nabaz-e-punjab.com

ਮੁਹਾਲੀ ਨਗਰ ਨਿਗਮ ਦੀ ਮੀਟਿੰਗ ਵਿੱਚ ਨਾਜਾਇਜ਼ ਕਬਜ਼ਿਆਂ ਤੇ ਪੌਲੀਥੀਨ ਦੇ ਲਿਫ਼ਾਫ਼ਿਆਂ ਦੀ ਰੋਕਥਾਮ ’ਤੇ ਹੋਵੇਗੀ ਚਰਚਾ

ਸ਼ਹਿਰ ਵਿੱਚ ਵੱਖ ਵੱਖ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਸਾਢੇ ਸੱਤ ਕਰੋੜ ਦੇ ਵਿਕਾਸ ਮਤਿਆਂ ’ਤੇ ਹੋਵੇਗੀ ਉਸਾਰੂ ਬਹਿਸ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਜਨਵਰੀ:
ਮੁਹਾਲੀ ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਭਲਕੇ 1 ਫਰਵਰੀ ਨੂੰ ਬਾਅਦ ਦੁਪਹਿਰ ਹੋਣ ਵਾਲੀ ਮੀਟਿੰਗ ਵਿੱਚ ਨਾਜਾਇਜ਼ ਕਬਜ਼ਿਆਂ ਅਤੇ ਪੌਲੀਥੀਨ ਦੇ ਲਿਫ਼ਾਫ਼ਿਆਂ ਦੀ ਰੋਕਥਾਮ ’ਤੇ ਚਰਚਾ ਕੀਤੀ ਜਾਵੇਗੀ। ਸ਼ਹਿਰ ਵਾਸੀਆਂ ਵੱਲੋਂ ਆਪਣੇ ਘਰਾਂ ਦੇ ਬਾਹਰ ਕੀਤੇ ਗਏ ਕਬਜ਼ਿਆਂ ਨੂੰ ਹਟਾਉਣ ਸਬੰਧੀ ਜਾਰੀ ਪਬਲਿਕ ਨੋਟਿਸ ਦੇ ਬਾਵਜੂਦ ਕਬਜ਼ੇ ਨਾ ਹਟਾਉਣ ਵਾਲੇ ਸ਼ਹਿਰ ਵਾਸੀਆਂ ਦੇ ਖ਼ਿਲਾਫ਼ ਕਾਰਵਾਈ ਨੂੰ ਮਨਜ਼ੂਰੀ ਦੇਣ ਲਈ ਹਾਊਸ ਵਿੱਚ ਉਸਾਰੂ ਬਹਿਸ ਕੀਤੀ ਜਾਵੇਗੀ। ਏਜੰਡਾ ਆਈਟਮ ਅਨੁਸਾਰ ਇਸ ਸਬੰਧੀ 27 ਅਗਸਤ 2018 ਨੂੰ ਅਖ਼ਬਾਰਾਂ ਵਿੱਚ ਪਬਲਿਕ ਨੋਟਿਸ ਦਿੱਤਾ ਗਿਆ ਸੀ। ਜਿਸ ਵਿੱਚ ਲੋਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਆਪਣੇ ਘਰਾਂ ਦੇ ਬਾਹਰ ਅਤੇ ਸਾਈਡਾਂ ’ਤੇ ਕੀਤੇ ਕਬਜ਼ੇ ਖ਼ੁਦ ਹਟਾ ਲੈਣ ਪ੍ਰੰਤੂ ਅਜੇ ਤਾਈ ਇਹ ਕਬਜ਼ੇ ਤਿਊ ਦੀ ਤਿਊਂ ਬਰਕਰਾਰ ਹਨ।
