
ਮੁਹਾਲੀ ਨਗਰ ਨਿਗਮ ਨੇ ਸ਼ਹਿਰ ’ਚੋਂ ਨਾਜਾਇਜ਼ ਕਬਜ਼ੇ ਹਟਾਏ, ਕਾਫ਼ੀ ਸਮਾਨ ਜ਼ਬਤ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਦਸੰਬਰ:
ਮੁਹਾਲੀ ਨਗਰ ਨਿਗਮ ਵੱਲੋਂ ਵੀਰਵਾਰ ਨੂੰ ਸ਼ਹਿਰ ’ਚੋਂ ਵੱਖ-ਵੱਖ ਥਾਵਾਂ ’ਤੇ ਕੀਤੇ ਨਾਜਾਇਜ਼ ਕਬਜ਼ੇ ਹਟਾਏ ਗਏ ਅਤੇ ਵੱਡੀ ਮਾਤਰਾ ਵਿੱਚ ਨਾਜਾਇਜ਼ ਰੇਹੜੀਆਂ-ਫੜੀਆਂ ਦਾ ਸਮਾਨ ਵੀ ਜ਼ਬਤ ਕੀਤਾ ਗਿਆ। ਇਸ ਦੌਰਾਨ ਕਈ ਥਾਵਾਂ ’ਤੇ ਇਸ ਕਾਰਵਾਈ ਦਾ ਵਿਰੋਧ ਵੀ ਕੀਤਾ ਗਿਆ ਪਰ ਨਿਗਮ ਨੇ ਆਪਣੀ ਕਾਰਵਾਈ ਨਹੀਂ ਰੋਕੀ। ਜਾਣਕਾਰੀ ਅਨੁਸਾਰ ਇਸ ਕਾਰਵਾਈ ਨੂੰ ਨਗਰ ਨਿਗਮ ਦੇ ਸੁਪਰਡੈਂਟ ਚਰਨਜੀਤ ਸਿੰਘ ਅਤੇ ਇੰਸਪੈਕਟਰ ਰਘਬੀਰ ਸਿੰਘ ਦੀ ਅਗਵਾਈ ਹੇਠ ਅੰਜਾਮ ਦਿੱਤਾ ਗਿਆ। ਨਿਗਮ ਟੀਮ ਨੇ ਇੱਥੋਂ ਦੇ ਫੇਜ਼-1, ਫੇਜ਼-5, ਫੇਜ਼-10 ਅਤੇ ਫੇਜ਼-11 ਸਮੇਤ ਹੋਰਨਾਂ ਥਾਵਾਂ ਤੋਂ ਨਾਜਾਇਜ਼ ਕਬਜ਼ੇ ਹਟਾਏ ਗਏ।
ਇਸ ਮੌਕੇ ਨਗਰ ਨਿਗਮ ਦੇ ਸੁਪਰਡੈਂਟ ਚਰਨਜੀਤ ਸਿੰਘ ਨੇ ਦੱਸਿਆ ਕਿ ਜਦੋਂ ਨਾਜਾਇਜ਼ ਕਬਜ਼ੇ ਹਟਾਊ ਦਸਤੇ ਵੱਲੋਂ ਸਥਾਨਕ ਫੇਜ਼-5 ਵਿੱਚ ਨਾਜਾਇਜ਼ ਕਬਜ਼ੇ ਹਟਾਉਣ ਦੀ ਕਾਰਵਾਈ ਸ਼ੁਰੂ ਕੀਤੀ ਤਾਂ ਮਾਰਕੀਟ ਵਿੱਚ ਵਿਨੋਦ ਹੈਂਡਲੂਮ ਦੇ ਮਾਲਕ ਨੇ ਨਗਰ ਨਿਗਮ ਦੀ ਟੀਮ ਦੀ ਕਾਰਵਾਈ ਦਾ ਸਖ਼ਤ ਵਿਰੋਧ ਕੀਤਾ ਅਤੇ ਉਨ੍ਹਾਂ ਨਾਲ ਬਹਿਸਬਾਜੀ ਕੀਤੀ। ਉਨ੍ਹਾਂ ਕਿਹਾ ਕਿ ਉੱਚ ਅਦਾਲਤ ਦੇ ਹੁਕਮਾਂ ’ਤੇ ਸ਼ਹਿਰ ’ਚੋਂ ਨਾਜਾਇਜ਼ ਕਬਜ਼ੇ ਹਟਾਏ ਜਾ ਰਹੇ ਹਨ ਅਤੇ ਕਿਸੇ ਵੀ ਵਿਅਕਤੀ ਨੂੰ ਨਾਜਾਇਜ਼ ਕਬਜ਼ੇ ਨਹੀਂ ਕਰਨ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਇਹ ਕਾਰਵਾਈ ਜਾਰੀ ਰਹੇਗੀ।
ਉਧਰ, ਵਿਨੋਦ ਹੈਂਡਲੂਮ ਦੇ ਮਾਲਕ ਵਿਨੋਦ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਨਗਰ ਨਿਗਮ ਦਫ਼ਤਰ ਵਿੱਚ ਬਾਕਾਇਦਾ ਫੀਸ ਭਰ ਕੇ ਦੁਕਾਨ ਦੇ ਬਾਹਰ ਕੁੱਝ ਸਮਾਨ ਸਜਾ ਕੇ ਰੱਖਿਆ ਹੋਇਆ ਸੀ ਪਰ ਇਸ ਦੇ ਬਾਵਜੂਦ ਨਗਰ ਨਿਗਮ ਦੀ ਟੀਮ ਉਨ੍ਹਾਂ ਦੀ ਦੁਕਾਨ ਦੇ ਬਾਹਰ ਪਿਆ ਸਾਰਾ ਸਮਾਨ ਚੁੱਕ ਕੇ ਲੈ ਗਈ। ਉਨ੍ਹਾਂ ਨਿਗਮ ਦੀ ਇਸ ਕਾਰਵਾਈ ਨੂੰ ਗੈਰਵਾਜਬ ਦੱਸਿਆ।