
ਮੁਹਾਲੀ ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਵਿੱਚ 24 ਕਰੋੜ ਦੇ ਮਤਿਆਂ ਨੂੰ ਹਰੀ ਝੰਡੀ
50 ਵਾਰਡਾਂ ਵਿੱਚ ਲੱਗਣਗੇ ਅਤਿ ਆਧੁਨਿਕ ਓਪਨ ਜਿੰਮ, ਮੁਹਾਲੀ ਦੇ ਸਰਬਪੱਖੀ ਵਿਕਾਸ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ: ਮੇਅਰ
ਪਹਿਲਾਂ ਤੋਂ ਪਾਸ 6 ਕਰੋੜ ਦੇ ਵਿਕਾਸ ਕਾਰਜਾਂ ਦੇ ਕੰਮਾਂ ਦੇ ਵਰਕ ਆਰਡਰ ਵੀ ਕੀਤੇ ਜਾਰੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਦਸੰਬਰ:
ਮੁਹਾਲੀ ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਮੇਅਰ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸ਼ਹਿਰ ਦੇ ਸਾਰੇ ਵਾਰਡਾਂ ਵਿੱਚ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਓਪਨ ਜਿੰਮ ਸਥਾਪਿਤ ਕਰਨ ਸਮੇਤ ਮੁਹਾਲੀ ਦੇ ਸਰਬਪੱਖੀ ਵਿਕਾਸ ਲਈ ਕਰੀਬ 24 ਕਰੋੜ ਦੇ ਮਤਿਆਂ ਨੂੰ ਪ੍ਰਵਾਨਗੀ ਦਿੱਤੀ ਗਈ। ਨਿਗਮ ਦੇ ਇਸ ਫੈਸਲੇ ਨਾਲ ਸ਼ਹਿਰ ਵਾਸੀਆਂ ਨੂੰ ਵਿਕਾਸ ਦੀ ਆਸ ਬੱਝੀ ਹੈ। ਮੇਅਰ ਕੁਲਵੰਤ ਸਿੰਘ ਨੇ ਦੱਸਿਆ ਕਿ ਪਾਰਕਾਂ ਵਿੱਚ ਓਪਨ ਜਿੰਮ ਲਗਾਉਣ ਤੋਂ ਪਹਿਲਾਂ ਮਸ਼ੀਨਾਂ ਲਗਾਉਣ ਵਾਲੀ ਥਾਂ ਨੂੰ ਪੱਕਾ ਕਰਕੇ ਉੱਥੇ ਪਲੇਟਫਾਰਮ ਬਣਾਇਆ ਜਾਵੇਗਾ। ਫਿਰ ਉੱਥੇ ਇੱਕ ਵਿਸ਼ੇਸ਼ ਕਿਸਮ ਦੀ ਰਬੜ ਦੀ 40 ਐਮਐਮ ਦੀ ਸ਼ੀਟ ਫਿਕਸ ਕੀਤੀ ਜਾਵੇਗੀ ਤਾਂ ਜੋ ਅਚਾਨਕ ਡਿੱਗਣ ’ਤੇ ਕਿਸੇ ਨੂੰ ਕੋਈ ਸੱਟ ਨਾ ਲੱਗੇ। ਉਨ੍ਹਾਂ ਇਹ ਵੀ ਦੱਸਿਆ ਕਿ ਸਮੁੱਚੇ ਭਾਰਤ ਵਿੱਚ ਸ਼ਾਇਦ ਹੀ ਕਿਸੇ ਸ਼ਹਿਰ ਵਿੱਚ ਅਜਿਹਾ ਸਿਸਟਮ ਲੱਗਿਆ ਹੋਵੇ।
