Share on Facebook Share on Twitter Share on Google+ Share on Pinterest Share on Linkedin ਮੁਹਾਲੀ ਨਗਰ ਨਿਗਮ ਦੀ ਮੀਟਿੰਗ ਵਿੱਚ ਜ਼ਬਰਦਸਤ ਹੰਗਾਮਾ, ਪੁਰਾ 1 ਘੰਟਾ ਨਹੀਂ ਚਲੀ ਮੀਟਿੰਗ ਦੀ ਕਾਰਵਾਈ ਅਕਾਲੀ ਭਾਜਪਾ ਕੌਂਸਲਰਾਂ ਨੇ ਪਸ਼ੂ ਪਾਲਣ ਮੰਤਰੀ ਬਲਬੀਰ ਸਿੱਧੂ ਅਤੇ ਸੀਨੀਅਰ ਡਿਪਟੀ ਮੇਅਰ ਜੈਨ ’ਤੇ ਬੇਲੋੜੀ ਦਖ਼ਲਅੰਦਾਜ਼ੀ ਦਾ ਦੋਸ਼ ਸਿੱਧੂ ਵੱਲੋਂ ਟਰੀ ਪਰੂਨਿੰਗ ਮਸ਼ੀਨਾਂ ਦੀ ਖਰੀਦ ਲਈ 36 ਲੱਖ ਦਾ ਚੈੱਕ ਦੇਣ ਲਈ ਧੰਨਵਾਦੀ ਮਤਾ ਵੀ ਨਹੀਂ ਪੁਆ ਸਕੇ ਕਾਂਗਰਸੀ ਕੌਂਸਲਰ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਦਸੰਬਰ: ਮੁਹਾਲੀ ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਅੱਜ ਹੋਈ ਮੀਟਿੰਗ ਵਿੱਚ ਜ਼ਬਰਦਸਤ ਹੰਗਾਮਾ ਹੋਇਆ। ਅਕਾਲੀ ਭਾਜਪਾ ਕੌਂਸਲਰਾਂ ਨੇ ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ’ਤੇ ਨਗਰ ਨਿਗਮ ਦੇ ਕੰਮਾਂ ਵਿੱਚ ਬੇਲੋੜੀ ਦਖ਼ਲਅੰਦਾਜ਼ੀ ਦੇਣ ਅਤੇ ਸੀਨੀਅਰ ਡਿਪਟੀ ਮੇਅਰ ਰਿਸਵ ਜੈਨ ਵੱਲੋਂ ਭਾਜਪਾ ਕੌਂਸਲਰ ਅਰੁਣ ਸ਼ਰਮਾ ਦੇ ਵਾਰਡ ਵਿੱਚ ਵਿਕਾਸ ਕੰਮਾਂ ਦਾ ਉਦਘਾਟਨ ਕਰਨ ਦਾ ਬੁਰਾ ਮਨਾਉਂਦਿਆਂ ਖੂਬ ਹੰਗਾਮਾ ਕੀਤਾ ਅਤੇ ਪੁਰਾ ਇੱਕ ਘੰਟਾ ਮੀਟਿੰਗ ਦੀ ਕਾਰਵਾਈ ਨਹੀਂ ਚੱਲਣ ਦਿੱਤੀ। ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਭਾਜਪਾ ਕੌਂਸਲਰ ਅਰੁਣ ਸ਼ਰਮਾ ਨੇ ਸੀਨੀਅਰ ਡਿਪਟੀ ਮੇਅਰ ਰਿਸਵ ਜੈਨ ’ਤੇ ਉਨ੍ਹਾਂ ਦੇ ਵਾਰਡ ਫੇਜ਼-5 ਵਿੱਚ ਕੌਂਸਲਰ ਨੂੰ ਦੱਸੇ ਬਿਨਾਂ ਹੀ ਕਾਂਗਰਸੀ ਆਗੂਆਂ ਨੂੰ ਨਾਲ ਲੈ ਕੇ ਵਿਕਾਸ ਕੰਮਾਂ ਦਾ ਉਦਘਾਟਨ ਕਰਨ ਬਾਰੇ ਗਿਲਾ ਕੀਤਾ। ਇਸ ਸਬੰਧੀ ਉਨ੍ਹਾਂ ਨਵਜੋਤ ਸਿੱਧੂ ਅਤੇ ਮੇਅਰ ਨੂੰ ਲਿਖਤੀ ਸ਼ਿਕਾਇਤ ਦੇ ਕੇ ਜੈਨ ਦੇ ਖ਼ਿਲਾਫ਼ ਕਾਰਵਾਈ ਵੀ ਮੰਗੀ। ਇਸ ਮੁੱਦੇ ’ਤੇ ਅਕਾਲੀ ਭਾਜਪਾ ਕੌਂਸਲਰਾਂ ਨੇ ਇੱਕਜੁਟਤਾ ਦਾ ਸਬੂਤ ਦਿੰਦਿਆਂ ਜੈਨ ’ਤੇ ਹਾਊਸ ਵਿੱਚ ਮੁਆਫ਼ੀ ਮੰਗਣ ਜਾਂ ਉਨ੍ਹਾਂ ਦੇ ਖ਼ਿਲਾਫ਼ ਨਿਖੇਧੀ ਮਤਾ ਪਾਸ ਕਰਨ ਦੀ ਮੰਗ ਕੀਤੀ। ਸ੍ਰੀ ਜੈਨ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਵੀ ਵਾਰਡ ਵਿੱਚ ਜਾ ਕੇ ਵਿਕਾਸ ਕੰਮਾਂ ਦੇ ਉਦਘਾਟਨ ਕਰਨ ਅਤੇ ਜਾਇਜ਼ਾ ਲੈਣ ਦਾ ਪੁਰਾ ਅਧਿਕਾਰ ਹੈ। ਉਂਜ ਉਨ੍ਹਾਂ ਇਹ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਜਦੋਂ ਵੀ ਉਹ ਕਿਸੇ ਵਾਰਡ ਵਿੱਚ ਜਾਣਗੇ ਤਾਂ ਉੱਥੋਂ ਦੇ ਕੌਂਸਲਰ ਨੂੰ ਜ਼ਰੂਰ ਨਾਲ ਲੈਣਗੇ। ਇਹ ਮਾਮਲਾ ਹਾਲੇ ਠੰਢਾ ਵੀ ਨਹੀਂ ਹੋਇਆ ਕਿ ਏਨੇ ਵਿੱਚ ਮੇਅਰ ਧੜੇ ਦੇ ਕੌਂਸਲਰ ਆਰਪੀ ਸ਼ਰਮਾ ਅਤੇ ਅਕਾਲੀ ਕੌਂਸਲਰ ਕਮਲਜੀਤ ਸਿੰਘ ਰੂਬੀ ਤੇ ਪਰਮਜੀਤ ਸਿੰਘ ਕਾਹਲੋਂ ਅਤੇ ਹੋਰਨਾਂ ਮੈਂਬਰਾਂ ਨੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਨਿਸ਼ਾਨਾ ਸੇਧਦਿਆਂ ਕਿਹਾ ਕਿ ਸ਼ਹਿਰ ਦੇ ਪਾਰਕਾਂ ਵਿੱਚ ਨਗਰ ਨਿਗਮ ਵੱਲੋਂ ਅਤਿ ਆਧੁਨਿਕ ਓਪਨ ਜਿਮ ਲਗਾਏ ਜਾ ਰਹੇ ਹਨ ਪ੍ਰੰਤੂ ਮੰਤਰੀ ਜਾਣਬੁੱਝ ਕੇ ਚੁਪੀਤੇ ਉਦਘਾਟਨ ਕਰਕੇ ਨਿਗਮ ਕੰਮਾਂ ਵਿੱਚ ਗਲਤ ਦਖ਼ਲਅੰਦਾਜ਼ੀ ਕਰ ਰਹੇ ਹਨ। ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕੌਂਸਲਰਾਂ ਦੇ ਰੌਲੇ ਰੱਪੇ ਕਾਰਨ ਇੱਕ ਘੰਟਾ ਮੀਟਿੰਗ ਦੀ ਕਾਰਵਾਈ ਪ੍ਰਭਾਵਿਤ ਰਹੀ ਅਤੇ ਹਾਊਸ ਸਬਜੀ ਮੰਡੀ ਵਿੱਚ ਤਬਦੀਲ ਹੋ ਗਿਆ। ਇਸ ਦੌਰਾਨ ਮੇਅਰ ਨੇ ਕੌਂਸਲਰਾਂ ਨੂੰ ਸ਼ਾਤ ਕਰਕੇ ਮੀਟਿੰਗ ਦੀ ਕਾਰਵਾਈ ਸ਼ੁਰੂ ਕਰਵਾਈ। ਮੀਟਿੰਗ ਵਿੱਚ ਮੁਹਾਲੀ ਦੇ ਸਾਰੇ ਐਂਟਰੀ ਪੁਆਇੰਟਾਂ ਅਤੇ ਟਰੈਫ਼ਿਕ ਲਾਈਟ ਚੌਂਕਾਂ ’ਤੇ ਕਰੀਬ 112 ਸੀਸੀਟੀਵੀ ਕੈਮਰੇ ਲਗਾਉਣ ਦਾ ਮਤਾ ਪਾਸ ਕੀਤਾ ਗਿਆ। ਮੇਅਰ ਨੇ ਦੱਸਿਆ ਕਿ ਸ਼ਹਿਰ ਵਿੱਚ ਸਮੂਹ ਐਂਟਰੀ ਪੁਆਇੰਟਾਂ ਸਮੇਤ ਭੀੜ ਭੜੱਕੇ ਵਾਲੇ ਇਲਾਕਿਆਂ ਜਿਨ੍ਹਾਂ ਵਿੱਚ ਮੈਕਸ ਹਸਪਤਾਲ ਫੇਜ਼-6, ਫਰੈਂਕੋ ਹੋਟਲ, ਫਰਨੀਚਰ ਮਾਰਕੀਟ ਫੇਜ਼-2, ਫੇਜ਼-3ਏ, ਫੇਜ਼-3\ਫੇਜ਼-5 ਟਰੈਫ਼ਿਕ ਲਾਈਟ ਚੌਂਕ, ਵਾਈਪੀਐਸ ਚੌਂਕ, ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਨੇੜੇ ਫੇਜ਼-7 ਲਾਲ ਬੱਤੀ ਚੌਂਕ, ਫੇਜ਼-9 ਅਤੇ ਫੇਜ਼-10 ਡਿਵਾਈਡਰ ਰੋਡ\ਐਂਟਰੀ ਪੁਆਇੰਟ, ਸੈਕਟਰ-48ਸੀ ਦੇ ਐਂਟਰੀ ਪੁਆਇੰਟ, ਆਈਸ਼ਰ ਚੌਂਕ, ਸੈਕਟਰ-73\ਸੈਕਟਰ-74 ਚੌਂਕ, ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਪੁਆਇੰਟ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਪੀਸੀਐਲ ਚੌਂਕ, ਸਪਾਈਸ ਚੌਂਕ, ਸੈਕਟਰ-69\ਸੈਕਟਰ-70 ਪੁਆਇੰਟ, ਰਾਧਾ ਸੁਆਮੀ ਚੌਂਕ, ਸ਼ਮਸ਼ਾਨਘਾਟ ਨੇੜੇ ਸੀਸੀਟੀਵੀ ਕੈਮਰੇ ਲਗਾਏ ਜਾਣਗੇ। ਮੀਟਿੰਗ ਵਿੱਚ ਨਗਰ ਨਿਗਮ ਦੇ ਦਫ਼ਤਰੀ ਕੰਮ ਲਈ 106 ਮੁਲਾਜ਼ਮ ਭਰਤੀ ਕਰਨ ਦਾ ਮਤਾ ਪਾਸ ਕੀਤਾ ਗਿਆ। ਇਸ ਤੋਂ ਇਲਾਵਾ ਫੇਜ਼-9 ਅਤੇ ਪਿੰਡ ਕੁੰਭੜਾ ਵਿੱਚ ਲੋਕਾਂ ਦੀ ਪਿਆਸ ਬੁਝਾਉਣ ਲਈ ਦੋ ਨਵੇਂ ਟਿਊਬਵੈੱਲ ਲਗਾਉਣ ਅਤੇ ਤਹਿਬਾਜ਼ਾਰੀ ਸ਼ਾਖਾ ਦੇ ਕੰਮ ਨੂੰ ਹੋਰ ਚੁਸਤ ਦਰੁਸਤ ਕਰਨ ਲਈ ਇੱਕ ਬਲੈਰੋ ਗੱਡੀ ਅਤੇ ਇੱਕ ਟਰੱਕ ਅਤੇ ਇੱਕ ਕੈਂਟਰ ਖ਼ਰੀਦਣ ਦਾ ਫੈਸਲਾ ਲਿਆ ਗਿਆ। ਇੰਝ ਹੀ ਸ਼ਹਿਰ ਵਿੱਚ ਘਰ ਘਰ ਜਾ ਕੇ ਕੂੜਾ ਚੁੱਕਣ ਦਾ ਮਤਾ ਪਾਸ ਕੀਤਾ ਗਿਆ ਅਤੇ ਇੱਥੋਂ ਦੇ ਫੇਜ਼-11 ਅਤੇ ਸੈਕਟਰ-65 ਵਿੱਚ ਮਲਵਾ ਸੁੱਟਣ ਲਈ ਦੋ ਥਾਵਾਂ ਨਿਰਧਾਰਿਤ ਕੀਤੀਆਂ ਗਈਆਂ। ਮੇਅਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਵਿੱਚ 17 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਨੂੰ ਵੀ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ। ਜਿਨ੍ਹਾਂ ਵਿੱਚ ਪਾਰਕਾਂ ਦੀ ਸਾਂਭ ਸੰਭਾਲ, ਪੇਵਰ ਬਲਾਕ ਅਤੇ ਹੋਰ ਕੰਮ ਸ਼ਾਮਲ ਹਨ। ਜਦੋਂਕਿ ਪਹਿਲਾਂ ਤੋਂ ਪਾਸ 6 ਕਰੋੜ ਰੁਪਏ ਦੇ ਵਿਕਾਸ ਕਾਰਜ (ਜਿਨ੍ਹਾਂ ਦੇ ਟੈਂਡਰ ਲੱਗ ਚੁੱਕੇ ਸਨ) ਆਦਿ ਕੰਮ ਵੀ ਅਲਾਟ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਧਰ, ਪਿਛਲੇ ਦਿਨੀਂ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਸ਼ਹਿਰ ਵਿੱਚ ਦਰਖ਼ਤਾਂ ਦੀ ਛੰਗਾਈ ਲਈ ਦੋ ਟਰੀ ਪਰੂਨਿੰਗ ਮਸ਼ੀਨਾਂ ਖ਼ਰੀਦਣ ਲਈ 36 ਲੱਖ ਰੁਪਏ ਦਾ ਚੈੱਕ ਦੇਣ ਬਦਲੇ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਕਾਂਗਰਸੀ ਕੌਂਸਲਰ ਧੰਨਵਾਦੀ ਮਤਾ ਵੀ ਪਾਸ ਨਹੀਂ ਕਰਵਾ ਸਕੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