27 ਨਵੰਬਰ ਨੂੰ ਹੋਣ ਵਾਲੇ ਮੁਹਾਲੀ ਨਗਰ ਨਿਗਮ ਦੀ ਮੀਟਿੰਗ ਵਿੱਚ ਮੇਅਰ ਨੂੰ ਮੁੱਦਿਆਂ ’ਤੇ ਘੇਰਨ ਲਈ ਲਾਮਬੰਦੀ

ਸਫ਼ਾਈ ਠੇਕੇਦਾਰ ਦੀਆਂ ਬੀਟਾਂ ਵਧਾਉਣ, ਗਮਾਡਾ ਤੇ ਨਿਗਮ ਮੁਲਾਜ਼ਮਾਂ ਨੂੰ ਕਮਿਊਨਿਟੀ ਸੈਟਰਾਂ ਦੀ ਮੁਫ਼ਤ ਸੁਵਿਧਾ ਦੇਣ ਦਾ ਹੋਵੇਗਾ ਵਿਰੋਧ

ਵਿਜੀਲੈਂਸ ਜਾਂਚ ਅਧੀਨ ਆਏ ਪਰੂਮਿੰਗ ਮਸ਼ੀਨ ਸੌਦੇ ਦਾ ਮੁੱਦਾ ਵੀ ਰਹੇਗਾ ਭਾਰੀ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਨਵੰਬਰ:
ਮੁਹਾਲੀ ਨਗਰ ਨਿਗਮ ਦੀ ਸੋਮਵਾਰ ਨੂੰ ਹੋਣ ਵਾਲੀ ਮੀਟਿੰਗ ਹੰਗਾਮਾਖੇਜ਼ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ ਜਿੱਥੇ ਸ਼ਹਿਰ ਦੀ ਸਫਾਈ ਦਾ ਕੰਮ ਸੰਭਾਲਣ ਵਾਲੀ ਕੰਪਨੀ ਦੀਆਂ 29 ਬੀਟਾਂ ਵਧਾ ਕੇ ਸਫਾਈ ਦੇ ਠੇਕੇ ਤੇ ਹੋਣ ਵਾਲੇ ਖਰਚੇ ਵਿੱਚ ਸਾਢੇ ਪੰਜ ਲੱਖ (ਲਗਭਗ) ਦਾ ਵਾਧਾ ਕਰਨ ਸੰਬੰਧੀ ਪੇਸ਼ ਮਤੇ ਦਾ ਕੌਂਸਲਰਾਂ ਵਲੋੱ ਵੱਡੇ ਪੱਧਰ ਤੇ ਵਿਰੋਧ ਕਰਨ ਦੀ ਸੰਭਾਵਨਾ ਹੈ ਉੱਥੇ ਨਿਗਮ ਵੱਲੋਂ ਦਰਖਤਾਂ ਦੀ ਕਟਾਈ ਅਤੇ ਛੰਗਾਈ ਲਈ ਪੌਣੇ ਦੋ ਕਰੋੜ ਰੁਪਏ ਦੀ ਕੀਮਤ ਤੇ ਖਰੀਦੀ ਗਈ ਅਤਿ ਆਧੁਨਿਕ ਪਰੂਮਿੰਗ ਮਸ਼ੀਨ ਦੇ ਸੌਦੇ ਦਾ ਮੁੱਦਾ (ਜਿਸ ਦੀ ਜਾਂਚ ਸਥਾਨਕ ਸਰਕਾਰ ਵਿਭਾਗ ਦੀ ਵਿਜੀਲੈਂਸ ਵਿੰਗ ਵਲੋੱ ਕੀਤੀ ਜਾ ਰਹੀ ਹੈ) ਦਾ ਮੁੱਦਾ ਵੀ ਜੋਰ ਸ਼ੋਰ ਨਾਲ ਉਠਣਾ ਹੈ। ਇਸਦੇ ਨਾਲ ਨਾਲ ਗਮਾਡਾ ਅਤੇ ਨਿਗਮ ਕਰਮਚਾਰੀਆਂ ਨੂੰ ਕਮਿਊਨਿਟੀ ਸੈਂਟਰਾਂ ਦੀ ਮੁਫਤ ਸਹੂਲੀਅਤ ਦੇ ਮਤੇ ਤੇ ਵੀ ਵੱਖ ਵੱਖ ਕੌਂਸਲਰਾਂ ਦੀ ਮੁਖਤਲਿਫ ਰਾਏ ਹੈ।
ਮੀਟਿੰਗ ਵਿੱਚ ਸ਼ਹਿਰ ਦੇ ਸਫਾਈ ਠੇਕੇ ਦੀਆਂ ਬੀਟਾਂ ਵਧਾਉਣ ਦਾ ਵਿਰੋਧ ਹੋਣਾ ਤੈਅ ਹੈ। ਇਸ ਦਾ ਕਾਰਨ ਇਹ ਹੈ ਕਿ ਸ਼ਹਿਰ ਦੇ ਵੱਡੀ ਗਿਣਤੀ ਕੌਂਸਲਰ ਪਹਿਲਾਂ ਹੀ ਇਸ ਕੰਪਨੀ ਦੀ ਕਾਰਗੁਜਾਰੀ ਤੋੱ ਅਸੰਤੁਸ਼ਟ ਹਨ ਅਤੇ ਅਜਿਹੀ ਹਾਲਤ ਵਿੱਚ ਇਸ ਕੰਪਨੀ ਦੀਆਂ ਬੀਟਾਂ ਵਿੱਚ ਹੋਰ ਵਾਧਾ ਕਰਨ ਦੀ ਗੱਲ ਕਿਸੇ ਨੂੰ ਹਜਮ ਨਹੀਂ ਹੋ ਰਹੀ। ਮਿਉਂਸਪਲ ਕੌਂਸਲਰ ਕੁਲਜੀਤ ਸਿੰਘ ਬੇਦੀ ਇਸ ਸੰਬੰਧੀ ਕਹਿੰਦੇ ਹਨ ਕਿ ਨਗਰ ਨਿਗਮ ਵਲੋੱ ਇਸ ਤਰੀਕੇ ਨਾਲ ਇਸ ਕੰਪਨੀ ਦੀਆਂ ਬੀਟਾਂ ਵਧਾ ਕੇ ਇਸ ਕੰਪਨੀ ਨੂੰ ਹਰ ਸਾਲ ਲਗਭਗ 70 ਲੱਖ ਰੁਪਏ ਦਾ ਫਾਇਦਾ ਦੇਣ ਦੀ ਇਸ ਕਾਰਵਾਈ ਦਾ ਉਹ ਸਖਤ ਵਿਰੋਧ ਕਰਣਗੇ। ਉਹਨਾਂ ਕਿਹਾ ਕਿ ਕੁੱਝ ਸਮਾਂ ਪਹਿਲਾਂ ਉਹਨਾਂ ਵੱਲੋਂ ਨਿੱਜੀ ਤੌਰ ’ਤੇ ਇਸ ਕੰਪਨੀ ਦੀ ਮਸ਼ੀਨੀ ਸਫਾਈ ਦੇ ਕੰਮ ਦੀ ਨਜਰਸ਼ਾਨੀ ਕੀਤੀ ਸੀ ਅਤੇ ਪਾਇਆ ਸੀ ਕਿ ਕੰਪਨੀ ਵੱਲੋਂ ਕੀਤਾ ਜਾਣ ਵਾਲਾ ਕੰਮ ਨਿਯਮਾਂ ਅਨੁਸਾਰ ਨਹੀਂ ਕੀਤਾ ਜਾ ਰਿਹਾ ਸੀ ਅਤੇ ਉਹਨਾਂ ਇਸ ਸੰਬੰਧੀ ਨਿਗਮ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਸੀ।
ਉਹਨਾਂ ਕਿਹਾ ਕਿ ਸ਼ਹਿਰ ਦੀਆਂ ਮਾਰਕੀਟਾਂ ਦੀਆਂ ਨਵੀਆਂ ਬੀਟਾਂ ਬਣਾਈਆਂ ਗਈਆਂ ਹਨ ਅਤੇ ਜੇਕਰ ਇਹਨਾਂ ਮਾਰਕੀਟਾਂ ਵਿੱਚ ਸਫਾਈ ਦੇ ਕੰਮ ਦੀਆਂ ਬੀਟਾਂ ਹੁਣੇ ਬਣਾਈਆਂ ਜਾਣੀਆਂ ਹਨ ਤਾਂ ਫਿਰ ਪਿਛਲੇ ਸਮੇੱ ਦੌਰਾਨ ਇੱਥੇ ਸਫਾਈ ਦਾ ਕੰਮ ਕੌਣ ਕਰ ਰਿਹਾ ਸੀ। ਸ੍ਰੀ ਬੇਦੀ ਕਹਿੰਦੇ ਹਨ ਕਿ ਸ਼ਹਿਰ ਦੀ ਮਸ਼ੀਨੀ ਅਤੇ ਮੈਨੁਅਲ ਸਫਾਈ ਕਰਨ ਵਾਲੀ ਕੰਪਨੀ ਵਲੋੱ ਕੀਤੇ ਜਾ ਰਹੇ ਸਫਾਈ ਦੇ ਕੰਮ ਤੋੱ ਸ਼ਹਿਰ ਵਾਸੀਆਂ ਨੂੰ ਢੇਰਾਂ ਸ਼ਿਕਾਇਤਾਂ ਦੇ ਬਾਵਜੂਦ ਇਸ ਤਰੀਕੇ ਨਾਲ ਉਸਨੂੰ ਫਾਇਦਾ ਦੇਣ ਦੀ ਇਹ ਕਾਰਵਾਈ ਕਿਸੇ ਨਾਲਾਇਕ ਬੱਚੇ ਨੂੰ ਇਨਾਮ ਦੇਣ ਵਰਗੀ ਹੈ ਅਤੇ ਅਜਿਹੇ ਕਰਕੇ ਨਿਗਮ ਦੇ ਅਧਿਕਾਰੀਆਂ ਨੇ ਖੁਦ ਤੇ ਹੀ ਸਵਾਲੀਆ ਨਿਸ਼ਾਨ ਖੜ੍ਹਾ ਕਰ ਲਿਆ ਹੈ।
ਕਾਬਿਜ਼ ਧਿਰ ਦੇ ਕੌਂਸਲਰ ਆਰ.ਪੀ. ਸ਼ਰਮਾ ਵੀ ਸਫ਼ਾਈ ਠੇਕੇਦਾਰਾਂ ਦੀਆਂ ਵਧਾਈਆਂ ਜਾ ਰਹੀਆਂ ਬੀਟਾਂ ਦੇ ਵਿਰੋਧ ਵਿੱਚ ਹਨ। ਉਹਨਾਂ ਕਿਹਾ ਕਿ ਸ਼ਹਿਰ ਵਿੱਚ ਸਫਾਈ ਦਾ ਕੰਮ ਕਿਸੇ ਪੱਖੋੱ ਵੀ ਤਸੱਲੀਬਖ਼ਸ਼ ਨਹੀਂ ਹੈ ਅਤੇ ਸਫਾਈ ਠੇਕੇਦਾਰ ਮਨਮਰਜੀ ਨਾਲ ਕੰਮ ਕਰਦੇ ਹਨ। ਸ਼ਹਿਰ ਵਿੱਚ ਬਣਾਏ ਆਰਜੀ ਕੂੜਾ ਘਰਾਂ ਵਿੱਚ ਪਿਆ ਕੂੜਾ ਕਈ ਵਾਰ ਦੋ ਦੋ ਦਿਨ ਤੱਕ ਨਹੀਂ ਚੁਕਵਾਇਆ ਜਾਂਦਾ ਅਤੇ ਅਜਿਹੀ ਹਾਲਤ ਵਿੱਚ ਇਸ ਠੇਕੇਦਾਰ ਦੀਆਂ ਬੀਟਾਂ ਵਿੱਚ ਵਾਧੇ ਦੀ ਇਹ ਕਾਰਵਾਈ ਕਿਸੇ ਪੱਖੋੱ ਵੀ ਜਾਇਜ਼ ਨਹੀਂ ਮੰਨੀ ਜਾ ਸਕਦੀ। ਉਹਨਾਂ ਕਿਹਾ ਕਿ ਇਸ ਸੰਬੰਧੀ ਸ਼ਹਿਰ ਦੇ ਕੌਂਸਲਰਾਂ ਦੀ ਇੱਕ ਕਮੇਟੀ ਬਣਾ ਕੇ ਸ਼ਹਿਰ ਦੀ ਸਫਾਈ ਵਿਵਸਥਾ ਦੀ ਨਜਰਸ਼ਾਨੀ ਕੀਤੀ ਜਾਣੀ ਚਾਹੀਦੀ ਹੈ ਅਤੇ ਉਸਤੋੱ ਬਾਅਦ ਹੀ ਸਫਾਈ ਠੇਕੇ ਦੀਆਂ ਬੀਟਾਂ ਵਧਾਉਣ ਬਾਰੇ ਕੋਈ ਵਿਚਾਰ ਹੋਣਾ ਚਾਹੀਦਾ ਹੈ।
ਇਸ ਦੇ ਨਾਲ ਨਾਲ ਇਸ ਵਾਰ ਦੀ ਮੀਟਿੰਗ ਵਿੱਚ ਨਿਗਮ ਵੱਲੋਂ ਪੌਣੇ ਦੋ ਕਰੋੜ ਰੁਪਏ ਦੀ ਕੀਮਤ ਦੀ ਪਰੂਮਿੰਗ ਮਸ਼ੀਨ ਦਾ ਮੁੱਦਾ ਵੀ ਜੋਰ ਸ਼ੋਰ ਨਾਲ ਉਠਣਾ ਤੈਅ ਹੈ। ਇੱਥੇ ਇਹ ਜਿਕਰਯੋਗ ਹੈ ਕਿ ਇਸ ਮਸ਼ੀਨ ਦੀ ਖਰੀਦ ਲਈ ਨਿਗਮ ਵਲੋੱ ਦਿੱਲੀ ਦੀ ਇੱਕ ਕੰਪਨੀ ਨੂੰ ਠੇਕਾ ਦਿੱਤਾ ਗਿਆ ਸੀ ਅਤੇ ਇਸ ਵਾਸਤੇ ਨਿਗਮ ਵੱਲੋਂ 90 ਲੱਖ ਰੁਪਏ ਅਡਵਾਂਸ ਵੀ ਦਿੱਤੇ ਜਾ ਚੁੱਕੇ ਹਨ। ਬੀਤੇ ਦਿਨੀ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਇਸ ਮਸ਼ੀਨ ਸੰਬੰਧੀ ਜਾਣਕਾਰੀ ਹਾਸਿਲ ਕਰਨ ਲਈ ਸੂਚਨਾ ਦੇ ਅਧਿਕਾਰ ਤਹਿਤ ਅਰਜੀ ਵੀ ਦਾਖਿਲ ਕੀਤੀ ਸੀ ਕਿਉਂਕਿ ਨਿਗਮ ਅਧਿਕਾਰੀ ਇਸ ਮਸ਼ੀਨ ਬਾਰੇ ਉਹਨਾਂ ਨੂੰ ਲੋੜੀਂਦੀ ਜਾਣਕਾਰੀ ਦੇਣ ਤੋਂ ਟਾਲਾ ਵੱਟ ਰਹੇ ਸਨ। ਅਕਾਲੀ ਕੌਂਸਲਰ ਪਰਮਜੀਤ ਸਿੰਘ ਕਾਹਲੋਂ ਕਹਿੰਦੇ ਹਨ ਕਿ ਸ਼ਹਿਰ ਦੇ ਕੌਂਸਲਰ ਪਿਛਲੇ ਇੱਕ ਸਾਲ ਤੋਂ ਲੋਕਾਂ ਨੂੰ ਇਹ ਭਰੋਸਾ ਦੇ ਰਹੇ ਹਨ ਕਿ ਪਰੂਮਿੰਗ ਮਸ਼ੀਨ ਆਉਣ ਤੋਂ ਬਾਅਦ ਦਰਖਤਾਂ ਦੀ ਸੁਰੱਖਿਅਤ ਅਤੇ ਵਿਗਿਆਨਕ ਢੰਗ ਨਾਲ ਛੰਗਾਈ ਅਤੇ ਉਚਾਈ ਰੋਕਣ ਲਈ ਟਾਹਣਿਆਂ ਦੀ ਕਟਾਈ ਕਰਵਾਉਣੀ ਆਰੰਭ ਹੋ ਜਾਵੇਗੀ ਪਰੰਤੂ ਇਹ ਮਸ਼ੀਨ ਕਿੱਥੇ ਹੈ ਇਸ ਬਾਰੇ ਕੋਈ ਗੱਲ ਕਰਨ ਲਈ ਤਿਆਰ ਨਹੀਂ ਹੈ।
ਸ਼ਹਿਰ ਵਿੱਚ ਬਣੇ ਕਮਿਊਨਿਟੀ ਸੈਂਟਰਾਂ ਨੂੰ ਗਮਾਡਾ ਅਤੇ ਨਗਰ ਨਿਗਮ ਦੇ ਮੁਲਾਜ਼ਮਾਂ ਨੂੰ ਨਿੱਜੀ ਫੰਕਸ਼ਨਾਂ ਲਈ ਮੁਫ਼ਤ ਮੁਹਈਆ ਕਰਵਾਏ ਜਾਣ ਵਾਲੇ ਮਤੇ ਦੇ ਵਿਰੋਧ ਵਿੱਚ ਕੌਂਸਲਰ ਸੁਰਜੀਤ ਕੌਰ ਸੋਢੀ ਕਹਿੰਦੇ ਹਨ ਕਿ ਨਿਗਮ ਕੋਲ ਜਿਹੜਾ ਪੈਸਾ ਹੈ ਉਹ ਸ਼ਹਿਰ ਵਾਸੀਆਂ ਦੇ ਟੈਕਸਾਂ ਦਾ ਪੈਸਾ ਹੈ ਅਤੇ ਇਸਨੂੰ ਇਸ ਤਰੀਕੇ ਨਾਲ (ਆਪਣਿਆਂ ਨੂੰ) ਰੇਵੜੀਆਂ ਵਾਂਗ ਵੰਡਣ ਲਈ ਨਹੀਂ ਵਰਤਿਆ ਜਾਣਾ ਚਾਹੀਦਾ। ਉਹਨਾਂ ਕਿਹਾ ਕਿ ਕਮਿਊਨਿਟੀ ਸੈਂਟਰਾਂ ਦੀਆਂ ਫੀਸਾਂ ਬਹੁਤ ਜਿਆਦਾ ਹਨ ਅਤੇ ਇਹਨਾਂ ਨੂੰ ਘੱਟ ਕਰਕੇ ਪੰਜ ਤੋਂ ਛੇ ਹਜ਼ਾਰ ਦੇ ਵਿੱਚ ਕੀਤਾ ਜਾਣਾ ਚਾਹੀਦਾ ਹੈ ਅਤੇ ਜੇਕਰ ਨਿਗਮ ਅਤੇ ਗਮਾਡਾ ਦੇ ਕਰਮਚਾਰੀਆਂ ਨੂੰ ਕੋਈ ਰਾਹਤ ਦੇਣੀ ਹੈ ਤਾਂ ਉਹ ਇਸ ਕਿਰਾਏ ਤੇ 25-30 ਫੀਸਦੀ ਛੂਟ ਤੋਂ ਵੱਧ ਨਹੀਂ ਹੋਣੀ ਚਾਹੀਦੀ।
ਕੌਂਸਲਰ ਹਰਮਨਪ੍ਰੀਤ ਸਿੰਘ ਪ੍ਰਿੰਸ ਫੇਜ਼ 3 ਬੀ 1 ਦੇ ਕਮਿਊਨਿਟੀ ਸੈਂਟਰ ਦੇ ਮੁੱਦੇ ਤੇ ਕਹਿੰਦੇ ਹਨ ਕਿ ਸ਼ਹਿਰ ਦੇ ਬਾਕੀ ਕਮਿਊਨਿਟੀ ਸੈਂਟਰ ਤਾਂ ਨਿਗਮ ਨੂੰ ਮਿਲ ਗਏ ਹਨ ਪਰੰਤੂ ਉਹਨਾਂ ਵਲੋੱ ਵਾਰ ਵਾਰ ਮੁੱਦਾ ਚੁੱਕਣ ਦੇ ਬਾਵਜੂਦ ਹਣ ਤਕ ਇਸ ਕਮਿਊਨਿਟੀ ਸੈਂਟਰ ਦਾ ਕਬਜਾ ਗਮਾਡਾ ਕੋਲ ਹੀ ਹੈ। ਉਹਨਾਂ ਕਿਹਾ ਕਿ ਇੱਥੋਂ ਜ਼ਿਲ੍ਹਾ ਅਦਾਲਤਾਂ ਵੀ ਤਬਦੀਲ ਹੋ ਚੁੱਕੀਆਂ ਹਨ ਪਰੰਤੂ ਗਮਾਡਾ ਵਲੋੱ ਇਹ ਕਹਿ ਕੇ ਇਸਦਾ ਕਬਜਾ ਨਹੀਂ ਦਿੱਤਾ ਗਿਆ ਕਿ ਇੱਥੇ ਇੱਕ ਕਮਰੇ ਵਿੱਚ ਕੋਰਟ ਦਾ ਕੁੱਝ ਸਾਮਾਨ ਪਿਆ ਹੈ। ਉਹਨਾਂ ਕਿਹਾ ਕਿ ਨਿਗਮ ਵੱਲੋਂ ਇਸ ਕਮਿਉਨਿਟੀ ਸੈਂਟਰ ਦਾ ਕਬਜਾ ਤੁਰੰਤ ਹਾਸਿਲ ਕਰਨਾ ਚਾਹੀਦਾ ਹੈ ਅਤੇ ਇਸ ਮੁੱਦੇ ਨੂੰ ਉਹ ਨਿਗਮ ਦੀ ਮੀਟਿੰਗ ਵਿੱਚ ਉਠਾਉਣਗੇ। ਕੁਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ 27 ਨਵੰਬਰ ਨੂੰ ਹੋਣ ਵਾਲੀ ਨਿਗਮ ਦੀ ਮੀਟਿੰਗ ਹੰਗਾਮਾਖੇਜ ਰਹਿ ਸਕਦੀ ਹੈ ਅਤੇ ਇਸ ਸੰਬੰਧੀ ਵੱਖ ਵੱਖ ਕੌਂਸਲਰਾਂ ਵੱਲੋਂ ਆਪਣੇ ਮੁੱਦੇ ਤਿਆਰ ਕੀਤੇ ਜਾ ਰਹੇ ਹਨ।
ਸ਼ਹਿਰ ਦੇ ਤਿੰਨ ਸਰਕਾਰੀ ਹਾਈ ਸਕੂਲਾਂ ਵਿੱਚ ਲੋੜੀਂਦੀਆਂ ਸਹੂਲਤਾਂ ਦੇਣ ਲਈ ਨਿਗਮ ਦੀ ਮੀਟਿੰਗ ਵਿੱਚ ਆਏਗਾ ਟੇਬਲ ਏਜੰਡਾ
ਨਿਗਮ ਦੀ ਮੀਟਿੰਗ ਵਿੱਚ ਟੇਬਲ ਆਈਟਮ ਲਿਆ ਕੇ ਸ਼ਹਿਰ ਦੇ ਤਿੰਨ ਹਾਈ ਸਕੂਲਾਂ ਵਿੱਚ ਲੋੜੀਂਦਾ ਬੁਨਿਆਦੀ ਢਾਂਚਾ ਮੁਹਈਆ ਕਰਵਾਉਣ ਲਈ ਵੀ ਮਤਾ ਲਿਆਂਦਾ ਜਾ ਰਿਹਾ ਹੈ। ਇਸ ਸੰਬੰਧੀ ਨਗਰ ਨਿਗਮ ਦੀ ਇੰਜਨੀਅਰਿੰਗ ਵਿਭਾਗ ਦੇ ਅਧਿਕਾਰੀਆਂ ਕੋਲੋਂ ਇਹਨਾਂ ਸਕੂਲਾਂ ਵਿੱਚ ਲੋੜੀਂਦੇ ਬੁਨਿਆਦੀ ਢਾਂਚੇ ਦਾ ਵੇਰਵਾ ਵੀ ਤਿਆਰ ਕਰਵਾਇਆ ਗਿਆ ਹੈ। ਇਹਨਾਂ ਵਿੱਚ 2 ਸਕੂਲ ਪਿੰਡ ਮਟੌਰ ਵਿੱਚ ਅਤੇ ਇੱਕ ਫੇਜ਼ 6 ਵਿੱਚ ਸਥਿਤ ਹੈ।
ਸੰਪਰਕ ਕਰਨ ਤੇ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਹਨਾਂ ਸਕੂਲਾਂ ਵਿੱਚ ਲੋੜ ਅਨੁਸਾਰ ਕਮਰੇ ਅਤੇ ਹੋਰ ਸਹੂਲਤਾਂ ਨਾ ਹੋਣ ਕਾਰਨ ਬੱਚਿਆਂ ਦੀ ਪੜ੍ਹਾਈ ਦਾ ਕੰਮ ਪ੍ਰਭਾਵਿਤ ਹੋ ਰਿਹਾ ਸੀ ਅਤੇ ਇਸ ਸਬੰਧੀ ਇਹਨਾਂ ਵਾਰਡਾਂ ਦੇ ਸੰਬੰਧਿਤ ਕੌਂਸਲਰਾਂ ਵੱਲੋਂ ਨਿਗਮ ਦੇ ਧਿਆਨ ਵਿੱਚ ਗੱਲ ਲਿਆਂਦੀ ਗਈ ਸੀ ਅਤੇ ਨਿਗਮ ਵਲੋੱ ਇਹਨਾਂ ਸਕੂਲਾ ਦੀ ਸਰਵੇ ਕਰਵਾ ਕੇ ਇਸ ਸੰਬੰਧੀ 27 ਨਵੰਬਰ ਦੀ ਮੀਟਿੰਗ ਵਿੱਚ ਟੇਬਲ ਆਈਟਮ ਲਿਆਂਦੀ ਜਾ ਰਹੀ ਹੈ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…