨਿਗਮ, ਮੋਹਾਲੀ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਸੀ ਅਤੇ ਨਗਰ ਨਿਗਮ ਨੂੰ ਦਿੱਲੀ ਵਿੱਚ ਇਸ ਸਵੱਛਤਾ ਲੀਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ ਗਿਆ ਸੀ। ਇਸ ਲਈ ਸਵੱਛਤਾ ਲੀਗ ਦੇ ਸੀਜ਼ਨ-02 ਵਿੱਚ ਨਗਰ ਨਿਗਮ ਅਤੇ ਸ਼ਹਿਰ ਵਾਸੀਆ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ ਤਾਂ ਜੋ ਸਵੱਛਤਾ ਲੀਗ ਸੀਜ਼ਨ-02 ਵਿੱਚ ਵੀ ਵਧੀਆ ਪ੍ਰਦਰਸ਼ਨ ਕੀਤਾ ਜਾ ਸਕੇ।
ਇਸ ਮੌਕੇ ਨਗਰ ਨਿਗਮ ਦੇ ਸਕੱਤਰ ਰੰਜੀਵ ਕੁਮਾਰ, ਸੁਪਰਡੈਂਟ ਅਵਤਾਰ ਸਿੰਘ ਕਲਸੀਆ ਅਤੇ ਸੀਐਸਆਈ ਸਰਬਜੀਤ ਸਿੰਘ, ਐਸਆਈ ਹਰਮਿੰਦਰ ਸਿੰਘ ਦੇ ਨਾਲ ਸਮੂਹ ਸੈਨੀਟੇਸ਼ਨ ਸ਼ਾਖਾ ਤੇ ਸਵੱਛ ਭਾਰਤ ਕੋਆਰਡੀਨੇਟਰ ਵੰਦਨਾ ਸੁਖੀਜਾ, ਜੀਜੀਐਫ਼ ਮਿਸ ਨੇਹਾ, ਡਾ. ਵਰਿੰਦਰ, ਸ੍ਰੀਮਤੀ ਆਰਜੂ ਤੰਵਰ ਅਤੇ ਵਿਸ਼ੇਸ਼ ਤੌਰ ’ਤੇ ਸਵੱਛ ਭਾਰਤ ਦੇ ਬਰੈਂਡ ਅੰਬੈਸਡਰ ਰਾਵੀ ਬੱਲ (ਸਵੱਛਤਾ ਗੀਤ ‘ਚਰਚੇ ਮੁਹਾਲੀ ਸ਼ਹਿਰ ਦੇ’ ਦੇ ਸੰਗੀਤਕਾਰ ਅਤੇ ਗਾਇਕ ਵੀ) ਵੀ ਸ਼ਾਮਲ ਹੋਏ।
ਕਮਿਸ਼ਨਰ ਨਵਜੋਤ ਕੌਰ ਨੇ ਕਿਹਾ ਕਿ ਇਹ ਸਮਾਗਮ ਮੁਹਾਲੀ ਨਗਰ ਨਿਗਮ ਦੀ ਵਾਤਾਵਰਨ ਦੀ ਸੰਭਾਲ ਲਈ ਸਾਰੇ ਸ਼ਹਿਰ ਵਾਸੀਆਂ ਨੂੰ ਇਕੱਠੇ ਕਰਨ ਦੀ ਵਚਨਬੱਧਤਾ ਦੀ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਆਪਣਾ ਸਹਿਯੋਗ ਦੇਣ ਲਈ QR ਕੋਡ ਨੂੰ ਸਕੈਨ ਕਰ ਸਕਦਾ ਹੈ ਜਾਂ ਸ਼ਹਿਰ ਦੀ ਟੀਮ ਲਈ ਅਧਿਕਾਰਤ My 7ov ਐਪ ਤੋਂ ਰਜਿਸਟਰ ਹੋ ਸਕਦਾ ਹੈ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …