ਡੀਸੀ ਰੇਟ ’ਤੇ 733 ਸਫ਼ਾਈ ਸੇਵਕਾਂ ਨੂੰ ਨੌਕਰੀ ’ਤੇ ਰੱਖੇਗੀ ਮੁਹਾਲੀ ਨਗਰ ਨਿਗਮ

ਮੁਹਾਲੀ ਤੋਂ ਕੌਮਾਂਤਰੀ ਉਡਾਣਾਂ ਸ਼ੁਰੂ ਕਰਨ ਲਈ ਕੇਂਦਰ ਸਰਕਾਰ ਨੂੰ ਪੱਤਰ ਲਿਖੇਗੀ ਨਗਰ ਨਿਗਮ

ਮੁਹਾਲੀ ਨਗਰ ਨਿਗਮ ਦੀ ਮੀਟਿੰਗ ਵਿੱਚ ਅਹਿਮ ਮਤੇ ਪਾਸ, ਆਜ਼ਾਦ ਕੌਂਸਲਰ ਸੁਖਦੇਵ ਪਟਵਾਰੀ ਨੇ ਲਾਇਆ ਪੱਖਪਾਤ ਦਾ ਦੋਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਜਨਵਰੀ:
ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ 733 ਸਫ਼ਾਈ ਕਰਮਚਾਰੀਆਂ ਨੂੰ ਡੀਸੀ ਰੇਟਾਂ ਉੱਤੇ ਕੰਟਰੈਕਟ ’ਤੇ ਭਰਤੀ ਕੀਤਾ ਜਾਵੇਗਾ। ਇਹ ਫੈਸਲਾ ਅੱਜ ਇੱਥੇ ਨਗਰ ਨਿਗਮ ਦੀ ਮੀਟਿੰਗ ਵਿੱਚ ਲਿਆ ਗਿਆ। ਉਨ੍ਹਾਂ ਦੱਸਿਆ ਕਿ ਸਫ਼ਾਈ ਸੇਵਕਾਂ ਦੀ ਭਰਤੀ ਪ੍ਰਕਿਰਿਆ ਪਹਿਲਾਂ ਹੀ ਚੱਲ ਰਹੀ ਹੈ। ਇੱਕ ਹੋਰ ਅਹਿਮ ਮਤੇ ਰਾਹੀਂ ਮੁਹਾਲੀ ਏਅਰਪੋਰਟ ਤੋਂ ਸਿੱਧੀਆਂ ਕੌਮਾਂਤਰੀ ਉਡਾਣਾਂ ਸ਼ੁਰੂ ਕਰਨ ਲਈ ਕੇਂਦਰ ਸਰਕਾਰ ਨੂੰ ਪੱਤਰ ਲਿਖਣ ਦਾ ਫੈਸਲਾ ਕੀਤਾ ਗਿਆ।
ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਕਈ ਵਿਦੇਸ਼ੀ ਮੁਲਕਾਂ ਵਿੱਚ ਜਾਣ ਲਈ ਪੰਜਾਬੀਆਂ ਨੂੰ ਮਜਬੂਰੀਵੱਸ ਵਾਇਆ ਦਿੱਲੀ ਜਾਣਾ ਪੈਂਦਾ ਹੈ, ਜਿਸ ਵਿੱਚ ਸਮਾਂ ਅਤੇ ਪੈਸੇ ਦੀ ਬਰਬਾਦੀ ਹੁੰਦੀ ਹੈ। ਦਿੱਲੀ ਹਵਾਈ ਅੱਡੇ ’ਤੇ ਸਭ ਤੋਂ ਵੱਧ ਭੀੜ ਪੰਜਾਬੀਆਂ ਦੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਜਾਣਬੁੱਝ ਕਿ ਮੁਹਾਲੀ ਕੌਮਾਂਤਰੀ ਹਵਾਈ ਅੱਡੇ ਨੂੰ ਅਣਗੌਲਿਆ ਕਰ ਰਿਹਾ ਹੈ। ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਇਸ ਮੰਗ ਨੂੰ ਤੁਰੰਤ ਪੂਰਾ ਕਰਨ ਦੀ ਅਪੀਲ ਕੀਤੀ ਜਾਵੇਗੀ। ਇੰਜ ਹੀ ਰੇਲਵੇ ਵਿਭਾਗ ਨੂੰ ਪੱਤਰ ਲਿਖ ਕੇ ਮੁਹਾਲੀ ਰੇਲਵੇ ਸਟੇਸ਼ਨ ’ਤੇ ਉਨ੍ਹਾਂ ਸਾਰੀਆਂ ਟਰੇਨਾਂ ਜੋ ਗੁਰਧਾਮਾਂ ਨੂੰ ਜਾਂਦੀਆਂ ਹਨ, ਦਾ ਪੱਕਾ ਸਟਾਪ ਬਣਾਉਣ ਦੀ ਮੰਗ ਕੀਤੀ ਹੈ। ਇਸੇ ਤਰ੍ਹਾਂ ਮੁਹਾਲੀ ਤੋਂ ਗੁੜਗਾਓ ਲਈ ਸਿੱਧੀ ਬੱਸ ਸਰਵਿਸ ਸ਼ੁਰੂ ਕਰਨ ਦੀ ਮੰਗ ਕੀਤੀ। ਮੇਅਰ ਨੇ ਕਿਹਾ ਕਿ ਮੁਹਾਲੀ ਤੋਂ ਵੱਡੀ ਗਿਣਤੀ ਨੌਜਵਾਨ ਗੁੜਗਾਉਂ ਨੌਕਰੀ ਲਈ ਜਾਂਦੇ ਹਨ।
ਜੀਤੀ ਸਿੱਧੂ ਨੇ ਦੱਸਿਆ ਕਿ ਸ਼ਹਿਰ ਦੀਆਂ ਕੁੱਝ ਹਾਊਸਿੰਗ ਸੁਸਾਇਟੀਆਂ ਵਿੱਚ ਵਿਕਾਸ ਕੰਮ ਕਰਵਾਉਣ ਦਾ ਮਤਾ ਪਾਸ ਕੀਤਾ ਗਿਆ। ਜਿਨ੍ਹਾਂ ਵਿੱਚ ਵੱਖ-ਵੱਖ ਬਲਾਕਾਂ ਵਿੱਚ ਪੇਵਰ ਬਲਾਕ ਅਤੇ ਹੋਰ ਵਿਕਾਸ ਦੇ ਕੰਮ ਸ਼ਾਮਲ ਹਨ। ਇਸ ਤੋਂ ਇਲਾਵਾ ਸਨਅਤੀ ਖੇਤਰ ਫੇਜ਼-8ਏ ਅਤੇ 8ਬੀ ਵਿੱਚ ਪਾਣੀ ਦੀ ਸਪਲਾਈ ਲਈ ਵਾਟਰ ਬੂਸਟਰ ਪਲਾਂਟ ਲਗਾਉਣ, ਪਿੰਡ ਸੋਹਾਣਾ ਦੇ ਟੋਭਿਆਂ ਦੀ ਸਫ਼ਾਈ ਅਤੇ ਰੱਖ-ਰਖਾਓ ਕਰਨ, ਬੂਸਟਿੰਗ ਪੰਪ ਸਟੇਸ਼ਨਾਂ ਅਤੇ ਟਿਊਬਵੈੱਲਾਂ ਉੱਤੇ ਐਨਰਜੀ ਸੇਵਿੰਗ ਪ੍ਰਾਜੈਕਟ ਲਗਾਉਣ, ਫੇਜ਼-7 ਦੇ ਪਾਰਕ ਨੂੰ ਸੈਰਗਾਹ ਵਜੋਂ ਵਿਕਸਤ ਕਰਨ ਦਾ ਵੀ ਮਤਾ ਪਾਸ ਕੀਤਾ ਗਿਆ।
ਮੀਟਿੰਗ ਵਿੱਚ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕਮਿਸ਼ਨਰ ਕਮਲ ਗਰਗ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।
ਇਸ ਦੌਰਾਨ ਹਾਊਸ ਵਿੱਚ ਬਹਿਸ ਕਰਦਿਆਂ ਆਜ਼ਾਦ ਗਰੁੱਪ ਦੇ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਨੇ ਵਿਕਾਸ ਕੰਮਾਂ ਦੇ ਮਾਮਲੇ ਵਿੱਚ ਵਿਰੋਧੀ ਧਿਰ ਦੇ ਕੌਂਸਲਰਾਂ ਦੇ ਵਾਰਡਾਂ ਨਾਲ ਸਿਰੇ ਦਾ ਪੱਖਪਾਤ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਮੇਅਰ ਜੀਤੀ ਸਿੱਧੂ ਆਪਣੇ ਕਾਰਜਕਾਲ ਦਾ ਕੋਈ ਇਕ ਵੀ ਕੰਮ ਦੱਸਣ ਜੋ ਮੁਕੰਮਲ ਹੋਇਆ ਹੋਵੇ। ਉਲਟਾ ਮੇਅਰ ਨੇ ਵਿਰੋਧੀ ਧਿਰ ਦੇ ਮੈਂਬਰ ਨੂੰ ਟੋਕਦੇ ਹੋਏ ਕਿਹਾ ਕਿ ਉਹ ਹੀ ਕੋਈ ਇਕ ਕੰਮ ਦੱਸ ਦੇਣ ਜੋ ਨਾ ਹੋਇਆ ਹੋਵੇ। ਉਨ੍ਹਾਂ ਕਿਹਾ ਕਿ ਸਾਰੇ ਵਾਰਡਾਂ ਵਿੱਚ ਬਿਨਾਂ ਪੱਖਪਾਤ ਤੋਂ ਕੰਮ ਕੀਤੇ ਜਾ ਰਹੇ ਹਨ।

Load More Related Articles

Check Also

ਸੇਵਾਮੁਕਤ ਅਧਿਕਾਰੀਆਂ ਨੂੰ ਪਹਿਲ ਦੇ ਆਧਾਰ ’ਤੇ ਬਕਾਇਆਂ ਦਾ ਭੁਗਤਾਨ ਕਰੇ ਸਰਕਾਰ

ਸੇਵਾਮੁਕਤ ਅਧਿਕਾਰੀਆਂ ਨੂੰ ਪਹਿਲ ਦੇ ਆਧਾਰ ’ਤੇ ਬਕਾਇਆਂ ਦਾ ਭੁਗਤਾਨ ਕਰੇ ਸਰਕਾਰ ਨਬਜ਼-ਏ-ਪੰਜਾਬ, ਮੁਹਾਲੀ, 26…