ਮੁਹਾਲੀ ਨਗਰ ਨਿਗਮ ਦੀ ਵਿੱਤ ਤੇ ਲੇਖਾ ਕਮੇਟੀ ਦੀ ਮੀਟਿੰਗ ਅੱਜ

8 ਕਰੋੜ ਤੋਂ ਵੱਧ ਦੇ ਵਿਕਾਸ ਮਤਿਆਂ ਦੇ ਟੈਂਡਰਾਂ ਨੂੰ ਮਿਲੇਗੀ ਮਨਜ਼ੂਰੀ, ਵਰਕ ਆਰਡਰ ਜਾਰੀ ਹੋਣ ਨਾਲ ਆਰੰਭ ਹੋਣਗੇ ਵਿਕਾਸ ਕਾਰਜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਅਕਤੂਬਰ:
ਨਗਰ ਨਿਗਮ ਦੀ ਵਿੱਤ ਅਤੇ ਲੇਖਾ ਕਮੇਟੀ ਦੀ ਭਲਕੇ ਹੋਣ ਵਾਲੀ ਮੀਟਿੰਗ ਵਿੱਚ ਪਹਿਲਾਂ ਜਾਰੀ ਕੀਤੇ ਜਾ ਚੁੱਕੇ ਟੈਂਡਰਾਂ (ਜਿਹੜੇ ਲਗਭਗ 8 ਕਰੋੜ ਤੋਂ ਵੱਧ ਦੇ ਮਤਿਆਂ ਨਾਲ ਸਬੰਧਤ ਹਨ) ਨੂੰ ਪ੍ਰਵਾਨਗੀ ਦਿਤੀ ਜਾਵੇਗੀ ਜਿਸ ਤੋੱ ਬਾਅਦ ਇਹਨਾਂ ਟੈਂਡਰਾਂ ਦੇ ਵਰਕ ਆਰਡਰ ਜਾਰੀ ਕੀਤੇ ਜਾ ਸਕਣਗੇ। ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਣ ਵਾਲੀ ਇਸ ਮੀਟਿੰਗ ਵਿੱਚ ਸ਼ਹਿਰ ਦੇ ਵੱਖ ਵੱਖ ਭਾਗਾਂ ਵਿੱਚ ਕਰਵਾਏ ਜਾਣ ਵਾਲੇ ਵਿਕਾਸ ਕੰਮਾਂ ਨਾਲ ਸੰਬੰਧਤ ਮਤਿਆਂ ਦੇ ਟੈਂਡਰਾਂ ਨੂੰ ਪ੍ਰਵਾਨਗੀ ਦਿੱਤੀ ਜਾਣੀ ਹੈ। ਇਹ ਵੀ ਪਤਾ ਲੱਗਾ ਹੈ ਕਿ ਮੇਅਰ ਕੁਲਵੰਤ ਸਿੰਘ ਵਿਕਾਸ ਸਬੰਧੀ ਆਪਣੀ ਵਚਨਬੱਧਤਾ ਨੂੰ ਯਕੀਨੀ ਬਣਾਉਣ ਦੇ ਨਾਲ ਨਾਲ ਸ਼ਹਿਰ ਵਾਸੀਆਂ ਨੂੰ ਦੀਵਾਲੀ ਦਾ ਤੋਹਫ਼ਾ ਦੇਣਾ ਚਾਹੁੰਦੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵਾਰ ਹੋਣ ਵਾਲੀ ਵਿੱਤ ਅਤੇ ਲੇਖਾ ਕਮੇਟੀ ਵਿੱਚ ਨਵੇਂ ਸਿਰੇ ਤੋਂ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਦੇ ਮਤੇ ਸ਼ਾਮਿਲ ਨਹੀਂ ਕੀਤੇ ਗਏ ਹਨ ਕਿਉੱਕਿ ਇਸ ਸੰਬੰਧੀ ਐਸਟੀਮੇਟ ਮੁਕੰਮਲ ਨਹੀਂ ਹੋ ਪਾਏ ਹਨ। ਇਸ ਦੌਰਾਨ ਨਿਗਮ ਵੱਲੋੱ ਪਹਿਲਾਂ ਪ੍ਰਵਾਨ ਕੀਤੇ ਗਏ ਵੱਖ ਵੱਖ ਮਤਿਆਂ ਦੇ ਜਾਰੀ ਕੀਤੇ ਗਏ ਟੈਂਡਰਾਂ ਵਿੱਚ ਸਭ ਤੋਂ ਘੱਟ ਰਕਮ ਭਰਨ ਵਾਲੀਆਂ ਸੁਸਾਇਟੀਆਂ ਅਤੇ ਕੰਪਨੀਆਂ ਨੂੰ ਟੈਂਡਰ ਅਲਾਟ ਕਰਨ ਸੰਬੰਧੀ ਪ੍ਰਵਾਨਗੀ ਦਿੱਤੀ ਜਾਵੇਗੀ ਜਿਸ ਤੋੱ ਬਾਅਦ ਟੈਂਡਰ ਹਾਸਿਲ ਕਰਨ ਵਾਲੀਆਂ ਸੁਸਾਇਟੀਆਂ/ਫਰਮਾਂ ਨੂੰ ਵਰਕ ਆਰਡਰ ਜਾਰੀ ਕੀਤੇ ਜਾਣਗੇ।
ਹਾਲਾਂਕਿ ਪਹਿਲਾਂ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਇਸ ਵਾਰ ਹੋਣ ਵਾਲੀ ਵਿੱਤ ਅਤੇ ਲੇਖਾ ਕਮੇਟੀ ਦੀ ਮੀਟਿੰਗ ਵਿੱਚ ਸ਼ਹਿਰ ਦੇ ਵੱਖ ਵੱਖ ਵਾਰਡਾਂ ਨਾਲ ਸੰਬੰਧਿਤ ਵਿਕਾਸ ਕਾਰਜਾਂ ਦੇ ਐਸਟੀਮੇਟ ਪ੍ਰਵਾਨ ਕੀਤੇ ਜਾਣਗੇ ਪ੍ਰੰਤੂ ਇਸ ਸੰਬੰਧੀ ਇੰਜੀਨੀਅਰਿੰਗ ਸ਼ਾਖਾ ਵੱਲੋਂ ਕੁੱਝ ਤਨੀਕੀ ਕਾਰਨਾਂ ਕਰਕੇ ਇਹ ਐਸਟੀਮੇਟ ਮੁਕੰਮਲ ਨਹੀਂ ਕੀਤੇ ਜਾ ਸਕੇ ਹਨ ਅਤੇ ਇਹਨਾਂ ਨੂੰ ਬਾਅਦ ਵਿੱਚ ਹੋਣ ਵਾਲੀ ਵਿੱਤ ਅਤੇ ਲੇਖਾ ਕਮੇਟੀ ਦੀ ਮੀਟਿੰਗ ਵਿੱਚ ਪੇਸ਼ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …