ਮੁਹਾਲੀ ਨਗਰ ਨਿਗਮ: ਮੇਅਰ ਕੁਲਵੰਤ ਸਿੰਘ ਨੂੰ 5 ਦੀ ਥਾਂ ਸਾਢੇ 4 ਸਾਲ ਹੀ ਮਿਲੇ

ਕਰੋਨਾ ਦੇ ਚੱਲਦਿਆਂ ਕਰਫਿਊ ਕਾਰਨ ਨਗਰ ਨਿਗਮ ਚੋਣਾਂ ਲੜਨ ਦੇ ਚਾਹਵਾਨਾਂ ਦਾ ਜੋਸ਼ ਠੰਡਾ ਪਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਅਪਰੈਲ:
ਮੁਹਾਲੀ ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ ਅਤੇ ਸੀਨੀਅਰ ਡਿਪਟੀ ਮੇਅਰ ਰਿਸਵ ਜੈਨ ਤੇ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਸਮੇਤ ਸ਼ਹਿਰ ਦੇ 50 ਕੌਂਸਲਰਾਂ ਦਾ ਕਾਰਜਕਾਲ ਐਤਵਾਰ ਨੂੰ ਖ਼ਤਮ ਹੋ ਗਿਆ ਹੈ। ਕਰੋਨਾਵਾਇਰਸ ਦੇ ਚੱਲਦਿਆਂ ਕਰਫਿਊ ਲੱਗਣ ਕਾਰਨ ਨਗਰ ਨਿਗਮ ਦੀਆਂ ਚੋਣਾਂ ਲੜਨ ਦੇ ਚਾਹਵਾਨ ਵਿਅਕਤੀਆਂ ਦਾ ਜੋਸ਼ ਠੰਡਾ ਪੈ ਗਿਆ ਹੈ। ਉਂਜ ਕਰਫਿਊ ਦੌਰਾਨ ਖਾਣਾ ਅਤੇ ਰਾਸ਼ਨ ਵੰਡਣ ਮੌਕੇ ਆਗੂਆਂ ਵੱਲੋਂ ਵੋਟਰਾਂ ਨੂੰ ਲੁਭਾਉਣ ਦਾ ਪੂਰਾ ਯਤਨ ਕੀਤਾ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਫਰਵਰੀ 2015 ਵਿੱਚ ਮੁਹਾਲੀ ਨਗਰ ਨਿਗਮ ਦੀ ਚੋਣ ਹੋਈ ਸੀ ਅਤੇ ਨਵੇਂ ਚੁਣੇ ਗਏ ਕੌਂਸਲਰਾਂ ਨੇ 27 ਅਪਰੈਲ ਨੂੰ ਸਹੁੰ ਚੁੱਕੀ ਗਈ ਸੀ। ਹਾਲਾਂਕਿ ਇਹ ਚੋਣ ਪੂਰੇ ਪੰਜ ਸਾਲਾਂ ਲਈ ਸੀ ਪ੍ਰੰਤੂ ਮੇਅਰ ਨੂੰ ਕੰਮ ਕਰਨ ਲਈ ਲਗਭਗ ਸਾਢੇ 4 ਸਾਲ ਹੀ ਮਿਲੇ ਹਨ। ਕਿਉਂਕਿ ਪੰਜਾਬ ਸਰਕਾਰ ਨੇ ਮੁਹਾਲੀ ਦੇ ਮੇਅਰ ਦੀ ਚੇਅਰ ਅੌਰਤਾਂ ਲਈ ਰਾਖਵੀਂ ਕੀਤੀ ਗਈ ਸੀ। ਜਿਸ ਦੇ ਖ਼ਿਲਾਫ਼ ਕੁਝ ਕੌਂਸਲਰਾਂ ਨੇ ਹਾਈ ਕੋਰਟ ਦਾ ਬੂਹਾ ਖੜਕਾਉਂਦਿਆਂ ਸੂਬਾ ਸਰਕਾਰ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਸੀ। ਉੱਚ ਅਦਾਲਤ ਨੇ ਵੱਖ-ਵੱਖ ਪਹਿਲੂਆਂ ’ਤੇ ਗੌਰ ਕਰਦਿਆਂ ਮੇਅਰ ਦੀ ਚੇਅਰ ਅੌਰਤਾਂ ਲਈ ਰਾਖਵੀਂ ਕਰਨ ਲਈ ਜਾਰੀ ਨੋਟੀਫ਼ਿਕੇਸ਼ਨ ਨੂੰ ਰੱਦ ਕਰ ਦਿੱਤਾ ਸੀ।
ਇਸ ਤਰ੍ਹਾਂ ਹਾਈ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ 28 ਅਗਸਤ 2015 ਨੂੰ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਹੋਈ ਸੀ ਅਤੇ ਉਨ੍ਹਾਂ ਨੇ 31 ਅਗਸਤ ਨੂੰ ਆਪੋ ਆਪਣੇ ਅਹੁਦਿਆਂ ਦਾ ਚਾਰਜ ਸੰਭਾਲਿਆ ਸੀ। ਕੁਲਵੰਤ ਸਿੰਘ ਦੇ ਧੜੇ ਨੇ ਆਜ਼ਾਦ ਚੋਣ ਲੜੀ ਸੀ ਪ੍ਰੰਤੂ ਚੋਣ ਤੋਂ ਬਾਅਦ ਕਾਂਗਰਸ ਨਾਲ ਹੱਥ ਮਿਲਾ ਕੇ ਮੇਅਰ ਦੀ ਕੁਰਸੀ ’ਤੇ ਕਾਬਜ਼ ਹੋਏ ਸੀ। ਇੱਥੇ ਬੜੀ ਹੈਰਾਨੀ ਵਾਲੀ ਗੱਲ ਇਹ ਹੈ ਮੇਅਰ ਦੀ ਚੋਣ ਵੇਲੇ ਉਨ੍ਹਾਂ ਦਾ ਵਿਰੋਧ ਕਰਨ ਵਾਲੇ ਅਕਾਲੀ ਦਲ ਤੇ ਭਾਜਪਾ ਦੇ ਕੌਂਸਲਰ ਉਨ੍ਹਾਂ ਦੇ ਖੇਮੇ ਵਿੱਚ ਆ ਗਏ ਅਤੇ ਸਮਰਥਨ ਦੇਣ ਵਾਲੇ ਕਾਂਗਰਸੀ ਕੌਂਸਲਰ ਵਿਰੋਧੀ ਬਣ ਗਏ। ਇਸ ਦੇ ਬਾਵਜੂਦ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਆਪਣੇ ਅਹੁਦਿਆਂ ’ਤੇ ਬਣੇ ਰਹੇ ਅਤੇ ਹੁਣ ਤੱਕ ਇਹ ਭੇਦ ਬਰਕਰਾਰ ਰਿਹਾ ਕਿ ਨਗਰ ਨਿਗਮ ’ਤੇ ਕਾਬਜ਼ ਅਕਾਲੀ ਦਲ ਸਨ ਜਾਂ ਕਾਂਗਰਸੀ?
ਹਾਲਾਂਕਿ ਸੱਤਾ ਪਰਿਵਰਤਨ ਤੋਂ ਬਾਅਦ ਮੇਅਰ ਨੂੰ ਕੁਰਸੀ ਤੋਂ ਲਾਂਭੇ ਕਰਨ ਦੇ ਅੰਦਰਖਾਤੇ ਯਤਨ ਹੁੰਦੇ ਰਹੇ ਹਨ ਪਰ ਗੱਲ ਕਿਸੇ ਕੰਢੇ ਨਹੀਂ ਲੱਗੀ। ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਮੌਜੂਦਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੇਅਰ ਨੂੰ ਭ੍ਰਿਸ਼ਟਾਚਾਰ ਦੇ ਸੰਗਲ ਨਾਲ ਨੂਨਣ ਦੀ ਕੋਸ਼ਿਸ਼ ਕੀਤੀ ਗਈ ਪਰ ਗੱਲ ਨਹੀਂ ਬਣੀ। ਫਿਰ ਕਾਬਜ਼ ਧਿਰ ਵੱਲੋਂ ਕਾਂਗਰਸ ਦੇ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ ਨੂੰ ਲਾਂਭੇ ਕਰਕੇ ਭਾਜਪਾ ਦੇ ਕੌਂਸਲਰ ਅਰੁਣ ਸ਼ਰਮਾ ਨੂੰ ਸੀਨੀਅਰ ਡਿਪਟੀ ਮੇਅਰ ਬਣਾਉਣ ਦੀ ਵਿਊਂਤਬੰਦੀ ਕਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਇਹ ਪੈਂਤੜੇਬਾਜ਼ੀ ਵੀ ਸਿਰੇ ਨਹੀਂ ਲੱਗੀ। ਇਸ ਤਰ੍ਹਾਂ ਹਾਊਸ ਵਿੱਚ ਲੜਦੇ ਝਗੜਦੇ ਪੰਜ ਸਾਲ ਬੀਤ ਗਏ ਅਤੇ ਮੇਅਰ ਦੇ ਅਹੁਦੇ ’ਤੇ ਰਹਿੰਦਿਆਂ ਕੁਲਵੰਤ ਸਿੰਘ ਨੇ ਬੜੇ ਹੀ ਠਰੰ੍ਹਮੇ ਤੋਂ ਕੰਮ ਲੈਂਦਿਆਂ ਕਿਸੇ ਬੜੇ ਵਿਵਾਦ ਵਿੱਚ ਪੈਣ ਤੋਂ ਗੁਰੇਜ਼ ਕੀਤਾ ਅਤੇ ਸਾਥੀ ਕੌਂਸਲਰਾਂ ਨੂੰ ਵੀ ਸਮੇਂ ਸਮੇਂ ਸਿਰ ਨੈਤਿਕਤਾ ਦਾ ਪਾਠ ਪੜ੍ਹਾਉਂਦੇ ਨਜ਼ਰ ਆਏ ਹਨ। ਮੀਟਿੰਗਾਂ ਦੌਰਾਨ ਹਾਊਸ ਵਿੱਚ ਹਮੇਸ਼ਾ ਹੀ ਕੁਲਵੰਤ ਸਿੰਘ ਨੇ ਜਿੱਥੇ ਆਪਣੀ ਸੂਝਬੂਝ ਦਾ ਸਬੂਤ ਦਿੱਤਾ ਅਤੇ ਉੱਥੇ ਬਿਨਾਂ ਕਿਸੇ ਅੱਗੇ ਝੁੱਕਿਆਂ ਬੜੀ ਦਲੇਰੀ ਨਾਲ ਚੁਣੌਤੀਆਂ ਦਾ ਸਾਹਮਣਾ ਕੀਤਾ। ਪਿਆਰ ਕਰਨ ਵਾਲਿਆਂ ਨੂੰ ਗਲ ਨਾਲ ਵੀ ਲਾਇਆ ਅਤੇ ਬਿਨਾਂ ਵਜ੍ਹਾ ਦੂਸ਼ਣਬਾਜ਼ੀ ਕਰਨ ਵਾਲਿਆਂ ਨੂੰ ਕਦੇ ਵੀ ਸਿਰ ’ਤੇ ਚੜ੍ਹਨ ਨਹੀਂ ਦਿੱਤਾ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…