ਮੁਹਾਲੀ ਨਿਗਮ ਦੀ ਮੀਟਿੰਗ ਵਿੱਚ ਨਾਜਾਇਜ਼ ਕਬਜ਼ੇ, ਆਵਾਰਾ ਪਸ਼ੂਆਂ ਤੇ ਆਵਾਰਾ ਕੁੱਤਿਆਂ ਦੇ ਮੁੱਦੇ ’ਤੇ ਤਿੱਖੀ ਬਹਿਸ

ਸ਼ਹਿਰ ਵਿੱਚ ਪਾਰਕਾਂ ਤੇ ਹੋਰਨਾਂ ਥਾਵਾਂ ’ਤੇ ਪੌਦੇ ਲਗਾਉਣ ਤੋਂ ਪਹਿਲਾਂ ਨਗਰ ਨਿਗਮ ਤੋਂ ਪਹਿਲਾਂ ਲੈਣੀ ਪਵੇਗੀ ਪ੍ਰਵਾਨਗੀ

ਨਾਜਾਇਜ਼ ਕਬਜ਼ੇ ਦੂਰ ਕਰਨ ਲਈ ਨਿਗਮ ਕਮਿਸ਼ਨਰ, ਸੰਯੁਕਤ ਕਮਿਸ਼ਨ, ਐਕਸੀਅਨ ਦੀ ਜ਼ਿੰਮੇਵਾਰੀ ਕੀਤੀ ਤੈਅ

ਟਰੀ ਪਰੂਨਿੰਗ ਮਸ਼ੀਨਾਂ ਖ਼ਰੀਦਣ ਲਈ ਕੈਬਨਿਟ ਮੰਤਰੀ ਸਿੱਧੂ ਦਾ ਧੰਨਵਾਦੀ ਮਤਾ ਵੀ ਪਾਸ ਨਹੀਂ ਕਰਵਾ ਸਕੇ ਕਾਂਗਰਸੀ ਕੌਂਸਲਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਫਰਵਰੀ:
ਮੁਹਾਲੀ ਨਗਰ ਨਿਗਮ ਦੀ ਅੱਜ ਬਾਅਦ ਦੁਪਹਿਰ ਮੇਅਰ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਵਿੱਚ ਨਾਜਾਇਜ਼ ਕਬਜ਼ੇ, ਆਵਾਰਾ ਤੇ ਪਾਲਤੂ ਪਸ਼ੂਆਂ ਅਤੇ ਆਵਾਰਾ ਕੁੱਤਿਆਂ ਦੇ ਮੁੱਦੇ ’ਤੇ ਤਿੱਖੀ ਬਹਿਸ ਹੋਈ। ਅਕਾਲੀ ਦਲ ਦੀ ਕੌਂਸਲਰ ਉਪਿੰਦਰਪ੍ਰੀਤ ਕੌਰ ਗਿੱਲ ਅਤੇ ਭਾਜਪਾ ਕੌਂਸਲਰ ਅਰੁਣ ਸ਼ਰਮਾ ਨੇ ਉਨ੍ਹਾਂ ਦੇ ਵਾਰਡ ਵਿੱਚ ਗਲਤ ਦਖ਼ਲਅੰਦਾਜ਼ੀ ਨੂੰ ਲੈ ਕੇ ਸੀਨੀਅਰ ਡਿਪਟੀ ਮੇਅਰ ਰਿਸਵ ਜੈਨ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਟਰੀ ਪਰੂਨਿੰਗ ਮਸ਼ੀਨਾਂ ਦੇ ਮੁੱਦੇ ’ਤੇ ਕਾਂਗਰਸੀ ਅਤੇ ਅਕਾਲੀ ਭਾਜਪਾ ਕੌਂਸਲਰ ਆਹਮੋ ਸਾਹਮਣੇ ਆ ਗਏ।