ਉਨ੍ਹਾਂ ਦੱਸਿਆ ਕਿ ਹਰੇਕ ਓਪਨ ਜਿੰਮ ਵਿੱਚ ਕੁੱਲ 11 ਮਸ਼ੀਨਾਂ ਲਗਾਈਆਂ ਜਾਣਗੀਆਂ। ਜਿਨ੍ਹਾਂ ’ਤੇ ਇੱਕੋ ਸਮੇਂ ਕਰੀਬ 22 ਵਿਅਕਤੀ ਕਸਰਤ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ’ਤੇ 5 ਕਰੋੜ ਤੋਂ ਵੱਧ ਰਾਸ਼ੀ ਖਰਚ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸਿਟੀ ਪਾਰਕ ਸੈਕਟਰ-68, ਸਿਲਵੀ ਪਾਰਕ ਫੇਜ਼-10, ਰੋਜ਼ ਗਾਰਡਨ ਫੇਜ਼-3ਬੀ1 ਅਤੇ ਬੋਗਨਵਿਲੀਆ ਗਾਰਡਨ ਫੇਜ਼-4 ਵਿੱਚ ਵੀ ਅਜਿਹੇ ਜਿੰਮ ਲਗਾਏ ਜਾਣੇ ਹਨ ਜਦੋਂਕਿ ਛੇ ਓਪਨ ਜਿੰਮ ਪਹਿਲਾਂ ਹੀ ਲਗਾਏ ਜਾ ਚੁੱਕੇ ਹਨ। ਇਸ ਤਰ੍ਹਾਂ ਹੁਣ ਪਾਰਕਾਂ ਵਿੱਚ ਸੈਰ ਕਰਨ ਆਉਂਦੇ ਲੋਕ ਮੁਫ਼ਤ ਵਿੱਚ ਕਸਰਤ ਵੀ ਕਰ ਸਕਣਗੇ।
ਮੇਅਰ ਨੇ ਕਿਹਾ ਕਿ ਮੁਹਾਲੀ ਦੇ ਹਰੇਕ ਵਾਰਡ ਦਾ ਬਿਨਾਂ ਕਿਸੇ ਪੱਖਪਾਤ ਤੋਂ ਵਿਕਾਸ ਕੀਤਾ ਜਾਵੇਗਾ ਅਤੇ ਸ਼ਹਿਰ ਵਾਸੀਆਂ ਨੂੰ ਪਹਿਲ ਦੇ ਆਧਾਰ ’ਤੇ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ 17 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ। ਜਿਨ੍ਹਾਂ ਵਿੱਚ ਪਾਰਕਾਂ ਦੀ ਸਾਂਭ ਸੰਭਾਲ, ਪੇਵਰ ਬਲਾਕ ਅਤੇ ਹੋਰ ਕੰਮ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਪੇਸ਼ ਕੀਤੇ ਵਿਕਾਸ ਕਾਰਜਾਂ ਦੇ ਮਤਿਆਂ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਪਹਿਲਾਂ ਤੋਂ ਪਾਸ ਲਗਭਗ 6 ਕਰੋੜ ਰੁਪਏ ਦੇ ਵਿਕਾਸ ਕਾਰਜ (ਜਿਨ੍ਹਾਂ ਦੇ ਟੈਂਡਰ ਲੱਗ ਚੁੱਕੇ ਸਨ) ਦਾ ਕੰਮ ਵੀ ਅਲਾਟ ਕਰ ਦਿੱਤਾ ਗਿਆ ਹੈ ਅਤੇ ਇਹ ਕੰਮ ਜਲਦੀ ਹੀ ਆਰੰਭ ਹੋ ਜਾਣਗੇ।
ਇਸ ਮੌਕੇ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ, ਅਕਾਲੀ ਕੌਂਸਲਰ ਪਰਮਜੀਤ ਸਿੰਘ ਕਾਹਲੋਂ, ਆਰਪੀ ਸ਼ਰਮਾ, ਸਰਬਜੀਤ ਸਿੰਘ, ਹਰਪਾਲ ਸਿੰਘ ਚੰਨਾ, ਸਾਬਕਾ ਕੌਂਸਲਰ ਸੁਖਮਿੰਦਰ ਸਿੰਘ ਬਰਨਾਲਾ, ਜਸਪਾਲ ਸਿੰਘ ਮਟੌਰ ਤੇ ਅਰੁਣ ਗੋਇਲ ਸਮੇਤ ਹੋਰ ਨੁਮਾਇੰਦੇ ਹਾਜ਼ਰ ਸਨ।