
ਮੁਹਾਲੀ ਨਗਰ ਨਿਗਮ ਵੱਲੋਂ ਮੀਟਿੰਗ ਵਿੱਚ ਹੱਦਬੰਦੀ ਵਧਾਉਣ ਦਾ ਮਤਾ ਪਾਸ
ਟੀਡੀਆਈ ਸਿਟੀ ਸਮੇਤ ਨਵੇਂ ਸੈਕਟਰ ਅਤੇ ਨੇੜਲੇ ਪਿੰਡ ਨਗਰ ਨਿਗਮ ਦੀ ਹੱਦ ਵਿੱਚ ਹੋਣਗੇ ਸ਼ਾਮਲ
ਰੈਜ਼ੀਡੈਂਟ ਵੈਲਫੇਅਰ ਸੁਸਾਇਟੀਆਂ ਨੂੰ ਸੌਂਪੀਆਂ ਜਾਣਗੀਆਂ ਪਾਰਕਾਂ ਵਿਚਲੀਆਂ ਲਾਇਬਰੇਰੀਆਂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਜੂਨ:
ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ ਵਿਸ਼ੇਸ਼ ਮੀਟਿੰਗ ਵਿੱਚ ਨਗਰ ਨਿਗਮ ਦੀ ਹੱਦ ਵਧਾਉਣ ਸਮੇਤ ਵੱਖ-ਵੱਖ ਪਾਰਕਾਂ ਵਿੱਚ ਸਥਾਪਿਤ ਲਾਇਬਰੇਰੀਆਂ ਨੂੰ ਸੁਚਾਰੂ ਢੰਗ ਨਹਲ ਚਲਾਉਣ ਲਈ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨਾਂ ਦੇ ਹਵਾਲੇ ਕਰਨ, ਮੁਹਾਲੀ ਵਿਚਲੇ ਖੇਡ ਸਟੇਡੀਅਮ ਗਮਾਡਾ ਤੋਂ ਟੇਕਓਵਰ ਕਰਨ ਅਤੇ ਜਲ ਸਪਲਾਈ ਦਾ ਸਾਰਾ ਕੰਮ ਆਪਣੇ ਅਧੀਨ ਲੈਣ ਸਬੰਧੀ ਮਤੇ ਪਾਸ ਕੀਤੇ ਗਏ। ਮੀਟਿੰਗ ਵਿੱਚ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕਮਿਸ਼ਨਰ ਕਮਲ ਗਰਗ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਮੇਅਰ ਜੀਤੀ ਸਿੱਧੂ ਨੇ ਦੱਸਿਆ ਕਿ ਇੱਥੋਂ ਦੇ ਸੈਕਟਰ-91, ਸੈਕਟਰ-92, ਸੈਕਟਰ-82, ਸੈਕਟਰ-66ਏ, ਸੈਕਟਰ-74, ਕਸਬਾਨੁਮਾ ਪਿੰਡ ਬਲੌਂਗੀ, ਬੜਮਾਜਰਾ, ਬਰਿਆਲੀ ਨੂੰ ਨਗਰ ਨਿਗਮ ਦੀ ਹੱਦ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਟੀਡੀਆਈ ਸਿਟੀ ਦੇ ਸੈਕਟਰ-116, 117, 118, 119, ਫੇਜ਼-11 ਦੀ ਬਲਕ ਮਾਰਕੀਟ ਨੂੰ ਵੀ ਨਿਗਮ ਅਧੀਨ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਇਲਾਕੇ ਨਗਰ ਨਿਗਮ ਵਿੱਚ ਸ਼ਾਮਲ ਹੋਣ ਨਾਲ ਨਾ ਸਿਰਫ਼ ਵਧੀਆ ਢੰਗ ਨਾਲ ਵਿਕਾਸ ਹੋ ਸਕੇਗਾ ਸਗੋਂ ਇੱਥੋਂ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਵੀ ਹਾਸਲ ਹੋਣਗੀਆਂ ਅਤੇ ਨਗਰ ਨਿਗਮ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ।
ਜੀਤੀ ਸਿੱਧੂ ਨੇ ਕਿਹਾ ਕਿ ਪਾਰਕਾਂ ਵਿੱਚ ਬਣਾਈਆਂ ਗਈਆਂ ਲਾਇਬਰੇਰੀਆਂ ਮੌਜੂਦਾ ਸਮੇਂ ਵਿੱਚ ਬੰਦ ਪਈਆਂ ਹਨ। ਲਿਹਾਜ਼ਾ ਆਮ ਸ਼ਹਿਰੀਆਂ ਨੂੰ ਸਾਹਿਤ ਨਾਲ ਜੋੜਨ ਲਈ ਇਨ੍ਹਾਂ ਲਾਇਬਰੇਰੀਆਂ ਦਾ ਪ੍ਰਬੰਧ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਦੇ ਹੱਥਾਂ ਵਿੱਚ ਦਿੱਤਾ ਜਾਵੇਗਾ। ਇਸ ਕੰਮ ਬਦਲੇ ਐਸੋਸੀਏਸ਼ਨਾਂ ਨੂੰ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ। ਇੰਜ ਹੀ ਜਲ ਸਪਲਾਈ ਦਾ ਸਾਰਾ ਕੰਮ ਨਗਰ ਨਿਗਮ ਅਧੀਨ ਲੈਣ ਦਾ ਮਤਾ ਪਾਸ ਕੀਤਾ। ਜਨ ਸਿਹਤ ਵਿਭਾਗ ਦੇ ਕਰਮਚਾਰੀ ਵੀ ਡੈਪੂਟੇਸ਼ਨ ’ਤੇ ਨਗਰ ਨਿਗਮ ਵੱਲੋਂ ਲਏ ਜਾ ਸਕਦੇ ਹਨ। ਫੇਜ਼-11, ਸੈਕਟਰ-68, ਸੈਕਟਰ-71, ਫੇਜ਼-7 ਅਤੇ ਫੇਜ਼-5 ਵਿਚਲੇ ਗਮਾਡਾ ਦੇ ਖੇਡ ਸਟੇਡੀਅਮ ਵੀ ਨਿਗਮ ਅਧੀਨ ਲੈਣ ਦਾ ਮਤਾ ਪਾਸ ਕੀਤਾ ਗਿਆ। ਫਿਲਹਾਲ ਇਨ੍ਹਾਂ ਦੀ ਰੈਨੋਵੇਸ਼ਨ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ। ਮੀਟਿੰਗ ਵਿੱਚ ਨਿਗਮ ਦੇ ਮ੍ਰਿਤਕ ਮੁਲਾਜ਼ਮਾਂ ਦੇ ਵਾਰਸਾਂ ਨੂੰ ਤਰਸ ਦੇ ਆਧਾਰ ’ਤੇ ਨੌਕਰੀਆਂ ਦੇਣ, ਆਵਾਰਾ ਕੁੱਤਿਆਂ ਦੀ ਸਮੱਸਿਆ ’ਤੇ ਕਾਬੂ ਪਾਉਣ ਲਈ ਡੌਗ ਨੀਤੀ ਅਡਾਪਟ ਕਰਨ ਅਤੇ ਅਜਿਹੇ ਕੁਝ ਹੋਰ ਮਤੇ ਪਾਸ ਕੀਤੇ ਗਏ ਹਨ।