ਮੁਹਾਲੀ ਹੱਤਿਆ ਕਾਂਡ: ਮ੍ਰਿਤਕ ਦੀ ਪਤਨੀ ਸੀਰਤ ਦਾ ਦੋ ਰੋਜ਼ਾ ਪੁਲੀਸ ਰਿਮਾਂਡ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਿਆ ਪੀੜਤ ਪਰਿਵਾਰ, ਪੁਲੀਸ ਮੁਖੀ ਨੂੰ ਮਾਮਲੇ ਦੀ ਨਿਰਪੱਖ ਜਾਂਚ ਕਰਨ ਦੇ ਆਦੇਸ਼ </h3

ਪੀੜਤ ਪਰਿਵਾਰ ਨੇ ਮੁਹਾਲੀ ਦੇ ਐਸਪੀ ਸਿਟੀ ’ਤੇ ਲਗਾਏ ਧਮਕੀਆਂ ਦੇਣ ਅਤੇ ਮੁਲਜ਼ਮਾਂ ਨੂੰ ਬਚਾਉਣ ਦੇ ਦੋਸ਼, ਐਸਪੀ ਨੇ ਦੋਸ਼ ਨਕਾਰੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਮਾਰਚ:
ਸਥਾਨਕ ਫੇਜ਼-3ਬੀ1 ਵਿੱਚ ਬੀਤੇ ਕੱਲ ਵਾਪਰੇ ਕਤਲ ਕਾਂਡ ਦੇ ਮਾਮਲੇ ਵਿੱਚ ਅੱਜ ਉਸ ਸਮੇਂ ਨਵਾਂ ਮੋੜ ਆ ਗਿਆ ਹੈ ਜਦੋਂ ਮ੍ਰਿਤਕ ਏਕਮ ਸਿੰਘ ਢਿੱਲੋਂ ਦੇ ਪਿਤਾ ਜਸਪਾਲ ਸਿੰਘ ਢਿੱਲੋਂ ਨੇ ਆਪਣੇ ਨਿਵਾਸ ’ਤੇ ਪ੍ਰੈਸ ਕਾਨਫਰੰਸ ਸੱਦ ਕੇ ਮੁਹਾਲੀ ਪੁਲੀਸ ’ਤੇ ਇਲਜਾਮ ਲਗਾਇਆ ਹੈ ਕਿ ਇਸ ਮਾਮਲੇ ਵਿੱਚ ਪੁਲੀਸ ਵੱਲੋਂ ਕਤਲ ਕੇਸ ਵਿੱਚ ਸ਼ਾਮਲ ਮ੍ਰਿਤਕ ਦੀ ਪਤਨੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਇਸ ਮਾਮਲੇ ਵਿੱਚ ਸਥਾਨਕ ਪੁਲੀਸ ਤੇ ਬੇਭਰੋਸਗੀ ਜਾਹਿਰ ਕਰਦਿਆਂ ਇਸ ਮਾਮਲੇ ਦੀ ਜਾਂਚ ਲਈ ਕਿਸੇ ਸੀਨੀਅਰ ਪੁਲੀਸ ਅਧਿਕਾਰੀ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ ਬਣਾਉਣ ਦੀ ਮੰਗ ਕੀਤੀ ਹੈ।
ਇਸ ਮਗਰੋਂ ਉਹ ਤੁਰੰਤ ਮ੍ਰਿਤਕ ਏਕਮ ਦੇ ਬੱਚਿਆਂ ਨੂੰ ਨਾਲ ਲੈ ਕੇ ਮੁੱਖ ਮੰਤਰੀ ਦੇ ਦਰਬਾਰ ਵਿੱਚ ਪਹੁੰਚ ਗਏ ਅਤੇ ਕੈਪਟਨ ਅਮਰਿੰਦਰ ਸਿੰਘ ਸਮੁੱਚੇ ਘਟਨਾਕ੍ਰਮ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਉਹ ਆਪਣੇ ਬੇਟੇ ਦਾ ਉਦੋਂ ਤੱਕ ਅੰਤਿਮ ਸਸਕਾਰ ਨਹੀਂ ਕਰਣਗੇ। ਜਦੋਂ ਕਿ ਉਨ੍ਹਾਂ ਦੇ ਪਰਿਵਾਰ ਨੂੰ ਧਮਕਾਉਣ ਵਾਲੇ ਪੁਲੀਸ ਅਧਿਕਾਰੀਆਂ ਅਤੇ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਲਿਆ। ਮਾਮਲੇ ਦੀ ਨਜ਼ਾਕਤ ਨੂੰ ਦੇਖਦੇ ਹੋਏ ਮੁੱਖ ਮੰਤਰੀ ਨੇ ਤੁਰੰਤ ਮੁਹਾਲੀ ਦੇ ਜ਼ਿਲ੍ਹਾ ਪੁਲੀਸ ਮੁੱਖੀ ਸ੍ਰੀ ਕੁਲਦੀਪ ਸਿੰਘ ਚਾਹਲ ਦੀ ਅਗਵਾਈ ਹੇਠ ਵਿਸ਼ੇਸ਼ ਪੜਤਾਲੀਆਂ ਕਮੇਟੀ ਬਣਾ ਕੇ ਨਿਰਪੱਖ ਪੜਤਾਲ ਕਰਕੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੇ ਨਿਰਦੇਸ਼ ਜਾਰੀ ਕੀਤੇ।
ਇਸ ਤੋਂ ਪਹਿਲਾਂ ਅੱਜ ਇੱਥੇ ਇਕ ਪੱਤਰਕਾਰ ਸੰਮੇਲਨ ਦੌਰਾਨ ਜਸਪਾਲ ਸਿੰਘ ਢਿਲੋੱ ਨੇ ਮੁਹਾਲੀ ਪੁਲੀਸ ਦੇ ਐਸ ਪੀ ਪਰਮਿੰਦਰ ਸਿੰਘ ਭੰਡਾਲ ’ਤੇ ਮੁਲਜਮਾਂ ਨੂੰ ਬਚਾਉਣਾ ਅਤੇ ਮ੍ਰਿਤਕ ਦੇ ਭਰਾ ਨੂੰ ਧਮਕਾਉਣ ਦਾ ਇਲਜਾਮ ਲਗਾਉਂਦਿਆਂ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ। ਉਹਨਾਂ ਦੋਸ਼ ਲਗਾਇਆ ਕਿ ਪੁਲੀਸ ਇਸ ਮਾਮਲੇ ਵਿੱਚ ਏਕਮ ਦੀ ਪਤਨੀ ਨੂੰ ਤਾਂ ਫੜਿਆ ਗਿਆ ਹੈ ਅਤੇ ਜਿਸ ਕਾਰ ਤੇ ਉਹ ਆਈ ਸੀ ਉਸ ਕਾਰ ਨੂੰ ਪੁਲੀਸ ਵੱਲੋਂ ਛੱਡ ਦਿੱਤਾ ਗਿਆ। ਜਿਸ ਨਾਲ ਜਾਹਿਰ ਹੁੰਦਾ ਹੈ ਕਿ ਪੁਲੀਸ ਇਸ ਮਾਮਲੇ ਵਿੱਚ ਨਿਰਪੱਖ ਨਹੀਂ ਹੈ ਅਤੇ ਦਬਾਉ ਵਿੱਚ ਕੰਮ ਕਰ ਰਹੀ ਹੈ। ਉਹਨਾਂ ਇਸ ਮਾਮਲੇ ਵਿੱਚ ਪੰਚਕੂਲਾ ਦੇ ਇੱਕ ਪ੍ਰਾਪਰਟੀ ਡੀਲਰ ਦੇ ਸ਼ਾਮਲ ਹੋਣ ਦੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਇਸ ਡੀਲਰ ਦੀ ਮ੍ਰਿਤਕ ਦੀ ਪਤਨੀ ਨਾਲ ਨੇੜਤਾ ਹੈ ਅਤੇ ਇਸ ਦੇ ਵੱਡੇ ਆਗੂਆਂ ਅਤੇ ਨੌਕਰਸ਼ਾਹਾਂ ਨਾਲ ਨਜਦੀਕੀ ਸੰਬੰਧਾਂ ਕਾਰਨ ਪੁਲੀਸ ਦਬਾਉ ਵਿੱਚ ਹੈ।
ਉਧਰ, ਦੂਜੇ ਪਾਸੇ ਐਸ.ਸੀ. ਸਿਟੀ-1 ਪਰਮਿੰਦਰ ਸਿੰਘ ਭੰਡਾਲ ਨੇ ਪੀੜਤ ਪਰਿਵਾਰ ਦੇ ਉਕਤ ਦੋਸ਼ਾਂ ਨੂੰ ਸਿਰੇ ਤੋਂ ਖਾਰਿਜ ਕਰਦਿਆਂ ਬੇਬੁਨਿਆਦ ਦੱਸਿਆ ਹੈ। ਉਹਨਾਂ ਕਿਹਾ ਕਿ ਧਮਕੀ ਵਾਲੀ ਕੋਈ ਗੱਲ ਹੀ ਨਹੀਂ ਹੈ ਅਤੇ ਜੇਕਰ ਮ੍ਰਿਤਕ ਦੇ ਪਰਿਵਾਰ ਨੂੰ ਇਸ ਮਾਮਲੇ ਵਿੱਚ ਹੋਰ ਵਿਅਕਤੀਆਂ ਦੇ ਸ਼ਾਮਿਲ ਹੋਣ ਦਾ ਸ਼ੱਕ ਜਾਂ ਜਾਣਕਾਰੀ ਹੈ ਤਾਂ ਉਹ ਇਸ ਸੰਬੰਧੀ ਐਸਐਸਪੀ ਮੁਹਾਲੀ ਨੂੰ ਜਾਣਕਾਰੀ ਦੇ ਸਕਦੇ ਹਨ ਅਤੇ ਪੁਲੀਸ ਇਸ ਮਾਮਲੇ ਦੀ ਤਹਿ ਤਕ ਜਾ ਕੇ ਮ੍ਰਿਤਕ ਨੂੰ ਇਨਸਾਫ ਦਿਵਾਏਗੀ। ਮ੍ਰਿਤਕ ਦੀ ਪਤਨੀ ਦੀ ਗ੍ਰਿਫਤਾਰੀ ਬਾਰੇ ਉਹਨਾਂ ਕਿਹਾ ਕਿ ਉਸ ਨੂੰ ਐਸਐਚਓ ਥਾਣਾ ਮਟੌਰ ਵੱਲੋਂ ਫੜਿਆ ਗਿਆ ਸੀ ਅਤੇ ਉਹ ਤਾਂ ਮੌਕੇ ਤੇ ਹੀ ਨਹੀਂ ਸੀ। ਉਹਨਾਂ ਕਿਹਾ ਮ੍ਰਿਤਕ ਦੀ ਪਤਨੀ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ ਅਤੇ ਪੁਲੀਸ ਵਲੋੱ ਮਾਮਲੇ ਵਿੱਚ ਜਾਂਚ ਜਾਰੀ ਹੈ।
ਇੱਥੇ ਜ਼ਿਕਰਯੋਗ ਹੈ ਕਿ ਫੇਜ਼-3ਬੀ1 ਵਿੱਚ ਰਹਿਣ ਵਾਲੇ ਏਕਮ ਸਿੰਘ ਦੀ ਉਸ ਦੀ ਪਤਨੀ ਸੀਰਤ ਕੌਰ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਨੇ ਆਪਣੀਆਂ 2 ਹੋਰ ਸਾਥੀ ਮਹਿਲਾਵਾਂ ਨਾਲ ਏਕਮ ਦੀ ਲਾਸ਼ ਨੂੰ ਇੱਕ ਅਟੈਚੀ ਵਿੱਚ ਪਾ ਕੇ ਕਾਰ ਵਿੱਚ ਦੀ ਡਿੱਗੀ ਵਿੱਚ ਪਾਉਣ ਦਾ ਯਤਨ ਕੀਤਾ ਜਾ ਰਿਹਾ ਸੀ। ਉਦੋਂ ਅਟੈਚੀ ਭਾਰੀ ਹੋਣ ਕਾਰਨ ਉਹਨਾਂ ਨੇ ਉਥੋਂ ਲੰਘਦੇ ਇੱਕ ਆਟੋ ਚਾਲਕ ਨੂੰ ਰੋਕ ਕੇ ਅਟੈਚੀ ਨੂੰ ਗੱਡੀ ਵਿੱਚ ਰਖਵਾਉਣ ਲਈ ਮਦਦ ਮੰਗੀ ਸੀ ਪਰੰਤੂ ਜਦੋਂ ਆਟੋ ਚਾਲਕ ਅਟੈਚੀ ਨੂੰ ਕਾਰ ਵਿੱਚ ਰਖਵਾ ਰਿਹਾ ਸੀ ਤਾਂ ਐਟਚੀ ਵਿੱਚੋੱ ਖੂਨ ਛੱਲਣ ਲੱਗ ਗਿਆ ਸੀ । ਇਸ ਆਟੋ ਚਾਲਕ ਵਲੋੱ ਪੁਲੀਸ ਨੂੰ ਜਾਣਕਾਰੀ ਦਿੱਤੀ ਗਈ ਸੀ ਜਿਸ ਤੇ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਬਰਾਮਦ ਕੀਤੀ ਸੀ।
ਇਸ ਸੰਬੰਧੀ ਪੁਲੀਸ ਵੱਲੋਂ ਮ੍ਰਿਤਕ ਦੀ ਪਤਨੀ, ਸੱਸ ਤੇ ਸਾਲੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮ੍ਰਿਤਕ ਦੀ ਪਤਨੀ ਨੂੰ ਗ੍ਰਿਫਤਾਰ ਵੀ ਕੀਤਾ ਜਾ ਚੁੱਕਿਆ ਹੈ। ਇਸ ਦੌਰਾਨ ਪੁਲੀਸ ਵੱਲੋਂ ਅੱਜ ਮ੍ਰਿਤਕ ਏਕਮ ਦਾ ਪੋਸਟ ਮਾਰਟਮ ਕਰਵਾਇਆ ਗਿਆ। ਮ੍ਰਿਤਕ ਦੀ ਪਤਨੀ ਸੀਰਤ ਕੌਰ ਨੂੰ ਪੁਲੀਸ ਵੱਲੋਂ ਬਾਅਦ ਦੁਪਹਿਰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ ਅਦਾਲਤ ਵੱਲੋਂ ਮ੍ਰਿਤਕ ਦੀ ਪਤਨੀ ਦਾ 2 ਦਿਨਾਂ ਪੁਲੀਸ ਰਿਮਾਂਡ ਦੇ ਦਿੱਤਾ ਗਿਆ। ਪਰਿਵਾਰ ਜੀਆਂ ਦੀ ਜਾਣਕਾਰੀ ਅਨੁਸਾਰ ਏਕਮ ਦੀ ਲਾਸ਼ ਦਾ ਮੰਗਲਵਾਰ ਨੂੰ ਸਵੇਰੇ ਅੰਤਿਮ ਸਸਕਾਰ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …