ਮੁਹਾਲੀ ਨਗਰ ਨਿਗਮ ਇਸ਼ਤਿਹਾਰੀ ਕੰਪਨੀਆਂ ਤੋਂ ਪੈਸਾ ਵਸੂਲੇ ਜਾਂ ਬਲੈਕ-ਲਿਸਟ ਕਰੇ

ਸਾਬਕਾ ਕੌਂਸਲਰ ਕੁਲਜੀਤ ਬੇਦੀ ਨੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਲਿਖਿਆ ਪੱਤਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਜੂਨ:
ਮੁਹਾਲੀ ਨਗਰ ਨਿਗਮ ਅਧੀਨ ਪੈਂਦੀਆਂ ਮਾਰਕੀਟਾਂ ਤੇ ਸ਼ਹਿਰ ਦੇ ਹੋਰਨਾਂ ਵੱਖ-ਵੱਖ ਹਿੱਸਿਆਂ ਵਿੱਚ ਸੜਕਾਂ ਕਿਨਾਰੇ ਇਸ਼ਤਿਹਾਰਾਂ ਵਾਲੀਆਂ ਸਾਈਟਾਂ ਉੱਤੇ ਇਸ਼ਤਿਹਾਰ ਲਗਾਉਣ ਵਾਲੀਆਂ ਕੰਪਨੀਆਂ ਵੱਲੋਂ ਤਾਲਾਬੰਦੀ ਦਾ ਬਹਾਨਾ ਲਗਾ ਕੇ ਨਗਰ ਨਿਗਮ ਨੂੰ ਕੀਤਾ ਜਾ ਰਿਹਾ ਭੁਗਤਾਨ ਰੋਕ ਦਿੱਤਾ ਗਿਆ ਹੈ ਅਤੇ ਪਿਛਲੇ 3 ਮਹੀਨਿਆਂ ਤੋਂ ਕੰਪਨੀਆਂ ਨਿਗਮ ਨੂੰ ਭੁਗਤਾਨ ਨਹੀਂ ਕਰ ਰਹੀਆਂ ਹਨ ਜਦਕਿ ਇਨ੍ਹਾਂ ਕੰਪਨੀਆਂ ਦਾ ਨਿਗਮ ਨਾਲ ਪੂਰੇ ਸਾਲ ਦਾ ਐਗਰੀਮੈਂਟ ਹੈ। ਇਸ ਸਬੰਧੀ ਸਮਾਜ ਸੇਵੀ ਆਗੂ ਤੇ ਸਾਬਕਾ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਮੁਹਾਲੀ ਨਿਗਮ ਦੇ ਕਮਿਸ਼ਨਰ ਨੂੰ ਇੱਕ ਪੱਤਰ ਲਿਖ ਕੇ ਇਨ੍ਹਾਂ ਕੰਪਨੀਆਂ ਤੋਂ ਤੁਰੰਤ ਵਸੂਲੀ ਕਰਨ ਅਤੇ ਅਦਾਇਗੀ ਨਾ ਮਿਲਣ ਤੇ ਉਨ੍ਹਾਂ ਨੂੰ ਬਲੈਕ-ਲਿਸਟ ਕਰਨ ਦੀ ਮੰਗ ਕੀਤੀ ਹੈ।
ਨਿਗਮ ਕਮਿਸ਼ਨਰ ਨੂੰ ਲਿਖੇ ਪੱਤਰ ਵਿੱਚ ਸ੍ਰੀ ਬੇਦੀ ਨੇ ਕਿਹਾ ਹੈ ਕਿ ਹੁਣ ਜਦੋਂ ਸ਼ਹਿਰ ਦੀਆਂ ਸਾਰੀਆਂ ਮਾਰਕੀਟਾਂ ਖੁੱਲ੍ਹ ਚੁੱਕੀਆਂ ਹੋਈਆਂ ਹਨ, ਸਾਰੇ ਕਾਰੋਬਾਰ ਚਾਲੂ ਹੋ ਚੁੱਕੇ ਹਨ ਅਤੇ ਸਾਰੇ ਲੋਕੀਂ ਕਿਸੇ ਨਾ ਕਿਸੇ ਰੂਪ ਵਿੱਚ ਸਰਕਾਰ ਨੂੰ ਟੈਕਸ ਅਦਾ ਕਰ ਰਹੇ ਹਨ। ਪ੍ਰੰਤੂ ਫਿਰ ਵੀ ਇਹ ਇਸ਼ਤਿਹਾਰ ਲਗਾਉਣ ਵਾਲੀਆਂ ਕੰਪਨੀਆਂ ਇਨ੍ਹਾਂ ਇਸ਼ਤਿਹਾਰਾਂ ਵਾਲੀਆਂ ਸਾਈਟਾਂ ਉੱਤੇ ਜਾਣਬੁੱਝ ਕੇ ਇਸ਼ਤਿਹਾਰ ਨਹੀਂ ਲਗਾ ਰਹੀਆਂ ਹਨ ਤਾਂ ਜੋ ਤਾਲਾਬੰਦੀ ਦੀ ਆੜ ਵਿੱਚ ਭੁਗਤਾਨ ਕਰਨ ਤੋਂ ਬਚਣ ਲਈ ਡਰਾਮੇਬਾਜ਼ੀ ਕੀਤੀ ਜਾ ਸਕੇ। ਉਨ੍ਹਾਂ ਨਿਗਮ ਕਮਿਸ਼ਨਰ ਕੋਲੋਂ ਮੰਗ ਕੀਤੀ ਹੈ ਕਿ ਉਕਤ ਕੰਪਨੀਆਂ ਕੋਲੋਂ ਪੈਸੇ ਦੀ ਰਿਕਵਰੀ ਕਰਵਾਉਣ ਲਈ ਇਨ੍ਹਾਂ ਨੂੰ ਨੋਟਿਸ ਜਾਰੀ ਕੀਤੇ ਜਾਣ ਅਤੇ ਪਿਛਲੇ ਸਾਰੇ ਮਹੀਨਿਆਂ ਦਾ ਪੈਸਾ ਇਨ੍ਹਾਂ ਕੰਪਨੀ ਤੋਂ ਵਸੂਲਿਆ ਜਾਵੇ ਤਾਂ ਜੋ ਇਹ ਪੈਸਾ ਸ਼ਹਿਰ ਦੇ ਵਿਕਾਸ ਕਾਰਜਾਂ ਉੱਤੇ ਖ਼ਰਚਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਪੰਜ ਪ੍ਰਾਈਵੇਟ ਕੰਪਨੀਆਂ ਕੋਲ ਨਗਰ ਨਿਗਮ ਅਧੀਨ ਆਉਂਦੇ ਖੇਤਰਾਂ ਵਿੱਚ ਇਸ਼ਤਿਹਾਰਬਾਜ਼ੀ ਕਰਨ ਦਾ ਠੇਕਾ ਹੈ। ਇਨ੍ਹਾਂ ਕੰਪਨੀਆਂ ਵਿੱਚ ਸੈਲਵਾਨ ਪ੍ਰਾਈਵੇਟ ਲਿਮਟਿਡ, ਹਿੰਦੁਸਤਾਨ ਪਬਲਿਸਿਟੀ, ਪਾਇਨੀਅਰ ਪਬਲਿਸ਼ਿੰਗ, ਵਿਜ਼ਨ ਏਜੰਸੀ, ਗਰੋਇੰਗ ਕੰਟੈਂਟ ਸ਼ਾਮਲ ਹਨ। ਇਹ ਸਾਰੀਆਂ ਕੰਪਨੀਆਂ ਤਾਲਾਬੰਦੀ ਦੇ ਬਹਾਨੇ ਨਿਗਮ ਦਾ ਲਗਭਗ ਸਵਾ 2 ਕਰੋੜ ਰੁਪਏ ਦੱਬੀ ਬੈਠੀਆਂ ਹਨ। ਉਨ੍ਹਾਂ ਕਿਹਾ ਕਿ ਇਹਨਾਂ ਕੰਪਨੀਆਂ ਵੱਲ ਬਕਾਇਆ ਰਕਮ ਦੀ ਤੁਰੰਤ ਵਸੂਲੀ ਕੀਤੀ ਜਾਵੇ ਅਤੇ ਜਿਹੜੀ ਕੰਪਨੀ ਨਿਗਮ ਦਾ ਪੈਸਾ ਦੇਣ ਤੋਂ ਮੁਨਕਰ ਹੁੰਦੀ ਹੈ, ਉਸ ਨੂੰ ਬਲੈਕ-ਲਿਸਟ ਕੀਤਾ ਜਾਵੇ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …