
ਮੁਹਾਲੀ ਨਗਰ ਨਿਗਮ ਨੇ ਪ੍ਰਾਪਰਟੀ ਟੈਕਸ ਨਾ ਭਰਨ ਵਾਲੇ ਦਰਜਨ ਬੂਥ ਸੀਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਜਨਵਰੀ:
ਮੁਹਾਲੀ ਨਗਰ ਨਿਗਮ ਨੇ ਸੋਮਵਾਰ ਨੂੰ ਵੱਡੀ ਕਾਰਵਾਈ ਕਰਦਿਆਂ ਪ੍ਰਾਪਰਟੀ ਟੈਕਸ ਜਮ੍ਹਾਂ ਨਾ ਕਰਵਾਉਣ ਵਾਲੇ ਦਰਜਨ ਬੂਥਾਂ ਨੂੰ ਸੀਲ ਕੀਤਾ ਗਿਆ ਹੈ। ਨਗਰ ਨਿਗਮ ਦੀ ਪ੍ਰਾਪਰਟੀ ਟੈਕਸ ਇਕੱਤਰ ਕਰਨ ਵਾਲੀ ਟੀਮ ਨੇ ਅੱਜ ਇੱਥੋਂ ਦੇ ਫੇਜ਼-3ਏ ਸਥਿਤ ਮੰਦਰ ਦੇ ਨੇੜੇ ਬਣੇ ਕਰੀਬ ਇਕ ਦਰਜਨ ਬੂਥਾਂ ਨੂੰ ਸੀਲ ਕੀਤਾ ਗਿਆ।
ਨਗਰ ਨਿਗਮ ਦੇ ਸੁਪਰਡੈਂਟ ਅਵਤਾਰ ਸਿੰਘ ਕਲਸੀਆਂ ਨੇ ਦੱਸਿਆ ਕਿ ਇਹ ਕਾਰਵਾਈ ਨਿਗਮ ਕਮਿਸ਼ਨਰ ਨਵਜੋਤ ਕੌਰ ਦੀਆਂ ਹਦਾਇਤਾਂ ’ਤੇ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਫੇਜ਼-3ਏ ਵਿੱਚ ਪ੍ਰਾਪਰਟੀ ਟੈਕਸ ਨਾ ਭਰਨ ਵਾਲੇ ਦੁਕਾਨਦਾਰਾਂ ਦੇ ਬੂਥ ਨੰਬਰ-41, 44, 45, 48, 50, 52, 53, 56, 61, 63 ਅਤੇ 64 ਨੂੰ ਸੀਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਉਕਤ ਬੂਥਾਂ ਦੇ ਬਾਹਰ ਪ੍ਰਾਪਰਟੀ ਨੂੰ ਅਟੈਚ ਕਰਨ ਦੇ ਪੋਸਟਰ ਵੀ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਮੌਕੇ ਬੂਥ ਨੰਬਰ-13, 23 ਅਤੇ 28 ਦੇ ਦੁਕਾਨਦਾਰਾਂ ਨੇ ਮੌਕੇ ’ਤੇ ਪ੍ਰਾਪਰਟੀ ਟੈਕਸ ਦੀ ਅਦਾਇਗੀ ਕਰਨ ਦੇ ਚੈੱਕ ਦਿੱਤੇ ਗਏ। ਜਿਸ ਕਰਕੇ ਇਨ੍ਹਾਂ ਬੂਥਾਂ ਨੂੰ ਸੀਲ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪ੍ਰਾਪਰਟੀ ਟੈਕਸ ਦੀ ਅਦਾਇਗੀ ਨਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਲਗਾਤਾਰ ਜਾਰੀ ਰਹੇਗੀ।