Share on Facebook Share on Twitter Share on Google+ Share on Pinterest Share on Linkedin ਮੁਹਾਲੀ ਨਗਰ ਨਿਗਮ ਵੱਲੋਂ ਪਾਲਤੂ ਪਸ਼ੂਆਂ ਨੂੰ ਛੱਡਣ ਲਈ ਮਾਲਕਾਂ ਤੋਂ 20 ਹਜ਼ਾਰ ਰੁਪਏ ਜੁਰਮਾਨਾ ਵਸੂਲਣ ਦਾ ਮਤਾ ਪਾਸ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ 13 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੇ ਮਤੇ ਪਾਸ, ਆਵਾਰਾ ਪਸ਼ੂ ਫੜਨ ਦਾ ਕੰਮ ਠੇਕੇ ’ਤੇ ਦਿੱਤਾ ਸ਼ਹਿਰ ਦੀਆਂ ਮਾਰਕੀਟਾਂ ਦੀ ਵੀ ਸੁਧਰੇਗੀ ਹਾਲਤ, ਬੁਨਿਆਦੀ ਢਾਂਚੇ ਦੇ ਵਿਕਾਸ ਲਈ ਖਰਚੇ ਜਾਣਗੇ 7.31 ਕਰੋੜ ਰੁਪਏ ਮੁਹਾਲੀ ਵਿੱਚ ਸਿਟੀ ਬੱਸ ਸਰਵਿਸ ਜਲਦੀ ਸ਼ੁਰੂ ਕਰਨ ਅਤੇ ਜਲ ਨਿਕਾਸੀ ਪ੍ਰਬੰਧਾਂ ਦਾ ਮੁੱਦਾ ਵੀ ਉੱਠਿਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਸਤੰਬਰ: ਮੇਅਰ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਬੁੱਧਵਾਰ ਨੂੰ ਬੜੇ ਹੀ ਸ਼ਾਂਤਮਈ ਮਾਹੌਲ ਵਿੱਚ ਹੋਈ ਮੁਹਾਲੀ ਨਗਰ ਨਿਗਮ ਦੀ ਮੀਟਿੰਗ ਵਿੱਚ ਆਵਾਰਾ ਪਸ਼ੂਆਂ ਨੂੰ ਫੜਨ ਦਾ ਕੰਮ ਠੇਕੇ ’ਤੇ ਦੇਣ ਦਾ ਮਤਾ ਪਾਸ ਕੀਤਾ ਗਿਆ। ਇਸ ਤੋਂ ਪਹਿਲਾਂ ਇਹ ਕੰਮ ਨਗਰ ਨਿਗਮ ਦੇ ਕਰਮਚਾਰੀ ਕਰਦੇ ਸਨ। ਇਸ ਤੋਂ ਇਲਾਵਾ ਸ਼ਹਿਰ ਵਿੱਚ ਘਾਹ ਚਰਨ ਲਈ ਖੁੱਲ੍ਹੇ ਛੱਡੇ ਜਾਂਦੇ ਪਾਲਤੂ ਪਸ਼ੂਆਂ ਛੱਡਣ ਬਦਲੇ ਪਸ਼ੂ ਮਾਲਕਾਂ ਤੋਂ 20 ਹਜ਼ਾਰ ਰੁਪਏ ਅਤੇ ਚਾਰੇ ਦੀ ਰਕਮ 100 ਰੁਪਏ ਤੋਂ ਵਧਾ ਕੇ ਰੋਜ਼ਾਨਾ 500 ਰੁਪਏ ਵਸੂਲਣ ਦਾ ਮਤਾ ਪਾਸ ਕੀਤਾ ਗਿਆ। ਇੰਝ ਹੀ ਸ਼ਹਿਰ ਵਿੱਚ ਵੱਖ ਵੱਖ ਥਾਵਾਂ ’ਤੇ ਬਰਸਾਤੀ ਪਾਣੀ ਦੀਆਂ ਨਿਕਾਸੀ ਲਈ ਪੁਰਾਣੀਆਂ ਪਾਈਪਲਾਈਨਾਂ ਦੀ ਮੁਰੰਮਤ ਅਤੇ ਮੇਨ ਹੋਲਾਂ ਦੇ ਕੰਮਾਂ ’ਤੇ ਇੱਕ ਕਰੋੜ ਰੁਪਏ ਖ਼ਰਚ ਕਰਨ ਦਾ ਮਤਾ ਵੀ ਪਾਸ ਕੀਤਾ ਗਿਆ। ਮੀਟਿੰਗ ਵਿੱਚ ਸਥਾਨਕ ਫੇਜ਼-9 ਦੀ ਮਾਰਕੀਟ ਲਈ 154 ਲੱਖ, ਫੇਜ਼-10 ਦੀ ਮਾਰਕੀਟ ਲਈ 98 ਲੱਖ, ਫੇਜ਼-11 ਦੀ ਮਾਰਕੀਟ ਲਈ 96.29 ਲੱਖ, ਫੇਜ਼-7 ਦੀ ਮਾਰਕੀਟ ਲਈ 98.27 ਲੱਖ, ਫੇਜ਼-5 ਦੀ ਮਾਰਕੀਟ ਲਈ 146 ਲੱਖ ਅਤੇ ਫੇਜ਼-3ਬੀ2 ਦੀ ਮਾਰਕੀਟ ਲਈ 139 ਲੱਖ ਰੁਪਏ, ਸੈਕਟਰ-67 ਤੇ 68 ਅਤੇ ਸੈਕਟਰ-68 ਤੇ 69 ਦੀਆਂ ਡਿਵਾਈਡਿੰਗ ਸੜਕਾਂ ਅਤੇ ਅੰਬ ਸਾਹਿਬ ਚੌਂਕ ਤੋਂ ਬਾਵਾ ਵਾਈਟ ਹਾਊਸ ਤੱਕ ਦੀ ਸੜਕ ਨੂੰ ਮਜ਼ਬੂਤ ਬਣਾਉਣ ਲਈ 3.65 ਕਰੋੜ ਰੁਪਏ ਖ਼ਰਚਣ ਆਦਿ ਮਤੇ ਵੀ ਸਰਬਸੰਮਤੀ ਨਾਲ ਪਾਸ ਕੀਤੇ ਗਏ। ਇਸ ਮੀਟਿੰਗ ਵਿੱਚ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ 13 ਕਰੋੜ ਰੁਪਏ ਖ਼ਰਚਣ ਦਾ ਮਤਾ ਪਾਸ ਕੀਤਾ ਗਿਆ। ਇੰਝ ਹੀ ਵੱਖ ਵੱਖ ਮਾਰਕੀਟਾਂ ਦੇ ਬੁਨਿਆਦੀ ਢਾਂਚੇ ’ਤੇ ਸਵਾ ਸੱਤ ਕਰੋੜ ਤੋਂ ਵੱਧ ਪੈਸੇ ਖਰਚਣ ਦਾ ਫੈਸਲਾ ਲਿਆ ਗਿਆ। ਭਾਜਪਾ ਕੌਂਸਲਰ ਅਰੁਣ ਸ਼ਰਮਾ ਦੀ ਮੰਗ ’ਤੇ ਕੌਂਸਲਰਾਂ ਨੂੰ ਹਾਈਟੈੱਕ ਬਣਾਉਣ ਲਈ ਲੈਪਟਾਪ ਦੇਣ ਦਾ ਮਤਾ ਪਾਸ ਕੀਤਾ ਗਿਆ। ਇੰਝ ਹੀ ਮੇਅਰ ਧੜੇ ਦੇ ਸੀਨੀਅਰ ਕੌਂਸਲਰ ਆਰ.ਪੀ. ਸ਼ਰਮਾ ਦੀ ਮੰਗ ’ਤੇ ਵਿਧਾਇਕਾਂ ਅਤੇ ਸਰਕਾਰੀ ਮੁਲਾਜ਼ਮਾਂ ਵਾਂਗ ਕੌਂਸਲਰਾਂ ਨੂੰ ਪੈਨਸ਼ਨ ਦੇਣ ਦਾ ਮਤਾ ਪਾਸ ਕਰਕੇ ਸਰਕਾਰ ਨੂੰ ਭੇਜਣ ਦਾ ਫੈਸਲਾ ਲਿਆ। ਅਕਾਲੀ ਦਲ ਦੀ ਕੌਂਸਲਰ ਕੁਲਦੀਪ ਕੌਰ ਕੰਗ ਨੇ ਜਲ ਨਿਕਾਸੀ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਨਗਰ ਨਿਗਮ ਨੇ ਸੀਐਸਆਈਆਰ ਦੀ ਟੀਮ ਵੱਲੋਂ ਰਿਹਾਇਸ਼ੀ ਇਲਾਕਿਆਂ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਸਬੰਧੀ ਸਰਵੇ ਕੀਤਾ ਗਿਆ ਸੀ ਅਤੇ ਹੁਣ ਇਹ ਸੰਸਥਾ 23 ਲੱਖ 60 ਹਜ਼ਾਰ ਰੁਪਏ ਮੰਗ ਕਰ ਰਹੀ ਹੈ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਉਕਤ ਸੰਸਥਾ ਨੂੰ ਇਹ ਫੰਡ ਰਿਲੀਜ਼ ਨਾ ਕੀਤੇ ਜਾਣ ਕਿਉਂਕਿ ਪਹਿਲਾਂ ਵਾਂਗ ਐਤਕੀਂ ਵੀ ਜਲ ਨਿਕਾਸੀ ਦੀ ਸਮੱਸਿਆ ਨਾਲ ਜੂਝਣਾ ਪਿਆ ਹੈ। ਹਾਊਸ ਵਿੱਚ ਕਾਫੀ ਚਰਚਾ ਤੋਂ ਬਾਅਦ ਇਹ ਮਤਾ ਪੈਂਡਿੰਗ ਰੱਖਣ ਦਾ ਫੈਸਲਾ ਲਿਆ ਗਿਆ। ਅਕਾਲੀ ਸਤਵੀਰ ਸਿੰਘ ਧਨੋਆ ਨੇ ਆਵਾਰਾ ਪਸ਼ੂਆਂ ਅਤੇ ਆਵਾਰਾ ਕੁੱਤਿਆਂ ਦੀ ਮੁੱਦਾ ਚੁੱਕਦਿਆਂ ਕਿਹਾ ਕਿ ਨਵੇਂ ਵਾਹਨ ਖਰੀਦਣ ਦੇ ਨਾਲ-ਨਾਲ ਮੁਲਾਜ਼ਮਾਂ ਦੀ ਨਫ਼ਰੀ ਵੀ ਵਧਾਈ ਜਾਵੇ। ਅਕਾਲੀ ਕੌਂਸਲਰ ਪਰਮਜੀਤ ਸਿੰਘ ਕਾਹਲੋਂ ਨੇ ਮੁਹਾਲੀ ਵਿੱਚ ਲੋਕਾਂ ਦੀ ਸੁਵਿਧਾ ਲਈ ਸਿਟੀ ਬੱਸ ਸਰਵਿਸ ਜਲਦੀ ਸ਼ੁਰੂ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸੀਟੀਯੂ ਦੇ ਰੂਟ ਬੰਦ ਹੋਣ ਕਾਰਨ ਸ਼ਹਿਰ ਵਾਸੀਆਂ ਖਾਸ ਕਰਕੇ ਕੰਮਕਾਜੀ ਅੌਰਤਾਂ ਅਤੇ ਸਕੂਲਾਂ, ਕਾਲਜਾਂ ਅਤੇ ਕਾਲ ਸੈਂਟਰਾਂ ਵਿੱਚ ਜਾਣ ਵਾਲੇ ਨੌਜਵਾਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੇਅਰ ਨੇ ਜਵਾਬ ਦਿੱਤਾ ਕਿ ਨਗਰ ਨਿਗਮ ਸਿਟੀ ਬੱਸ ਚਲਾਉਣ ਲਈ ਤਿਆਰ ਹੈ ਪ੍ਰੰਤੂ ਸਥਾਨਕ ਸਰਕਾਰਾਂ ਵਿਭਾਗ ਨੇ ਹਾਲੇ ਤੱਕ ਮਤੇ ਨੂੰ ਪ੍ਰਵਾਨਗੀ ਦੇਣ ਤੋਂ ਆਨਾਕਾਨੀ ਕੀਤੀ ਜਾ ਰਹੀ ਹੈ। ਜਿਸ ਕਾਰਨ ਇਹ ਪ੍ਰਾਜੈਕਟ ਲੇਟ ਹੋ ਰਿਹਾ ਹੈ। ਕਾਂਗਰਸ ਦੇ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਕਜੌਲੀ ਤੋਂ ਸਿੱਧੇ ਪਾਣੀ ਦੀ ਸਪਲਾਈ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਇਹ ਪ੍ਰਾਜੈਕਟ ਕਈ ਸਾਲਾਂ ਤੋਂ ਲਮਕਦਾ ਆ ਰਿਹਾ ਹੈ। ਜਿਸ ਕਾਰਨ ਗਰਮੀਆਂ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਹੋਰ ਗੰਭੀਰ ਰੂਪ ਧਾਰਨ ਕਰ ਸਕਦੀ ਹੈ। ਇਸ ਬਾਰੇ ਪੁੱਡਾ ਮੰਤਰੀ ਅਤੇ ਗਮਾਡਾ ਨੂੰ ਪੱਤਰ ਲਿਖ ਕੇ ਕੰਮ ਜਲਦੀ ਨੇਪਰੇ ਚਾੜ੍ਹਨ ਲਈ ਕਿਹਾ ਜਾਵੇ। ਅਕਾਲੀ ਕਮਲਜੀਤ ਸਿੰਘ ਰੂਬੀ ਨੇ ਲੋੜ ਅਨੁਸਾਰ ਪਬਲਿਕ ਪਖਾਨੇ ਬਣਾਉਣ ’ਤੇ ਜ਼ੋਰ ਦਿੱਤਾ। ਮੁਹਾਲੀ ਨਿਗਮ ਦੇ ਕਮਿਸ਼ਨਰ ਭੁਪਿੰਦਰਪਾਲ ਸਿੰਘ ਨੇ ਭਰੋਸਾ ਦਿੱਤਾ ਕਿ ਸ਼ਹਿਰ ਵਿੱਚ ਜਿੱਥੇ ਪਬਲਿਕ ਪਖਾਨਿਆਂ ਦੀ ਲੋੜ ਹੈ, ਜਲਦੀ ਬਣਾਏ ਜਾਣਗੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