ਮੁਹਾਲੀ ਨਗਰ ਨਿਗਮ ਦੀ ਮੀਟਿੰਗ ਵਿੱਚ ਸ਼ਹਿਰ ਦੇ ਵਿਕਾਸ ਲਈ 5.5 ਕਰੋੜ ਰੁਪਏ ਦੇ ਮਤੇ ਪੇਸ਼ ਹੋਣਗੇ

ਫੇਜ਼-11 ਤੋਂ ਸਪਾਈਸ ਚੌਂਕ ਤੱਕ ਸਵਾ ਦੋ ਕਰੋੜ ਦੀ ਲਾਗਤ ਨਾਲ ਸਾਈਕਲ ਟਰੈਕ ਬਣਾਉਣ ਦੀ ਯੋਜਨਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਅਕਤੂਬਰ:
ਮੁਹਾਲੀ ਨਗਰ ਨਿਗਮ ਦੀ ਭਲਕੇ 24 ਅਕਤੂਬਰ ਨੂੰ ਮੇਅਰ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਣ ਵਾਲੀ ਮੀਟਿੰਗ ਵਿੱਚ ਸ਼ਹਿਰ ਦੇ ਵੱਖ ਵੱਖ ਵਾਰਡਾਂ ਦੇ ਸਰਬਪੱਖੀ ਵਿਕਾਸ ਕਾਰਜਾਂ ਦੇ ਕਰੀਬ ਸਾਢੇ ਪੰਜ ਕਰੋੜ ਰੁਪਏ ਦੇ ਮਤੇ ਹਾਊਸ ਵਿੱਚ ਪੇਸ਼ ਕੀਤੇ ਜਾਣਗੇ। ਪਿਛਲੀ ਮੀਟਿੰਗ ਦੀ ਕਾਰਵਾਈ ਦੀ ਪੁਸ਼ਟੀ ਕਰਨ ਉਪਰੰਤ ਬੀਤੀ 10 ਅਕਤੂਬਰ ਨੂੰ ਹੋਈ ਵਿੱਤ ਤੇ ਠੇਕਾ ਕਮੇਟੀ ਵਿੱਚ ਪਾਸ ਕੀਤੇ ਕੰਮਾਂ ਦੀ ਜਾਣਕਾਰੀ ਵੀ ਹਾਊਸ ਨੂੰ ਦਿੱਤੀ ਜਾਵੇਗੀ। ਮੀਟਿੰਗ ਵਿੱਚ ਇੱਥੋਂ ਦੇ ਫੇਜ਼-11 ਤੋਂ ਸਪਾਈਸ ਚੌਂਕ ਤੱਕ ਸਾਈਕਲ ਟਰੈਕ ਬਣਾਉਣ ਲਈ 2.27 ਕਰੋੜ ਰੁਪਏ ਅਤੇ ਪਿੰਡ ਮਟੌਰ ਵਿੱਚ ਸ਼ਿਵ ਮੰਦਰ ਦੇ ਪਿਛਲੇ ਪਾਸੇ ਪੈਂਦੇ ਖੇਤਰ ਦੇ ਵਿਕਾਸ ਲਈ 35.55 ਲੱਖ ਰੁਪਏ ਦਾ ਮਤਾ ਪੇਸ਼ ਜਾਵੇਗਾ।
ਮੀਟਿੰਗ ਦੌਰਾਨ ਵਾਰਡ ਨੰਬਰ ਇਕ ਅਤੇ ਦੋ ਅਧੀਨ ਪੈਂਦੇ ਖੇਤਰ (ਫੇਜ਼-6) ਵਿੱਚ ਸੜਕਾਂ ਦੀ ਮੁਰੰਮਤ ਲਈ 60.16 ਲੱਖ ਰੁਪਏ, ਫੇਜ਼-4 (ਵਾਰਡ ਨੰਬਰ-10) ਦੀਆਂ ਸੜਕਾਂ ਲਈ 45.03 ਲੱਖ ਰੁਪਏ, ਇਸੇ ਖੇਤਰ ਦੇ (ਵਾਰਡ ਨੰਬਰ-11) ਵਿੱਚ ਸੜਕਾਂ ਦੀ ਮੁਰੰਮਤ ਲਈ 43.78 ਲੱਖ ਰੁਪਏ, ਫੇਜ਼-11 (ਵਾਰਡ ਨੰਬਰ-29) ਦੀਆਂ ਸੜਕਾਂ ਲਈ ਵਿੱਚ 17.98 ਲੱਖ, ਸਨਅਤੀ ਏਰੀਆ ਫੇਜ਼-9 (ਵਾਰਡ ਨੰਬਰ-33) ਦੀਆਂ ਸੜਕਾਂ ਦੀ ਮੁਰੰਮਤ ਲਈ 40.11 ਲੱਖ ਰੁਪਏ, ਸੈਕਟਰ-66 (ਵਾਰਡ ਨੰਬਰ-34) ਦੀਆਂ ਸੜਕਾਂ ਲਈ 31.60 ਲੱਖ ਰੁਪਏ ਦੇ ਮਤੇ ਪੇਸ਼ ਕੀਤੇ ਜਾਣਗੇ। ਇਸ ਤੋਂ ਇਲਾਵਾ ਰਾਧਾ ਸਵਾਮੀ ਟਰੈਫ਼ਿਕ ਲਾਈਟ ਚੌਕ ਤੋਂ ਚੰਡੀਗੜ੍ਹ ਐਂਟਰੀ ਪੁਆਇੰਟ ਤੱਕ ਥਰਮਾਕੋਲ ਪੇਂਟ ਕਰਵਾਉਣ ਅਤੇ ਵੱਖ-ਵੱਖ ਥਾਵਾਂ ਉੱਤੇ ਸਾਈਨ ਬੋਰਡ ਲਗਾਉਣ ਲਈ 45.79 ਲੱਖ ਰੁਪਏ ਆਦਿ ਮਤੇ ਪੇਸ਼ ਕੀਤੇ ਜਾਣਗੇ।
ਮੀਟਿੰਗ ਵਿੱਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਨਾਈਟ ਸ਼ੈਲਟਰ ਵਿੱਚ ਕਰਵਾਏ ਗਏ ਪ੍ਰੋਗਰਾਮ ਤੇ ਨਗਰ ਨਿਗਮ ਵੱਲੋਂ ਖ਼ਰਚ ਕੀਤੇ ਗਏ 122795 ਰੁਪਏ ਦੇ ਖ਼ਰਚੇ ਨੂੰ ਮਨਜ਼ੂਰੀ ਦੇਣ, ਬਾਵਾ ਵਾਈਟ ਹਾਊਸ ਤੋਂ ਮੁਹਾਲੀ ਏਅਰਪੋਰਟ ਸੜਕ, ਵਾਈਪੀਐਸ ਚੌਂਕ ਤੋਂ ਬੁੜੈਲ ਜੇਲ੍ਹ ਸੜਕ, ਸੈਕਟਰ-66 ਅਤੇ ਸੈਕਟਰ-67, ਸੈਕਟਰ-67 ਤੇ ਸੈਕਟਰ-68 ਅਤੇ ਸੈਕਟਰ-68 ਤੇ ਸੈਕਟਰ-69 ਨੂੰ ਵੰਡਦੀਆਂ ਸੜਕਾਂ, ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਫੇਜ਼-8 ਸੜਕ ਤੋਂ ਬਾਵਾ ਵਾਈਟ ਹਾਊਸ ਤੱਕ ਸੜਕਾਂ ਦੇ ਰੱਖ ਰਖਾਓ ਸਬੰਧੀ ਪਹਿਲਾਂ ਅਲਾਟ ਕੀਤੇ ਕੰਮਾਂ ਵਿੱਚ ਲੋੜੀਂਦੀ ਰਕਮ ਦਾ ਵਾਧਾ ਕਰਨ ਅਤੇ ਇਸ ਰਕਮ ਅਨੁਸਾਰ ਹੋਰ ਕੰਮ ਕਰਵਾਉਣ ਦੇ ਮਤੇ ਵੀ ਪੇਸ਼ ਕੀਤੇ ਜਾਣਗੇ। ਇਸ ਤੋਂ ਇਲਾਵਾ ਮੀਟਿੰਗ ਵਿੱਚ ਮੇਅਰ ਦੀ ਪ੍ਰਵਾਨਗੀ ਨਾਲ ਟੇਬਲ ਏਜੰਡਾ ਆਈਟਮਾਂ ਵੀ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ।

Load More Related Articles
Load More By Nabaz-e-Punjab
Load More In General News

Check Also

ਮੇਅਰ ਵੱਲੋਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ, ਐਸਐਚਓ ਨੇ ਚੋਰ ਜਲਦੀ ਫੜਨ ਦੀ ਗੱਲ ਕਹੀ

ਮੇਅਰ ਵੱਲੋਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ, ਐਸਐਚਓ ਨੇ ਚੋਰ ਜਲਦੀ ਫੜਨ ਦੀ ਗੱਲ ਕਹੀ ਵੈੱਲਫੇਅਰ ਐਸੋਸੀਏਸ਼ਨ …