
ਮੇਲਾ ਹਾਦਸਾ: ਮੁਹਾਲੀ ਨਗਰ ਨਿਗਮ ਕਾਇਮ ਕਰੇਗਾ ‘ਵਿਸ਼ੇਸ਼ ਕਮੇਟੀ’: ਮੇਅਰ ਜੀਤੀ ਸਿੱਧੂ
ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਨੇ ਮੇਲੇ ਦਾ ਦੌਰਾ ਕਰਕੇ ਲਿਆ ਜਾਇਜ਼ਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਸਤੰਬਰ:
ਮੁਹਾਲੀ ਦੇ ਮੇਅਰ ਤੇ ਭਾਜਪਾ ਆਗੂ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਝੂਲਾ ਟੁੱਟਣ ਨਾਲ ਵਾਪਰੇ ਹਾਦਸੇ ਤੋਂ ਸੋਮਵਾਰ ਨੂੰ ਮੇਲਾ ਸਥਾਨ ਦਾ ਦੌਰਾ ਕਰਕੇ ਘਟਨਾ ਦਾ ਜਾਇਜ਼ਾ ਲਿਆ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕੌਂਸਲਰ ਕਮਲਪ੍ਰੀਤ ਸਿੰਘ ਬਨੀ ਅਤੇ ਸਮਾਜ ਸੇਵੀ ਜਤਿੰਦਰ ਅਨੰਦ ਨਾਲ ਸਨ। ਮੇਅਰ ਜੀਤੀ ਸਿੱਧੂ ਨੇ ਮੁਹਾਲੀ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਜਿਹੇ ਲਾਪਰਵਾਹ ਵਿਅਕਤੀਆਂ ਨੂੰ ਭਵਿੱਖ ਵਿੱਚ ਕਿਸੇ ਵੀ ਹਾਲਤ ਵਿੱਚ ਮੇਲੇ ਲਗਾਉਣ ਦੀ ਇਜਾਜ਼ਤ ਨਾ ਦਿੱਤੀ ਜਾਵੇ, ਜੋ ਹਾਦਸੇ ਵਿੱਚ ਜ਼ਖ਼ਮੀ ਹੋਏ ਲੋਕਾਂ ਦੀ ਸੰਭਾਲ ਕਰਨ ਦੀ ਥਾਂ ਮੌਕੇ ਤੋਂ ਫਰਾਰ ਹੋ ਜਾਣ। ਉਨ੍ਹਾਂ ਮੰਗ ਕੀਤੀ ਕਿ ਪ੍ਰਬੰਧਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਉਹ ਖ਼ੁਦ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨੂੰ ਮਿਲ ਕੇ ਮੇਲਾ ਪ੍ਰਬੰਧਕਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਨਗੇ।
ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਐਨਾ ਵੱਡਾ ਮੇਲਾ ਲਗਾਉਣ ਵਾਲਿਆਂ ਕੋਲ ਆਪਣੀ ਐਂਬੂਲੈਂਸ ਅਤੇ ਮੈਡੀਕਲ ਟੀਮ ਹੋਣੀ ਚਾਹੀਦੀ ਹੈ, ਹਾਦਸਾ ਵਾਪਰਨ ’ਤੇ ਫੌਰੀ ਲੋਕਾਂ ਦਾ ਇਲਾਜ ਕਰ ਸਕੇ ਪ੍ਰੰਤੂ ਮੇਲੇ ਵਿੱਚ ਅਜਿਹਾ ਕੋਈ ਪ੍ਰਬੰਧ ਨਹੀਂ ਸੀ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਨਗਰ ਨਿਗਮ ਦਾ ਸਵਾਲ ਹੈ, ਉਹ ਸਿਰਫ਼ ਫਾਇਰ ਸੇਫਟੀ ਸਬੰਧੀ ਪ੍ਰਵਾਨਗੀ ਹੁੰਦੀ ਹੈ ਅਤੇ ਅਜਿਹੀ ਕੋਈ ਘਟਨਾ ਇੱਥੇ ਨਹੀਂ ਵਾਪਰੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੀ ਇਕ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਜਾਵੇਗਾ, ਜੋ ਭਵਿੱਖ ਵਿੱਚ ਇਸ ਤਰ੍ਹਾਂ ਦੇ ਮੇਲਿਆਂ ਦੇ ਲੱਗਣ ਤੋਂ ਪਹਿਲਾਂ ਪੂਰੀ ਤਰ੍ਹਾਂ ਨਿਰੀਖਣ ਕਰੇਗੀ ਤਾਂ ਜੋ ਦੁਬਾਰਾ ਅਜਿਹਾ ਹਾਦਸਾ ਨਾ ਵਾਪਰ ਸਕੇ।