ਮੀਟਿੰਗ ਵਿੱਚ ਇਹ ਮਤਾ ਲਿਆਂਦਾ ਜਾ ਰਿਹਾ ਹੈ ਕਿ ਵਸਨੀਕਾਂ ਵੱਲੋਂ ਅਗਲੇ 15 ਦਿਨਾਂ ਵਿੱਚ ਇਹ ਕਬਜ਼ੇ ਖ਼ੁਦ ਨਾ ਹਟਾਉਣ ਅਤੇ ਕਬਜ਼ਾਕਾਰਾਂ ਨੂੰ ਨੀਤੀ ਅਨੁਸਾਰ ਜੁਰਮਾਨਾ ਕੀਤਾ ਜਾਵੇਗਾ ਅਤੇ ਇਨ੍ਹਾਂ ਕਬਜ਼ਿਆਂ ਨੂੰ ਨਗਰ ਨਿਗਮ ਵੱਲੋਂ ਖ਼ੁਦ ਹਟਾ ਕੇ ਸਾਰਾ ਸਾਮਾਨ ਜ਼ਬਤ ਕੀਤਾ ਜਾਵੇਗਾ। ਮੀਟਿੰਗ ਵਿੱਚ ਨਗਰ ਨਿਗਮ ਦੀ ਹੱਦ ਵਿੱਚ ਪਲਾਸਟਿਕ ਦੇ ਕੈਰੀਬੈਗ ਅਤੇ ਥਰਮੋਕੋਲ ਮਟੀਰੀਅਲ ਤੋਂ ਬਣੇ ਵਨ ਟਾਈਮ ਵਰਤੋਂ ਦੇ ਸਾਰੇ ਸਾਮਾਨ ’ਤੇ ਪੂਰਨ ਪਾਬੰਦੀ ਲਾਗੂ ਕਰਨ ਸਬੰਧੀ ਮਤਾ ਪੇਸ਼ ਕੀਤਾ ਜਾਵੇਗਾ। ਇਸ ਸਬੰਧੀ ਪੰਜਾਬ ਸਰਕਾਰ ਵੱਲੋਂ 18 ਫਰਵਰੀ 2016 ਨੂੰ ਨੋਟੀਫ਼ਿਕੇਸ਼ਨ ਜਾਰੀ ਕਰਕੇ ਪੰਜਾਬ ਰਾਜ ਵਿੱਚ ਪਲਾਸਟਿਕ ਕੈਰੀਬੈਗ ਦੀ ਵਰਤੋਂ ਅਤੇ ਥਰਮਾਕੋਲ ਮਟੀਰੀਅਲ ਤੋਂ ਬਣੇ ਵਨ ਟਾਈਮ ਵਰਤੋਂ ਦੇ ਸਾਰੇ ਸਾਮਾਨ ’ਤੇ ਪਾਬੰਦੀ ਲਗਾਈ ਗਈ ਸੀ। ਜਿਸਦੇ ਤਹਿਤ ਪਲਾਸਟਿਕ ਬੈਗਾਂ ਨੂੰ ਬਣਾਉਣ, ਇਨ੍ਹਾਂ ਨੂੰ ਸਟੋਰ ਤੇ ਵੰਡ ਕਰਨ, ਇਸਦੀ ਰੀਸਈਕਲਿੰਗ ਅਤੇ ਵਿਕਰੀ ’ਤੇ ਮੁਕੰਮਲ ਪਾਬੰਦੀ ਲਗਾਉਣ ਲਈ ਮਤਾ ਪੇਸ਼ ਕੀਤਾ ਜਾਵੇਗਾ।
ਨਗਰ ਨਿਗਮ ਵੱਲੋਂ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਸਾਢੇ ਸੱਤ ਕਰੋੜ ਰੁਪਏ ਦੇ ਐਸਟੀਮੇਟਾਂ ਨੂੰ ਵੀ ਪ੍ਰਵਾਨਗੀ ਦੇਣ ਲਈ ਹਾਊਸ ਵਿੱਚ ਚਰਚਾ ਕੀਤੀ ਜਾਵੇਗੀ ਜਿਸਦੇ ਤਹਿਤ ਸ਼ਹਿਰ ਦੇ ਵੱਖ ਵੱਖ ਪਾਰਕਾਂ ਅਤੇ ਗਰੀਨ ਬੈਲਟਾਂ ਦਾ ਰੱਖ ਰਖਾਓ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਮੇਅਰ ਦੀ ਵਰਤੋਂ ਲਈ ਨਵੀਂ ਇਨੋਵਾ ਕਰਿੱਸਟਾ ਗੱਡੀ (ਜਿਸ ਦੀ ਕੀਮਤ 24 ਲੱਖ ਰੁਪਏ ਹੈ) ਦੀ ਖਰੀਦਣ ਦਾ ਮਤਾ ਵੀ ਪੇਸ਼ ਕੀਤਾ ਜਾਵੇਗਾ।
