Nabaz-e-punjab.com

ਮੁਹਾਲੀ ਨਿਗਮ ਵੱਲੋਂ ਮੁਹਾਲੀ ਪਿੰਡ ਦੀ ਕਮਲਾ ਮਾਰਕੀਟ ’ਚੋਂ ਕਾਰ ਮਕੈਨਿਕਾਂ ਦੇ ਕਬਜ਼ੇ ਹਟਾਏ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਮਾਰਚ:
ਮੁਹਾਲੀ ਨਗਰ ਨਿਗਮ ਦੀ ਟੀਮ ਵੱਲੋਂ ਬੁੱਧਵਾਰ ਨੂੰ ਕਮਿਸ਼ਨਰ ਭੁਪਿੰਦਰਪਾਲ ਸਿੰਘ ਦੀ ਅਗਵਾਈ ਵਿੱਚ ਮੁਹਾਲੀ ਪਿੰਡ ਦੀ ਕਮਲਾ ਮਾਰਕੀਟ ਵਿੱਚ ਸੜਕ ਦੇ ਦੋਵੇਂ ਪਾਸੇ ਅਣ ਅਧਿਕਾਰਤ ਤੌਰ ’ਤੇ ਕਾਰਾਂ ਅਤੇ ਹੋਰ ਮੋਟਰ ਗੱਡੀਆਂ ਮੁਰੰਮਤ ਦਾ ਕੰਮ ਕਰਦੇ ਮਕੈਨਿਕਾਂ ਨੂੰ ਖਦੇੜ ਦੇ ਕੇ ਨਾਜਾਇਜ਼ ਕਬਜ਼ੇ ਹਟਾਏ ਗਏ। ਇਸ ਕਾਰਵਾਈ ਦੌਰਾਨ ਕਾਫੀ ਮਕੈਨਿਕਾਂ ਦੀਆਂ ਟੂਲ ਪੇਟੀਆਂ ਨੂੰ ਜ਼ਬਤ ਵੀ ਕਰ ਲਿਆ ਗਿਆ। ਨਿਗਮ ਟੀਮ ਵਿੱਚ ਸੰਯੁਕਤ ਕਮਿਸ਼ਨਰ ਸ੍ਰੀਮਤੀ ਕੰਨੂ ਥਿੰਦ, ਅਸਿਸਟੈਂਟ ਕਮਿਸ਼ਨਰ ਸਰਬਜੀਤ ਸਿੰਘ ਅਤੇ ਸੁਪਰਡੈਂਟ ਜਸਵਿੰਦਰ ਸਿੰਘ ਵੀ ਸ਼ਾਮਲ ਸਨ। ਇਸ ਅਣਅਧਿਕਾਰਤ ਮੋਟਰ ਮਾਰਕੀਟ ਕਾਰਨ ਸੜਕ ’ਤੇ ਆਵਾਜਾਈ ਵਿੱਚ ਵਿਘਨ ਪੈ ਰਿਹਾ ਸੀ ਅਤੇ ਵਾਹਨ ਚਾਲਕਾਂ ਅਤੇ ਹੋਰ ਰਾਹਗੀਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ।
ਕਮਲਾ ਮਾਰਕੀਟ ਮੁਹਾਲੀ ਪਿੰਡ ਵਿੱਚ ਉਸ ਸੜਕ ਉੱਪਰ ਸਥਿਤ ਹੈ, ਜੋ ਸੜਕ ਮੁਹਾਲੀ ਦੇ ਨਵੇਂ ਬੱਸ ਅੱਡੇ ਦੇ ਪਿਛਲੇ ਪਾਸਿਓਂ ਦੀ ਲੰਘਦੀ ਹੋਈ ਚੰਡੀਗੜ੍ਹ ਤੋਂ ਮੁਹਾਲੀ ਪਿੰਡ ਹੁੰਦੀ ਹੋਈ ਲੁਧਿਆਣਾ ਜਾਂਦੀ ਹੈ। ਇਸ ਸੜਕ ਦੇ ਕਿਨਾਰਿਆਂ ਤੇ ਵੱਡੀ ਗਿਣਤੀ ਮਕੈਨਿਕਾਂ ਨੇ ਆਪਣੀਆਂ ਪੇਟੀਆਂ ਤੇ ਟੂਲ ਬਾਕਸ ਰੱਖ ਕੇ ਕਬਜ਼ੇ ਕੀਤੇ ਹੋਏ ਸਨ ਅਤੇ ਉੱਥੇ ਉਹ ਕਾਰਾਂ ਦੀ ਮੁਰੰਮਤ ਕਰਨ ਦਾ ਕੰਮ ਕਰਦੇ ਸਨ। ਇਨ੍ਹਾਂ ਮਕੈਨਿਕਾਂ ਨੇ ਇਸ ਤਰ੍ਹਾਂ ਸੜਕ ਦੀ ਲਗਭਗ 30 ਫੁੱਟ ਤੱਕ ਥਾਂ ਘੇਰੀ ਹੋਈ ਸੀ, ਜਿਸ ਕਾਰਨ ਆਵਾਜਾਈ ਵਿੱਚ ਵਿਘਨ ਪੈਂਦਾ ਸੀ। ਇਸ ਸੜਕ ’ਤੇ ਕਾਰਾਂ ਰਿਪੇਅਰ ਕਰਨ ਦਾ ਕੰਮ ਕਈ ਸਾਲਾਂ ਤੋਂ ਚਲ ਰਿਹਾ ਹੈ।
ਇਸ ਮੌਕੇ ਮੋਟਰ ਮਾਰਕੀਟ ਦੇ ਪ੍ਰਧਾਨ ਅਮਨਦੀਪ ਸਿੰਘ ਆਬਿਆਨਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਬੀਤੀ 14 ਫਰਵਰੀ ਨੂੰ ਇਸ ਮਾਰਕੀਟ ਵਿੱਚ ਗਮਾਡਾ ਵੱਲੋਂ ਕਾਰਵਾਈ ਕਰਕੇ ਮਕੈਨਿਕਾਂ ਦੀਆਂ ਪੇਟੀਆਂ ਅਤੇ ਟੂਲ ਬਾਕਸ ਚੁੱਕਵਾ ਦਿੱਤੇ ਗਏ ਸਨ, ਹੁਣ ਨਗਰ ਨਿਗਮ ਦੀ ਟੀਮ ਵੱਲੋਂ ਇਹ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮਾਰਕੀਟ ਦੀ ਕੁਝ ਥਾਂ ਗਮਾਡਾ ਅਧੀਨ ਆਉਂਦੀ ਹੈ ਅਤੇ ਕੁਝ ਥਾਂ ਨਗਰ ਨਿਗਮ ਅਧੀਨ ਆਉਂਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਛਣ ’ਤੇ ਨਿਗਮ ਅਧਿਕਾਰੀਆਂ ਵੱਲੋਂ ਇਹ ਕਿਹਾ ਗਿਆ ਕਿ ਇਹ ਕਾਰਵਾਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ’ਤੇ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਾਫੀ ਸਮਾਂ ਪਹਿਲਾਂ ਇਸ ਮਾਰਕੀਟ ਵਿੱਚ ਕੰਮ ਕਰਦੇ ਮਕੈਨਿਕਾਂ ਨੂੰ ਦੁਕਾਨਾਂ ਦੇਣ ਲਈ ਗਮਾਡਾ ਵੱਲੋਂ ਸਰਵੇਖਣ ਕੀਤਾ ਗਿਆ ਸੀ ਤੇ ਇਨ੍ਹਾਂ ਮਕੈਨਿਕਾਂ ਨੂੰ ਗਮਾਡਾ ਵੱਲੋਂ ਦੁਕਾਨਾਂ ਦੇਣ ਬਾਰੇ ਕਿਹਾ ਗਿਆ ਸੀ, ਜਿਸ ਕਰਕੇ ਮਕੈਨਿਕਾਂ ਨੇ ਦੁਕਾਨਾਂ ਦੀ ਕੀਮਤ ਦੇ 10 ਫੀਸਦੀ ਪੈਸੇ ਗਮਾਡਾ ਕੋਲ ਸਾਲ 2017 ਵਿੱਚ ਜਮਾਂ ਕਰਵਾ ਦਿੱਤੇ ਸਨ ਪਰ ਅਜੇ ਤੱਕ ਇਸ ਮਾਰਕੀਟ ਦੇ ਮਕੈਨਿਕਾਂ ਨੂੰ ਦੁਕਾਨਾਂ ਨਹੀਂ ਮਿਲੀਆਂ, ਜਿਸ ਕਰਕੇ ਇਹ ਮਕੈਨਿਕ ਸੜਕ ਕਿਨਾਰੇ ਰਿਪੇਅਰ ਦਾ ਕੰਮ ਕਰਨ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਇਸ ਮਾਰਕੀਟ ਵਿੱਚ 50-60 ਅਣਅਧਿਕਾਰਤ ਦੁਕਾਨਾਂ ਚਲਾਈਆਂ ਜਾ ਰਹੀਆਂ ਹਨ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…