ਮੁਹਾਲੀ ਨਗਰ ਨਿਗਮ ਨੇ ਸ਼ਹਿਰ ’ਚੋਂ ਨਾਜਾਇਜ਼ ਕਬਜ਼ੇ ਹਟਾਏ
ਨਬਜ਼-ਏ-ਪੰਜਾਬ, ਮੁਹਾਲੀ, 7 ਫਰਵਰੀ:
ਮੁਹਾਲੀ ਨਗਰ ਨਿਗਮ ਨੇ ਸ਼ਹਿਰ ਵਿੱਚ ਨਾਜਾਇਜ਼ ਕਬਜ਼ਿਆਂ ਵਿਰੁੱਧ ਸ਼ਿਕੰਜਾ ਕੱਸ ਦਿੱਤਾ ਹੈ ਅਤੇ ਮੁਹਾਲੀ ਦੀਆਂ ਵੱਖ-ਵੱਖ ਮਾਰਕੀਟਾਂ ਅਤੇ ਸੜਕ ਕਿਨਾਰੇ ਫੁੱਟਪਾਥਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਅੱਜ ਨਗਰ ਨਿਗਮ ਦੀ ਨਾਜਾਇਜ਼ ਕਬਜ਼ੇ ਹਟਾਉਣ ਵਾਲੀ ਟੀਮ ਵੱਲੋਂ ਇੱਥੋਂ ਦੇ ਫੇਜ਼-2 ਅਤੇ ਫੇਜ਼-4 ਦੀਆਂ ਸੜਕਾਂ ਕਿਨਾਰੇ ਫੁੱਟਪਾਥਾਂ ’ਤੇ ਗਲਤ ਤਰੀਕੇ ਨਾਲ ਫ਼ਰਨੀਚਰ ਦਾ ਸਾਮਾਨ ਰੱਖ ਕੇ ਵੇਚਣ ਵਾਲੇ ਦੁਕਾਨਦਾਰਾਂ ਦਾ ਸਾਮਾਨ ਜ਼ਬਤ ਕੀਤਾ ਗਿਆ। ਇਸੇ ਤਰ੍ਹਾਂ ਸੈਕਟਰ-78 ਵਿੱਚ ਨੋ ਵੈਂਡਿੰਗ ਜ਼ੋਨ ਵਿੱਚ ਲੱਗਦੀਆਂ ਨਾਜਾਇਜ਼ ਰੇਹੜੀਆਂ ਫੜੀਆਂ ਵਾਲਿਆਂ ਨੂੰ ਇੱਥੋਂ ਹਟਾਂ ਕੇ ਸਬੰਧਤ ਵਿਅਕਤੀਆਂ ਨੂੰ ਸਖ਼ਤ ਤਾੜਨਾ ਕੀਤੀ ਕਿ ਜੇਕਰ ਦੁਬਾਰਾ ਨਾਜਾਇਜ਼ ਰੇਹੜੀਆਂ ਫੜੀਆਂ ਲਾਈਆਂ ਗਈਆਂ ਤਾਂ ਉਨ੍ਹਾਂ ਦਾ ਸਾਰਾ ਸਮਾਨ ਜ਼ਬਤ ਕਰ ਲਿਆ ਜਾਵੇਗਾ।
ਇਸ ਮੌਕੇ ਨਗਰ ਨਿਗਮ ਦੇ ਅਧਿਕਾਰੀਆਂ ਨੇ ਕਿਹਾ ਕਿ ਸ਼ਹਿਰ ਨੂੰ ਨਾਜਾਇਜ਼ ਰੇਹੜੀਆਂ-ਫੜੀਆਂ ਤੋਂ ਮੁਕਤ ਕਰਨ ਲਈ ਨਾਜਾਇਜ਼ ਕਬਜ਼ਿਆਂ ਵਿਰੁੱਧ ਵਿਸ਼ੇਸ਼ ਮੁਹਿੰਮ ਵਿੱਢੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਨੋ ਵੈਂਡਿੰਗ ਜੋਨ ਵਿੱਚ ਵਿੱਚ ਰੇਹੜੀ-ਫੜੀ ਨਹੀਂ ਲਗਾਉਣ ਦਿੱਤੀ ਜਾਵੇਗੀ। ਜੋ ਕੋਈ ਵੀ ਨਿਯਮਾਂ ਦੀ ਉਲੰਘਣਾ ਕਰੇਗਾ, ਉਸ ਦੇ ਖ਼ਿਲਾਫ਼ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।