ਮੇਅਰ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਣ ਵਾਲੀ ਇਸ ਮੀਟਿੰਗ ਵਿੱਚ ਸ਼ਹਿਰ ਨੂੰ ਖੁੱਲੇ ਵਿੱਚ ਸ਼ੌਚ ਜਾਣ ਤੋਂ ਮੁਕਤ ਕਰਨ ਦਾ ਐਲਾਨ ਕਰਨ ਅਤੇ ਇਸ ਸਬੰਧੀ ਨਿਰਧਾਰਿਤ ਮਾਪਦੰਡ ਲਾਗੂ ਕਰਨ, ਸ਼ਹਿਰ ਨੂੰ ਗਾਰਬੈਜ ਫਰੀ ਸਿਟੀ ਸਟਾਰ ਐਲਾਨਣ, ਨਗਰ ਨਿਗਮ ਦੀ ਹੱਦ ਵਿੱਚ ਚਲ ਰਹੇ ਪਬਲਿਕ/ਕਮਿਊਨਿਟੀ ਟਾਇਲਟ ਬਲਾਕਾਂ ਦੀ ਦੇਖਭਾਲ ਲਈ ਕੀਤੀ ਗਈ ਅਲਾਟਮੈਂਟ ਦੀ ਰਕਮ ਨੂੰ 3,98,34,600 ਤੋਂ ਵਧਾ ਕੇ 4,52,56,540 ਰੁਪਏ ਕਰਨ, ਸਰਕਾਰ ਵੱਲੋਂ ਨਿਰਧਾਰਿਤ ਕੀਤੇ ਰੇਟਾਂ ਅਨੁਸਾਰ ਪਾਰਕਾਂ ਦੀ ਦੇਖਭਾਲ ਦਾ ਕੰਮ ਅਲਾਟ ਕਰਨ ਦੇ ਤਹਿਤ ਫੇਜ਼-5 ਦੇ ਪਾਰਕ ਨੰਬਰ-34 ਦਾ ਕੰਮ ਭਾਈ ਘਨੱਈਆ ਜੀ ਵੈਲਫੇਅਰ ਸੁਸਾਇਟੀ ਨੂੰ, ਪਾਰਕ ਨੰਬਰ-40 ਦਾ ਕੰਮ ਸ੍ਰੀ ਹਰਿ ਮੰਦਰ ਸੰਕੀਰਤਨ ਸਭਾ ਫੇਜ਼-5 ਅਤੇ ਫੇਜ਼-10 ਦੇ ਪਾਰਕ ਨੰਬਰ-35 ਦਾ ਕੰਮ ਕੰਨਫਡਰੇਸ਼ਨ ਆਫ਼ ਗਰੇਟਰ ਮੁਹਾਲੀ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਨੂੰ ਅਲਾਟ ਕਰਨ, ਸਾਲਿਡ ਵੇਸਟ ਮੈਨੇਜਮੈਂਟ ਅਤੇ ਸੈਨੀਟੇਸ਼ਨ ਦੇ ਐਕਸ਼ਨ ਪਲਾਨ ਨੂੰ ਪ੍ਰਵਾਨਗੀ ਦੇਣ, ਏ ਬੀ ਸੀ ਪ੍ਰੋਗਰਾਮ ਤਹਿਤ ਆਵਾਰਾ ਕੁੱਤਿਆਂ/ਕੁੱਤੀਆਂ ਦੀ ਨਸਬੰਦੀ ਦੇ ਕੰਮ ਦੀ ਮਿਆਦ ਵਿੱਚ ਕੀਤੇ ਵਾਧੇ ਨੂੰ ਪ੍ਰਵਾਨਗੀ ਦੇਣ, ਗਊਸ਼ਾਲਾ ਦਾ ਬਿਜਲੀ ਦਾ ਬਿਲ ਅਦਾ ਕਰਨ ਸਮੇਤ ਨਿਗਮ ਦੇ ਕਰਮਚਾਰੀਆਂ ਨਾਲ ਸਬੰਧਤ ਮਤੇ ਵੀ ਲਿਆਂਦੇ ਜਾ ਰਹੇ ਹਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਪੁਲੀਸ ਵੱਲੋਂ ਖਣਨ ਵਿਭਾਗ ਦੀ ਜਾਅਲੀ ਵੈੱਬਸਾਈਟ ਦਾ ਮਾਸਟਰਮਾਈਂਡ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਖਣਨ ਵਿਭਾਗ ਦੀ ਜਾਅਲੀ ਵੈੱਬਸਾਈਟ ਦਾ ਮਾਸਟਰਮਾਈਂਡ ਗ੍ਰਿਫ਼ਤਾਰ ਜਾਅਲੀ ਖਣਨ ਰਸੀਦਾਂ ਤਿਆਰ…