Share on Facebook Share on Twitter Share on Google+ Share on Pinterest Share on Linkedin ਮੁਹਾਲੀ ਨਗਰ ਨਿਗਮ ਦੀ ਮੀਟਿੰਗ ਵਿੱਚ ਵੱਖ ਵੱਖ ਮੁੱਦਿਆਂ ’ਤੇ ਹੋਈ ਚਰਚਾ, ਸਾਰੇ ਮਤੇ ਪਾਸ ਮੀਟਿੰਗ ਵਿੱਚ ਪਾਣੀ ਦੇ ਬਿੱਲਾਂ ਅਤੇ ਨਾਜਾਇਜ਼ ਰੇਹੜੀਆਂ ਫੜੀਆਂ ਤੇ ਆਵਾਰਾ ਕੁੱਤਿਆਂ ਦੀ ਨਸਬੰਦੀ ਦਾ ਮੁੱਦਾ ਛਾਇਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਅਕਤੂਬਰ: ਮੁਹਾਲੀ ਨਗਰ ਨਿਗਮ ਦੀ ਅੱਜ ਹੋਈ ਮੀਟਿੰਗ ਵਿੱਚ ਮੇਅਰ ਕੁਲਵੰਤ ਸਿੰਘ ਨੇ ਸ਼ਹਿਰ ਵਾਸੀਆਂ ਨੂੰ ਦੀਵਾਲੀ ਦਾ ਤੋਹਫ਼ਾ ਦਿੰਦਿਆਂ ਵਿਕਾਸ ਕਾਰਜਾਂ ’ਤੇ ਕਰੀਬ ਸਾਢੇ 5 ਕਰੋੜ ਰੁਪਏ ਖ਼ਰਚਣ ਦਾ ਮਾਤ ਪਾਸ ਕੀਤਾ ਗਿਆ। ਮੀਟਿੰਗ ਦੌਰਾਨ ਏਜੰਡੇ ਤੋਂ ਇਲਾਵਾ ਸ਼ਹਿਰ ਦੇ ਹੋਰ ਵੱਖ-ਵੱਖ ਮੁੱਦਿਆਂ ’ਤੇ ਭਰਵੀਂ ਵਿਚਾਰ ਚਰਚਾ ਹੋਈ ਅਤੇ ਆਪਸੀ ਸਹਿਮਤੀ ਨਾਲ ਕਈ ਫੈਸਲੇ ਲਏ ਗਏ। ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਅਕਾਲੀ ਦਲ ਦੇ ਸੀਨੀਅਰ ਕੌਂਸਲਰ ਅਮਰੀਕ ਸਿੰਘ ਤਹਿਸੀਲਦਾਰ ਦੀ ਪਤਨੀ ਸਰਦਾਰਨੀ ਮਨਜੀਤ ਕੌਰ ਅਤੇ ਕਾਂਗਰਸ ਦੀ ਕੌਂਸਲਰ ਸੁਮਨ ਗਰਗ ਦੀ ਸੱਸ ਸ੍ਰੀਮਤੀ ਸਤਿਆਵਤੀ ਦੀ ਬੇਵਕਤੀ ਮੌਤ ’ਤੇ ਸ਼ਰਧਾਂਜਲੀ ਦਿੱਤੀ ਗਈ। ਮੀਟਿੰਗ ਦੌਰਾਨ ਕੌਂਸਲਰ ਬੌਬੀ ਕੰਬੋਜ਼ ਨੇ ਸੈਕਟਰ 66-69 ਅਤੇ ਸੈਕਟਰ 76-80 ਦੇ ਵਸਨੀਕਾਂ ਤੋਂ ਵਸੂਲੇ ਜਾਂਦੇ ਪਾਣੀ ਦੇ ਵੱਧ ਬਿੱਲਾਂ ਦਾ ਮੁੱਦਾ ਚੁੱਕਦਿਆਂ ਮੰਗ ਕੀਤੀ ਕਿ ਜਦੋਂ ਨਗਰ ਨਿਗਮ ਵੱਲੋਂ ਇਹਨਾਂ ਸੈਕਟਰਾਂ ਦੀ ਪਾਣੀ ਸਪਲਾਈ ਦਾ ਕੰਮ ਗਮਾਡਾ ਤੋਂ ਆਪਣੇ ਹੱਥ ਲੈ ਲਿਆ ਹੈ ਤਾਂ ਫਿਰ ਪਾਣੀ ਦੇ ਰੇਟ ਘਟਾਏ ਕਿਉੱ ਨਹੀਂ ਜਾ ਰਹੇ। ਇਸ ਮੌਕੇ ਕੌਂਸਲਰ ਸਤਵੀਰ ਸਿੰਘ ਧਨੋਆ ਅਤੇ ਸੁਰਿੰਦਰ ਸਿੰਘ ਰੋਡਾ ਨੇ ਵੀ ਮੰਗ ਕੀਤੀ ਕਿ ਪਾਣੀ ਸਪਲਾਈ ਦੀ ਕੀਮਤ ਵਿੱਚ ਕਟੌਤੀ ਕੀਤੀ ਜਾਵੇ। ਇਸ ਤੇ ਮੇਅਰ ਕੁਲਵੰਤ ਸਿੰਘ ਨੇ ਦੱਸਿਆ ਕਿ ਗਮਾਡਾ ਵੱਲੋਂ ਇਹ ਕੰਮ ਆਪਣੇ ਅਧੀਨ ਲੈਣ ਦੇ ਅਮਲ ਵਿੱਚ ਕੁਝ ਦੇਰੀ ਹੋਈ ਹੈ ਕਿਉਂਕਿ ਗਮਾਡਾ ਇਹ ਚਾਹੁੰਦਾ ਹੈ ਕਿ ਪੀਣ ਵਾਲੇ ਪਾਣੀ ਦਾ ਸਪਲਾਈ ਦੇ ਨਾਲ-ਨਾਲ ਸੀਵਰੇਜ਼ ਅਤੇ ਰੋਡ ਗਲੀਆਂ ਦਾ ਕੰਮ ਵੀ ਨਗਰ ਨਿਗਮ ਸੰਭਾਲੇ ਅਤੇ ਇਸ ਸਬੰਧੀ ਨਿਗਮ ਅਧਿਕਾਰੀਆਂ ਵੱਲੋਂ ਸੀਵਰੇਜ ਲਾਈਨਾਂ ਅਤੇ ਰੋਡ ਗਲੀਆਂ ਦੀ ਇੰਸਪੈਕਸ਼ਨ ਕੀਤੀ ਜਾ ਰਹੀ ਹੈ। ਉਹਨਾਂ ਭਰੋਸਾ ਦਿੱਤਾ ਕਿ ਇਹ ਕੰਮ ਜਲਦੀ ਮੁਕੰਮਲ ਹੋ ਜਾਵੇਗਾ ਜਿਸ ਤੋਂ ਬਾਅਦ ਪਾਣੀ ਦੇ ਰੇਟ ਘਟਾ ਦਿੱਤੇ ਜਾਣਗੇ। ਮੀਟਿੰਗ ਦੌਰਾਨ ਪਰਮਜੀਤ ਸਿੰਘ ਕਾਹਲੋਂ ਨੇ ਸ਼ਹਿਰ ਦੀਆਂ ਵੱਖ ਵੱਖ ਮਾਰਕੀਟਾਂ ਵਿੱਚ ਲੱਗਦੀਆਂ ਨਾਜਾਇਜ਼ ਰੇਹੜੀਆਂ ਫੜੀਆਂ ਦਾ ਮੁੱਦਾ ਚੁੱਕਿਆ ਅਤੇ ਮੰਗ ਕੀਤੀ ਕਿ ਇਹਨਾਂ ਨੂੰ ਛੇਤੀ ਹਟਾਇਆ ਜਾਵੇ। ਇਸ ਮੌਕੇ ਮੇਅਰ ਨੇ ਕਿਹਾ ਕਿ ਉਹਨਾਂ ਦੀ ਜਾਣਕਾਰੀ ਵਿੱਚ ਇਹ ਗੱਲ ਆਈ ਹੈ ਕਿ ਜਿਆਦਾਤਰ ਦੁਕਾਨਦਾਰ ਖੁਦ ਹੀ ਆਪਣੀਆਂ ਦੁਕਾਨਾਂ ਸਾਹਮਣੇ ਪੈਸੇ ਲੈ ਕੇ ਫੜੀਆਂ ਲਗਵਾਉਂਦੇ ਹਨ। ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਬੀਤੇ ਦਿਨੀਂ ਹੋਈ ਟਾਊਨ ਵੈਡਿੰਗ ਕਮੇਟੀ ਦੀ ਮੀਟਿੰਗ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਇਹਨਾਂ ਰੇਹੜੀਆਂ ਫੜੀਆਂ ਨੂੰ ਚੁੱਕਣ ਲਈ ਨਿਗਮ ਕੋਲ ਸਿਰਫ਼ ਇੱਕ ਹੀ ਗੱਡੀ ਹੈ ਅਤੇ ਇਕ ਹੋਰ ਗੱਡੀ ਖਰੀਦਣ ਦੀ ਸਿਫਾਰਸ਼ ਵੀ ਕੀਤੀ ਗਈ ਸੀ। ਇਸ ਦੌਰਾਨ ਗੁਰਮੀਤ ਸਿੰਘ ਵਾਲੀਆ ਨੇ ਕਿਹਾ ਕਿ ਜੇਕਰ ਨਗਰ ਨਿਗਮ ਚਾਹੇ ਤਾਂ ਰੇਹੜੀਆਂ ਫੜੀਆਂ ਖ਼ਤਮ ਕਰਵਾਈਆਂ ਜਾ ਸਕਦੀਆਂ ਹਨ, ਬਸ਼ਰਤੇ ਬਿਨਾਂ ਕਿਸੇ ਲਿਹਾਜ ਦੇ ਕਾਰਵਾਈ ਹੋਵੇ। ਉਹਨਾਂ ਕਿਹਾ ਕਿ ਫੇਜ਼ 10 ਦੀ ਮਾਰਕੀਟ ਵਿੱਚ ਉਹ ਇੱਕ ਵੀ ਰੇਹੜੀ ਫੜੀ ਨਹੀਂ ਲੱਗਣ ਦਿੰਦੇ। ਮੇਅਰ ਕੁਲਵੰਤ ਸਿੰਘ ਨੇ ਕਿਹਾ ਕਿ ਉਹਨਾਂ ਦੇ ਧਿਆਨ ਵਿੱਚ ਆਇਆ ਹੈ ਕਿ ਕਾਫ਼ੀ ਥਾਵਾਂ ’ਤੇ ਕਈ ਦੁਕਾਨਦਾਰ ਖ਼ੁਦ ਹੀ ਆਪਣੀਆਂ ਦੁਕਾਨਾਂ ਦੇ ਬਾਹਰ ਨਾਜਾਇਜ਼ ਰੇਹੜੀਆਂ ਲਗਵਾਉਂਦੇ ਹਨ ਅਤੇ ਉਹਨਾਂ ਤੋਂ ਪੈਸੇ ਵੀ ਲੈਂਦੇ ਹਨ। ਇਹਨਾਂ ਰੇਹੜੀਆਂ ਫੜੀਆ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਪਰਮਜੀਤ ਸਿੰਘ ਕਾਹਲੋਂ ਨੇ ਮੰਗ ਕੀਤੀ ਕਿ ਜਿਸ ਤਰੀਕੇ ਨਾਲ ਨਿਗਮ ਵੱਲੋਂ ਬਾਵਾ ਵਾਈਟ ਹਾਊਸ ਤੋਂ ਸਪਾਇਸ ਚੌਂਕ ਤੱਕ ਸਾਈਕਲ ਟ੍ਰੈਕ ਬਣਾਇਆ ਜਾਵੇਗਾ ਉਸੇ ਤਰਾਂ ਚੰਡੀਗੜ੍ਹ ਜਾਣ ਵਾਲੀਆਂ ਸਾਰੀਆਂ ਸੜਕਾਂ ਦੇ ਕਿਨਾਰੇ ਵੀ ਸਾਈਕਲ ਟਰੈਕ ਬਣਵਾਏ ਜਾਣ ਜਿਸ ’ਤੇ ਬਾਕੀ ਮੈਂਬਰਾਂ ਨੇ ਵੀ ਸਹਿਮਤੀ ਪ੍ਰਗਟਾਈ ਅਤੇ ਮੇਅਰ ਨੇ ਇਸਤੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਕੌਂਸਲਰ ਹਰਮਨਪ੍ਰੀਤ ਸਿੰਘ ਪ੍ਰਿੰਸ ਨੇ ਫੇਜ਼-3ਬੀ1 ਦੇ ਕਮਿਊਨਿਟੀ ਸੈਂਟਰ ਦਾ ਮੁੱਦਾ ਚੁੱਕਿਆ ਅਤੇ ਇਸ ਦੀ ਉਸਾਰੀ ਦੀ ਮੰਗ ਕੀਤੀ। ਇਸ ਮੌਕੇ ਦੱਸਿਆ ਗਿਆ ਕਿ ਨਿਗਮ ਵੱਲੋਂ ਇਸ ਸੰਬੰਧੀ ਲਈ 3 ਕਰੋੜ ਰੁਪਏ ਦਾ ਐਸਟੀਮੇਟ ਵੀ ਬਣਵਾਇਆ ਜਾ ਚੁੱਕਿਆ ਹੈ ਜੋ ਕਿ ਸਰਕਾਰ ਨੂੰ ਭੇਜਿਆ ਗਿਆ ਹੈ। ਇਸ ਮੌਕੇ ਸਰਬਸੰਮਤੀ ਨਾਲ ਮੱਤਾ ਪਾਸ ਕਰਕੇ ਸਰਕਾਰ ਤੋੱ ਮੰਗ ਕੀਤੀ ਗਈ ਕਿ ਇਸ ਸਬੰਧੀ 1 ਮਹੀਨੇ ਦੇ ਵਿੱਚ ਗਰਾਂਟ ਰਿਲੀਜ ਕੀਤੀ ਜਾਵੇ। ਪ੍ਰਿੰਸ ਨੇ ਇਹ ਵੀ ਮੰਗ ਕੀਤੀ ਕਿ ਜੇਕਰ ਸਰਕਾਰ 1 ਮਹੀਨੇ ਵਿੱਚ ਗਰਾਂਟ ਨਹੀਂ ਦਿੰਦੀ ਤਾਂ ਨਿਗਮ ਵੱਲੋਂ ਆਪਣੇ ਪੱਧਰ ਤੇ ਇਸਦੀ ਉਸਾਰੀ ਕਰਵਾਈ ਜਾਵੇ। ਮੀਟਿੰਗ ਦੌਰਾਨ ਸ਼ਹਿਰ ਵਿੱਚ ਘੁੰਮਦੇ ਆਵਾਰਾ ਕੁੱਤਿਆਂ ਦਾ ਮੁੱਦਾ ਵੀ ਉਠਿਆ ਜਿਸ ਤੇ ਮੇਅਰ ਨੇ ਕਿਹਾ ਕਿ ਇਸਤੇ ਨਿਗਮ ਵਲੋੱ ਕੌਂਸਲਰਾਂ ਦੀ ਇੱਕ ਡਾਗ ਕਮੇਟੀ ਬਣਾਈ ਜਾ ਚੁੱਕੀ ਹੈ। ਡਾਗ ਕਮੇਟੀ ਦੇ ਚੇਅਰਮੈਨ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਇਸ ਕੰਮ ਲਈ ਨਿਗਮ ਵਿੱਚ ਇੱਕ ਹੋਰ ਗੱਡੀ ਦੀ ਲੋੜ ਹੈ ਤਾਂ ਜੋ ਕੁੱਤਿਆਂ ਨੂੰ ਫੜਨ ਦਾ ਕੰਮ ਤੇਜ਼ ਕੀਤਾ ਜਾ ਸਕੇ ਅਤੇ ਡਾਗ ਕਮੇਟੀ ਇਸਦੀ ਸਿਫਾਰਸ਼ ਵੀ ਕਰ ਚੁੱਕੀ ਹੈ। ਉਹਨਾਂ ਕਿਹਾ ਕਿ ਕੁੱਤਿਆਂ ਦੇ ਅਪਰੇਸ਼ਨ ਲਈ ਜਿਹੜਾ ਨਵਾਂ ਠੇਕਾ ਹੋਇਆ ਹੈ ਉਹਦਾ ਮੁੱਲ ਪਹਿਲਾ ਨਾਲੋਂ ਕਾਫੀ ਘੱਟ ਹੋਣ ਕਾਰਨ ਇਸ ਕੰਮ ਦੀ ਲਗਾਤਾਰ ਨਿਗਰਾਨੀ ਕੀਤੀ ਜਾਣੀ ਜਰੂਰੀ ਹੈ ਤਾਂ ਜੋ ਇਹ ਕੰਮ ਠੀਕ ਤਰ੍ਹਾਂ ਹੋ ਸਕੇ। ਇਸ ਤੇ ਮੇਅਰ ਨੇ ਕਿਹਾ ਕਿ ਇਸ ਸਬੰਧੀ ਡਾਗ ਕਮੇਟੀ ਦੇ ਮੈਂਬਰ ਵਲੰਟੀਅਰ ਦੇ ਤੌਰ ’ਤੇ ਮੌਨੀਟਰਿੰਗ ਦੀ ਜਿੰਮੇਵਾਰੀ ਲੈਣ ਤਾਂ ਜੋ ਇਹ ਕੰਮ ਠੀਕ ਤਰੀਕੇ ਨਾਲ ਮੁੰਕਮਲ ਹੋਵੇ। ਮੇਅਰ ਕੁਲਵੰਤ ਸਿੰਘ ਨੇ ਮੈਂਬਰਾਂ ਨੂੰ ਦੱਸਿਆ ਕਿ ਉਹਨਾਂ ਨੂੰ ਇੱਕ ਮੈਂਬਰ ਤੋਂ ਸੁਝਾਅ ਮਿਲਿਆ ਹੈ ਕਿ ਨਿਗਮ ਸ਼ਹਿਰ ਦੇ ਵਸਨੀਕਾਂ ਵੱਲੋਂ ਆਪਣੇ ਘਰਾਂ ਦੇ ਬਾਹਰ ਕੀਤੇ ਨਾਜਾਇਜ਼ ਕਬਜ਼ੇ ਤਾਂ ਦੂਰ ਨਹੀਂ ਕਰਵਾ ਪਾ ਰਿਹਾ ਪ੍ਰੰਤੂ ਇਹਨਾਂ ਲੋਕਾਂ ਤੋਂ ਉਸ ਜ਼ਮੀਨ ਨੂੰ ਵਰਤਣ ਦੀ ਰਕਮ ਤਾਂ ਵਸੂਲ ਸਕਦਾ ਹੈ ਅਤੇ ਇਸ ਲਈ ਕੋਈ ਦਰ (ਸਕੇਅਰ ਫੁੱਟ ਦੇ ਹਿਸਾਬ ਨਾਲ) ਤੈਅ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਹਾਊਸ ਦੇ ਸਾਰੇ ਮੈਂਬਰ ਇਸ ਬਾਰੇ ਵਿਚਾਰ ਕਰਨ ਕਿ ਇਸ ਬਾਰੇ ਕੀ ਕੀਤਾ ਜਾ ਸਕਦਾ ਹੈ। ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਪ੍ਰੋਗਰਾਮ ਮਨਾਇਆ ਜਾਣਾ ਚਾਹੀਦਾ ਹੈ। ਜਿਸ ਦਾ ਹਾਊਸ ਵਿੱਚ ਮੌਜੂਦ ਸਾਰੇ ਮੈਂਬਰਾਂ ਨੇ ਸਮਰਥਨ ਕੀਤਾ। ਇਸ ਮੌਕੇ ਮੇਅਰ ਕੁਲਵੰਤ ਸਿੰਘ ਨੇ ਕਿਹਾ ਕਿ ਇਸ ਸਬੰਧੀ ਛੇਤੀ ਹੀ ਹਾਊਸ ਦੀ ਸਪੈਸ਼ਲ ਮੀਟਿੰਗ ਬੁਲਾ ਕੇ ਧਾਰਮਿਕ ਪ੍ਰੋਗਰਾਮ ਦੀ ਰੂਪ ਰੇਖਾ ਉਲੀਕੀ ਜਾਵੇਗੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਜਲਦੀ ਹੀ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਰਤਨ ਦਰਬਾਰ ਪ੍ਰੋਗਰਾਮ ਕਰਵਾਇਆ ਜਾਵੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