ਕਾਂਗਰਸ ਦੇ ਕੁਲਜੀਤ ਸਿੰਘ ਬੇਦੀ ਅਤੇ ਬੀਬੀ ਮੈਣੀ ਨੇ ਟਰੀ ਪਰੂਨਿੰਗ ਮਸ਼ੀਨਾਂ ਖ਼ਰੀਦਣ ਲਈ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਹੱਕ ਵਿੱਚ ਧੰਨਵਾਦੀ ਮਤਾ ਪਾਸ ਕਰਨ ਦੀ ਮੰਗ ਕੀਤੀ। ਜਿਸ ਦਾ ਮੇਅਰ ਧੜੇ ਦੇ ਕੌਂਸਲਰਾਂ ਆਰਪੀ ਸ਼ਰਮਾ, ਹਰਪਾਲ ਸਿੰਘ ਚੰਨਾ ਨੇ ਇਨ੍ਹਾਂ ਮਸ਼ੀਨਾਂ ਨੂੰ ਜੁਗਾੜੂ ਦੱਸਦਿਆਂ ਤਿੱਖਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਪਹਿਲਾਂ ਇਹ ਦੱਸਿਆ ਜਾਵੇ, ਜਿਹੜੀ ਵਿਦੇਸ਼ੀ ਮਸ਼ੀਨ ਨਿਗਮ ਵੱਲੋਂ ਖਰੀਦੀ ਜਾਣੀ ਸੀ। ਉਸ ਮਤੇ ’ਤੇ ਕਿਉਂ ਰੋਕ ਲਗਾਈ ਗਈ। ਮੇਅਰ ਨੇ ਵੀ ਆਪਣੇ ਕੌਂਸਲਰਾਂ ਦੀ ਪਿੱਠ ਥਾਪੜਦਿਆਂ ਕਿਹਾ ਕਿ ਵਿਦੇਸ਼ੀ ਮਸ਼ੀਨ ਅਤੇ ਮੰਤਰੀ ਦੀ ਗਰਾਂਟ ਨਾਲ ਖ਼ਰੀਦੀਆਂ ਮਸ਼ੀਨਾਂ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਵਿਦੇਸ਼ੀ ਮਸ਼ੀਨ ਅਤੇ ਮੰਤਰੀ ਦੀਆਂ ਮਸ਼ੀਨਾਂ ਸ਼ਹਿਰ ਵਿੱਚ ਕੰਮ ਕਰਨਗੀਆਂ ਤਾਂ ਲੋਕ ਖ਼ੁਦ ਫੈਸਲਾ ਲੈਣ ਕਿ ਵਧੀਆਂ ਕਿਹੜੀ ਹੈ। ਇਸ ਦੇ ਜਵਾਬ ਵਿੱਚ ਸ੍ਰੀ ਬੇਦੀ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ ਮੇਅਰ ਹੁਣ ਤੱਕ ਵਿਦੇਸ਼ੀ ਮਸ਼ੀਨ ਦਾ ਡੈਮੋ ਵੀ ਨਹੀਂ ਦਿਖਾ ਸਕੇ ਹਨ। ਸਾਬਕਾ ਪ੍ਰਧਾਨ ਰਜਿੰਦਰ ਸਿੰਘ ਰਾਣਾ ਨੇ ਮੇਅਰ ’ਤੇ ਪੱਖਪਾਤ ਅਤੇ ਵਿਰੋਧੀਆਂ ਦੀ ਗੱਲ ਨਾ ਸੁਣਨ ਦਾ ਦੋਸ਼ ਲਾਇਆ।
ਉਧਰ, ਕਾਫੀ ਰੌਲੇ ਰੱਪੇ ਤੋਂ ਬਾਅਦ ਸ਼ੁਰੂ ਹੋਈ ਇਹ ਮੀਟਿੰਗ ਸ਼ਾਮ ਤੱਕ ਚਲੀ। ਸ਼ਹਿਰ ਵਾਸੀਆਂ ਵੱਲੋਂ ਆਪਣੇ ਘਰਾਂ ਦੇ ਬਾਹਰ ਕੀਤੇ ਗਏ ਕਬਜ਼ਿਆਂ ਨੂੰ ਹਟਾਉਣ ਦੇ ਮੁੱਦੇ ’ਤੇ ਭਖਵੀਂ ਬਹਿਸ ਹੋਈ। ਇਸ ਸਬੰਧੀ ਸ਼ਹਿਰ ’ਚੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਨਿਗਮ ਕਮਿਸ਼ਨਰ ਅਤੇ ਸੰਯੁਕਤ ਕਮਿਸ਼ਨਰ ਅਤੇ ਐਕਸੀਅਨ ਦੀ ਜਵਾਬਦੇਹੀ ਤੈਅ ਕੀਤੀ ਗਈ। ਇਸ ਮਤੇ ਅਨੁਸਾਰ ਜੇ ਲੋਕਾਂ ਵੱਲੋਂ ਅਗਲੇ 15 ਦਿਨਾਂ ਦੇ ਅੰਦਰ ਅੰਦਰ ਘਰਾਂ ਦੇ ਮੂਹਰੇ ਅਤੇ ਸਾਈਡਾਂ ’ਤੇ ਕੀਤੇ ਕਬਜ਼ੇ ਖ਼ੁਦ ਨਹੀਂ ਹਟਾਏ ਤਾਂ ਕਬਜ਼ਾਕਾਰਾਂ ਤੋਂ ਜੁਰਮਾਨਾ ਵਸੂਲਿਆ ਜਾਵੇਗਾ। ਕੁਲਜੀਤ ਬੇਦੀ ਨੇ ਕਿਹਾ ਕਿ ਇਸ ਸਬੰਧੀ ਕੌਂਸਲਰਾਂ ਦੀ ਸਬ ਕਮੇਟੀ ਕਾਇਮ ਕੀਤੀ ਜਾਵੇਗੀ। ਇਸ ਦੇ ਜਵਾਬ ਵਿੱਚ ਮੇਅਰ ਨੇ ਨਾਜਾਇਜ਼ ਕਬਜ਼ੇ ਹਾਈ ਕੋਰਟ ਦੇ ਹੁਕਮਾਂ ’ਤੇ ਹਟਾਏ ਜਾ ਰਹੇ ਹਨ। ਕਮਿਸ਼ਨਰ ਨੇ ਕਿਹਾ ਕਿ ਉਹ ਪਾਰਕਾਂ ਤੇ ਹੋਰਨਾਂ ਥਾਵਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਤਿਆਰ ਹਨ ਪ੍ਰੰਤੂ ਇਸ ਸਬੰਧੀ ਉਨ੍ਹਾਂ ਫਰੀ ਹੈਂਥ ਕਰਨ ਕੰਮ ਦਿੱਤਾ ਜਾਵੇ।
ਅਕਾਲੀ ਕੌਂਸਲਰ ਪਰਮਜੀਤ ਸਿੰਘ ਕਾਹਲੋਂ ਨੇ ਖੇਡ ਮੈਦਾਨ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਗਮਾਡਾ ਨੇ ਦਸਹਿਰਾ ਗਰਾਉਂਡ ਅਤੇ ਖੇਡ ਮੈਦਾਨ ਵੇਚ ਦਿੱਤੇ ਹਨ ਅਤੇ ਹੁਣ ਨੌਜਵਾਨਾਂ ਕੋਲ ਖੇਡਣ ਲਈ ਕੋਈ ਗਰਾਉਂਡ ਨਹੀਂ ਹੈ। ਜਦੋਂਕਿ ਖੇਡ ਸਟੇਡੀਅਮ ਵੀ ਪ੍ਰਾਈਵੇਟ ਹੱਥਾਂ ਵਿੱਚ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਮੇਅਰ ਨੇ ਕਿਹਾ ਕਿ ਇਸ ਸਬੰਧੀ ਮਤਾ ਪਾਸ ਕਰਕੇ ਸਰਕਾਰ ਨੂੰ ਭੇਜਿਆ ਜਾਵੇਗਾ ਅਤੇ ਖੇਡ ਸਟੇਡੀਅਮਾਂ ਨੂੰ ਨਿੱਜੀ ਹੱਥਾਂ ਵਿੱਚ ਦੇਣ ਦੀ ਬਜਾਏ ਗਮਾਡਾ ਜਾਂ ਖੇਡ ਵਿਭਾਗ ਵੱਲੋਂ ਖ਼ੁਦ ਚਲਾਉਣ ਅਤੇ ਸ਼ਹਿਰ ਵਿੱਚ ਖੇਡ ਮੈਦਾਨ ਲਈ ਢੁਕਵੀਂ ਜ਼ਮੀਨ ਦੇਣ ਦੀ ਮੰਗ ਕੀਤੀ ਜਾਵੇਗੀ।
ਅਕਾਲੀ ਕੌਂਸਲਰ ਰਵਿੰਦਰ ਸਿੰਘ ਬੈਦਵਾਨ ਨੇ ਆਵਾਰਾ ਤੇ ਪਾਲਤੂ ਪਸ਼ੂਆਂ ਅਤੇ ਭਾਜਪਾ ਕੌਂਸਲਰ ਅਰੁਣ ਸ਼ਰਮਾ ਨੇ ਆਵਾਰਾ ਕੁੱਤਿਆਂ ਦਾ ਮੁੱਦਾ ਚੁੱਕਿਆ। ਕਮਿਸ਼ਨਰ ਭੁਪਿੰਦਰਪਾਲ ਸਿੰਘ ਨੇ ਹਾਊਸ ਨੂੰ ਦੱਸਿਆ ਕਿ ਹੁਣ ਤੱਕ 117 ਪਸ਼ੂਆਂ ਨੂੰ ਫੜ ਕੇ ਗਊਸ਼ਾਲਾ ਵਿੱਚ ਭੇਜਿਆ ਗਿਆ ਹੈ ਅਤੇ ਕੁੱਤਿਆਂ ਦੀ ਨਸਬੰਦੀ ਕੀਤੀ ਜਾ ਰਹੀ ਹੈ। ਬੈਦਵਾਨ ਨੇ ਕਿਹਾ ਕਿ ਨਿਗਮ ਦੀ ਟੀਮ ਸਿਰਫ਼ ਆਵਾਰਾ ਪਸ਼ੂ ਫੜ ਰਹੀ ਹੈ ਜਦੋਂਕਿ ਪਾਲਤੂ ਪਸ਼ੂਆਂ ਵੱਲ ਕੋਈ ਤੱਕਦਾ ਵੀ ਨਹੀਂ ਹੈ। ਸੁਖਦੇਵ ਸਿੰਘ ਪਟਵਾਰੀ ਨੇ ਸੁਸਾਇਟੀਆਂ ਦੇ ਵਿਕਾਸ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਸੁਸਾਇਟੀਆਂ ਵਿੱਚ ਰਹਿੰਦੇ ਲੋਕਾਂ ਤੋਂ ਪ੍ਰਾਪਰਟੀ ਟੈਕਸ ਤਾਂ ਵਸੂਲਿਆ ਜਾ ਰਿਹਾ ਹੈ ਪ੍ਰੰਤੂ ਸਹੂਲਤਾਂ ਮੁਹੱਈਆ ਕਰਵਾਉਣ ਤੋਂ ਹੱਥ ਪਿੱਛੇ ਖਿੱਚ ਲਿਆ ਜਾਂਦਾ ਹੈ। ਇਸ ਮੁੱਦੇ ’ਤੇ ਮੇਅਰ ਨੇ ਕਿਹਾ ਕਿ ਇਸ ਸਬੰਧੀ ਹੋਣ ਵਾਲੇ ਕੰਮਾਂ ਦੇ ਐਸਟੀਮੇਟ ਤਿਆਰ ਕਰਨ ਦੇ ਆਦੇਸ਼ ਦਿੱਤੇ। ਮੀਟਿੰਗ ਵਿੱਚ ਸੈਕਟਰ-65ਏ ਅਤੇ ਸੈਕਟਰ-78 ਵਿੱਚ ਦੋ ਨਵੇਂ ਫਾਇਰ ਸਟੇਸ਼ਨ ਬਣਾਉਣ ਅਤੇ ਸ਼ਹਿਰ ਨੂੰ ਖੁੱਲ੍ਹੇ ਵਿੱਚ ਸ਼ੌਚ ਮੁਕਤ ਕਰਨ ਦਾ ਫੈਸਲਾ ਕੀਤਾ ਗਿਆ। ਗਊਸ਼ਾਲਾ ਦਾ ਬਿਜਲੀ ਦੇ ਬਿੱਲ ਦਾ ਭੁਗਤਾਨ ਕਰਨ ਸਮੇਤ ਨਿਗਮ ਦੇ ਮੁਲਾਜ਼ਮਾਂ ਨਾਲ ਸਬੰਧਤ ਮਤੇ ਪਾਸ ਕੀਤੇ ਗਏ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …