nabaz-e-punjab.com

ਮੁਹਾਲੀ ਨਗਰ ਨਿਗਮ ਦੀ ਮੀਟਿੰਗ ਸੋਮਵਾਰ ਨੂੰ, ਵਿਕਾਸ ਕਾਰਜ, ਮੁਲਾਜ਼ਮਾਂ ਤੇ ਹੋਰ ਮਤਿਆਂ ’ਤੇ ਹੋਵੇਗੀ ਚਰਚਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਅਗਸਤ:
ਮੁਹਾਲੀ ਨਗਰ ਨਿਗਮ ਦੀ 5 ਮਈ ਨੂੰ ਹੋਣ ਵਾਲੀ ਮੀਟਿੰਗ ਵਿੱਚ ਸ਼ਹਿਰ ਦੇ ਵਿਕਾਸ ਕਾਰਜਾਂ ਅਤੇ ਮੁਲਾਜ਼ਮਾਂ ਨਾਲ ਸਬੰਧਤ ਮਤੇ ਹਾਊਸ ਵਿੱਚ ਪੇਸ਼ ਹੋਣਗੇ। ਮੇਅਰ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਣ ਵਾਲੀ ਇਸ ਮੀਟਿੰਗ ਨਗਰ ਨਿਗਮ ਦੇ ਬਜਟ, ਬੱਸ ਕਿਊ ਸ਼ੈਲਟਰ, ਸੜਕਾਂ ’ਤੇ ਪ੍ਰੀਮਿਕਸ ਪਾਉਣ, ਇਤਿਹਾਸਕ ਨਗਰ ਸੋਹਾਣਾ ਅਤੇ ਕੁੰਭੜਾ ਵਿੱਚ ਨਵੇਂ ਟਿਊਬਵੈੱਲ ਲਗਾਉਣ ਸਮੇਤ ਮੁਲਾਜ਼ਮਾਂ ਦੇ ਸੇਵਾਕਾਲ ਵਿੱਚ ਵਾਧਾ ਕਰਨ, ਤਰਸ ਦੇ ਆਧਾਰ ’ਤੇ ਨੌਕਰੀ ਦੇਣ ਅਤੇ ਉੱਚੇ ਲੰਮੇ ਦਰਖ਼ਤਾਂ ਨੂੰ ਛਾਂਗਣ ਸਮੇਤ ਹੋਰ ਅਹਿਮ ਮੁੱਦਿਆਂ ’ਤੇ ਚਰਚਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਵਿਕਾਸ ਕੰਮਾਂ ਲਈ ਲੋੜੀਂਦੀ ਰਕਮ ਦਾ ਪ੍ਰਬੰਧ ਕਰਨ ਲਈ ਹੋਰਨਾਂ ਮੱਦਾਂ ਵਿੱਚ ਪਏ ਵਾਧੂ ਫੰਡ (ਅਣਵਰਤੀ ਰਾਸ਼ੀ) ਨੂੰ ਵਿਕਾਸ ਕਾਰਜਾਂ ’ਤੇ ਖਰਚਣ ਦੀ ਪ੍ਰਵਾਨਗੀ ਲੈਣ ਦਾ ਮਤਾ ਪੇਸ਼ ਕੀਤਾ ਜਾਵੇਗਾ।
ਇਸ ਮੀਟਿੰਗ ਦੌਰਾਨ ਪੇਸ਼ ਹੋਣ ਵਾਲੇ ਮਤਿਆਂ ਅਨੁਸਾਰ ਨਗਰ ਨਿਗਮ ਦੇ ਸਾਲ 2019 ਦੇ ਬਜਟ ਲਈ ਸਰਕਾਰ ਵੱਲੋਂ ਆਮਦਨ 125.66 ਕਰੋੜ ਰੁਪਏ, ਮੁੱਢਲਾ ਬਕਾਇਆ 40.11 ਕਰੋੜ ਰੁਪਏ (ਕੁੱਲ 165077 ਕਰੋੜ ਰੁਪਏ) ਦਾ ਬਜਟ ਪਾਸ ਕੀਤਾ ਹੈ। ਇਸ ਵਿੱਚ ਅਮਲੇ ਤੇ ਖਰਚਾ 38.50 ਕਰੋੜ ਰੁਪਏ ਅਤੇ ਵਿਕਾਸ ਕੰਮਾਂ ਲਈ 108.85 ਕਰੋੜ ਰੁਪਏ ਬਣਦੇ ਹਨ। ਮਤੇ ਅਨੁਸਾਰ ਇਸ ਪਾਸ ਕੀਤੇ ਬਜਟ ਵਿੱਚ ਵਾਟਰ ਸਪਲਾਈ ਦੇ ਰੱਖ ਰਖਾਓ, ਸੜਕਾਂ ਦੀ ਮੁਰੰਮਤ ਅਤੇ ਮੁੜ ਉਸਾਰੀ ਅਤੇ ਫੁਟਪਾਥਾਂ ਦੀ ਉਸਾਰੀ ਤੇ ਕਿਤੇ ਵੱਧ ਖਰਚੇ ਦੀ ਲੋੜ ਹੈ, ਇਸ ਲਈ ਬਜਟ ਵਿੱਚ ਮਨਜ਼ੂਰ ਹੋਰਨਾਂ ਮੱਦਾਂ ਵਿੱਚ ਅਣਵਰਤੀ ਰਕਮ ਨੂੰ ਇਨ੍ਹਾਂ ਕੰਮਾਂ ਲਈ ਵਰਤਣ ਨੂੰ ਮਨਜ਼ੂਰੀ ਦੇਣ ਲਈ ਮਤਾ ਨਿਗਮ ਦੀ ਮੀਟਿੰਗ ਵਿੱਚ ਪੇਸ਼ ਕੀਤਾ ਗਿਆ ਹੈ।
ਮਤੇ ਅਨੁਸਾਰ ਟਿਊਬਵੈਲਾਂ ਦੇ ਬਿਜਲੀ ਬਿਲ, ਸੀਵਰੇਜ ਅਤੇ ਬਰਸਾਤੀ ਨਾਲੀਆਂ ਦੇ ਰੱਖ ਰਖਾਓ, ਵਾਟਰ ਸਪਲਾਈ ਦੀ ਮੁਰੰਮਤ, ਡਾਇਰੈਕਟਰੇਟ ਖਰਚੇ, ਸਟਰੀਟ ਲਾਈਟ ਦੇ ਰੱਖ ਰਖਾਓ, ਕੈਂਸਰ ਸੈਸ, ਆਡਿਟ ਫੀਸ, ਨਿਗਮ ਇਮਾਰਤ ਦੀ ਉਸਾਰੀ ਅਤੇ ਰੱਖ ਰਖਾਓ, ਸਟਰੀਟ ਲਾਈਟਾਂ ਦੇ ਬਿਜਲੀ ਬਿੱਲ, ਪਬਲਿਕ ਪਖਾਨਿਆਂ ਦੇ ਰੱਖ ਰਖਾਓ ਅਤੇ ਗਊਸ਼ਾਲਾ ਲਈ ਜ਼ਮੀਨ ਦੀ ਖਰੀਦ ਅਤੇ ਇਮਾਰਤ ਦੀ ਉਸਾਰੀ ਲਈ ਰੱਖੇ ਗਏ 49 ਕਰੋੜ ਰੁਪਏ ਦੀ ਰਕਮ ’ਚੋਂ ਵਾਧੂ ਰਕਮ ਨੂੰ ਹੋਰਨਾਂ ਮੱਦਾਂ ਵਿੱਚ ਖਰਚ ਕਰਨ ਦੀ ਪ੍ਰਵਾਨਗੀ ਮੰਗੀ ਗਈ ਹੈ।
ਅਕਾਲੀ ਕੌਂਸਲਰ ਪਰਵਿੰਦਰ ਸਿੰਘ ਬੈਦਵਾਨ ਨੇ ਦੱਸਿਆ ਕਿ ਸੋਹਾਣਾ ਵਾਸੀਆਂ ਪਿਆਸ ਬੁਝਾਉਣ ਲਈ ਨਵਾਂ ਟਿਊਬਵੈੱਲ ਲਗਾਉਣ ਦੇ ਨਾਲ ਨਾਲ ਸਮੁੱਚੇ ਪਿੰਡ ਵਿੱਚ ਵਾਟਰ ਸਪਲਾਈ ਦੀਆਂ ਸਾਰੀਆਂ ਪੁਰਾਣੀਆਂ ਪਾਈਪਾਂ ਬਦਲ ਕੇ ਨਵੇਂ ਸਿਰਿਓਂ ਜਲ ਸਪਲਾਈ ਪਾਈਪਲਾਈਨ ਵਿਛਾਈ ਜਾਵੇਗੀ। ਕਿਉਂਕਿ ਸਮੇਂ ਵਿੱਚ ਥਾਂ ਥਾਂ ਤੋਂ ਪੁਰਾਣੀ ਪਾਈਪਾਂ ਟੁੱਟਣ ਕਾਰਨ ਗੰਦਾ ਪਾਣੀ ਰਸਣ ਨਾਲ ਪਿੰਡ ਵਾਸੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਮੀਟਿੰਗ ਵਿੱਚ ਸ਼ਹਿਰ ਵਿੱਚ ਲੱਗੇ ਪੁਰਾਣੇ ਅਤੇ ਵੱਡੇ ਦਰਖ਼ਤਾਂ ਦਾ ਮਤਾ ਵੀ ਪੇਸ਼ ਕੀਤਾ ਗਿਆ ਹੈ। ਮਤੇ ਵਿੱਚ ਕਿਹਾ ਗਿਆ ਹੈ ਕਿ ਨਗਰ ਨਿਗਮ ਵੱਲੋਂ ਬੀਤੀ 1 ਜੂਨ 2017 ਤੋਂ ਸ਼ਹਿਰ ਦੇ ਪਾਰਕਾਂ ਅਤੇ ਸੜਕਾਂ ਤੇ ਲੱਗੇ ਦਰਖਤਾਂ ਦੀ ਦੇਖਭਾਲ ਕੀਤੀ ਜਾਂਦੀ ਹੈ। ਸ਼ਹਿਰ ਵਿੱਚ ਲੱਗੇ ਇਹ ਦਰਖਤ 20 ਸਾਲ ਤੋਂ ਵੀ ਪਹਿਲਾਂ ਦੇ ਲੱਗੇ ਹੋਏ ਹਨ। ਜਿਨ੍ਹਾਂ ਦੀ ਉੱਚਾਈ 40 ਤੋਂ 50 ਫੁੱਟ ਤੱਕ ਹੋ ਚੁੱਕੀ ਹੈ ਅਤੇ ਨਗਰ ਨਿਗਮ ਨੂੰ ਇਨ੍ਹਾਂ ਦਰਖਤਾਂ ਸਬੰਧੀ ਰੋਜ਼ਾਨਾ ਕਾਫ਼ੀ ਸ਼ਿਕਾਇਤਾਂ ਮਿਲਦੀਆਂ ਹਨ। ਤੇਜ ਤੂਫ਼ਾਨ ਅਤੇ ਬਰਸਾਤ ਕਾਰਨ ਕਈ ਦਰਖਤ ਡਿੱਗ ਚੁੱਕੇ ਹਨ ਅਤੇ ਇਨ੍ਹਾਂ ਕਾਰਨ ਕੋਈ ਅਣਸੁਖਾਵੀ ਘਟਨਾ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ। ਮਤੇ ਅਨੁਸਾਰ ਨਿਗਮ ਵੱਲੋਂ ਦਰਖਤਾਂ ਦੀ ਸਿਰਫ਼ ਛੰਗਾਈ ਕੀਤੀ ਜਾਂਦੀ ਹੈ। ਜਿਹੜੇ ਦਰਖਤ ਬਹੁਤ ਜ਼ਿਆਦਾ ਉੱਚੇ ਹੋ ਗਏ ਹਨ। ਉਨ੍ਹਾਂ ਦੇ ਡਿੱਗਣ ਦਾ ਖਤਰਾ ਹਰ ਵੇਲੇ ਰਹਿੰਦਾ ਹੈ ਪ੍ਰੰਤੂ ਦਰਖਤਾਂ ਦੀ ਕਟਾਈ ਦੇ ਕੋਈ ਨਿਯਮ ਮੌਜੂਦ ਨਹੀਂ ਹਨ।
ਮਤੇ ਵਿੱਚ ਕਿਹਾ ਗਿਆ ਹੈ ਕਿ ਦਰਖਤਾਂ ਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਤਹਿਤ ਛੰਗਾਈ ਦੇ ਨਿਯਮ ਤੈਅ ਕਰਨ, ਸੁੱਕੇ ਦਰਖਤਾਂ ਬਾਰੇ ਫੈਸਲਾ ਕਰਨ ਅਤੇ 40 ਫੁੱਟ ਤੋਂ ਉੱਚੇ ਦਰਖਤਾ ਦੀ ਸਮੱਸਿਆ ਦੇ ਹੱਲ ਲਈ ਫੈਸਲਾ ਲੈਣ ਬਾਰੇ ਚਰਚਾ ਕੀਤੀ ਜਾਵੇਗੀ। ਇਸੇ ਤਰ੍ਹਾਂ ਸ਼ਹਿਰ ਦੀਆਂ ਪਾਰਕਾਂ ਵਿੱਚ ਲੱਗੇ ਸਫੈਦੇ ਦੇ ਦਰਖਤਾਂ ਨੂੰ ਹਟਾਉਣ ਲਈ ਵੀ ਮੀਟਿੰਗ ਵਿੱਚ ਫੈਸਲਾ ਲਿਆ ਜਾਣਾ ਹੈ। ਇਸ ਤੋਂ ਇਲਾਵਾ ਫਾਇਰ ਬ੍ਰਿਗੇਡ ਲਈ ਪਾਣੀ ਦੀ ਨਵੀਂ ਗੱਡੀ ਅਤੇ ਸੈਨੀਟੇਸ਼ਨ ਸ਼ਾਖਾ ਲਈ ਦੋ ਨਵੇਂ ਟਰੈਕਟਰਾਂ ਦੀ ਖਰੀਦ ਲਈ ਵੀ ਮਤਾ ਪੇਸ਼ ਕੀਤਾ ਜਾ ਰਿਹਾ ਹੈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…