ਮੁਹਾਲੀ ਨਿਗਮ ਦੀ ਟੀਮ ਨੇ ਸੋਹਾਣਾ ਵਿੱਚੋਂ ਨਾਜਾਇਜ਼ ਕਬਜ਼ਾ ਹਟਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਮਈ:
ਮੁਹਾਲੀ ਨਗਰ ਨਿਗਮ ਦੀ ਟੀਮ ਵੱਲੋਂ ਸੋਹਾਣਾ ਦੀ ਬਾਲਮੀਕਿ ਕਾਲੋਨੀ ਵਿੱਚ ਕੁਝ ਵਿਅਕਤੀਆਂ ਵੱਲੋਂ ਨਾਜਾਇਜ਼ ਕਬਜ਼ਾ ਕਰਕੇ ਬਣਾਏ ਗਏ ਘਰ ਨੂੰ ਢਾਹ ਦਿੱਤਾ ਗਿਆ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਨਿਗਮ ਦੀ ਟੀਮ ਵੱਲੋਂ ਡਿਊਟੀ ਮੈਜਿਸਟਰੇਟ ਦੀ ਹਾਜ਼ਰੀ ਵਿੱਚ ਇਹ ਕਾਰਵਾਈ ਸਵੇਰੇ 11 ਵਜੇ ਸ਼ੁਰੂ ਕੀਤੀ। ਇਸ ਮੌਕੇ ਸੋਹਾਣਾ ਥਾਣਾ ਦੀ ਭਾਰੀ ਪੁਲੀਸ ਫੋਰਸ ਤਾਇਨਾਤ ਸੀ। ਇਸ ਮੌਕੇ ਇਲਾਕਾ ਵਾਸੀ ਵੀ ਮੌਕੇ ਉਪਰ ਪਹੁੰਚ ਗਏ ਸਨ। ਪੂਰੇ ਦੋ ਘੰਟੇ ਵਿੱਚ ਹੀ ਨਿਗਮ ਦੀ ਟੀਮ ਨੇ ਕਾਰਵਾਈ ਮੁੰਕਮਲ ਕਰਦਿਆਂ ਇਸ ਨਾਜਾਇਜ ਬਣੇ ਹੋਏ ਘਰ ਨੂੰ ਢਾਹ ਦਿੱਤਾ। ਜਾਣਕਾਰੀ ਅਨੁਸਾਰ ਹਰਮੇਸ਼, ਤਰਸੇਮ ਅਤੇ ਦਾਸ ਵੱਲੋਂ ਬਾਬਾ ਜੀਵਨ ਸਿੰਘ ਹਾਲ ਨੂੰ ਜਾਂਦੇ 11 ਫੁੱਟ ਚੌੜੇ ਰਸਤੇ ਉੱਪਰ ਹੀ ਨਾਜਾਇਜ ਕਬਜਾ ਕਰਕੇ ਇਹ ਘਰ ਬਣਾਇਆ ਗਿਆ ਸੀ। ਜਿਸ ਕਰਕੇ ਬਾਬਾ ਜੀਵਨ ਸਿੰਘ ਹਾਲ ਨੂੰ ਜਾਂਦਾ ਰਸਤਾ ਹੀ ਬੰਦ ਹੋ ਗਿਆ ਸੀ। ਇਸ ਮੌਕੇ ਕੌਂਸਲਰ ਪਰਵਿੰਦਰ ਸਿੰਘ ਸੋਹਾਣਾ, ਕਮਲਜੀਤ ਕੌਰ, ਸੁਰਿੰਦਰ ਸਿੰਘ ਰੋਡਾ ਵੀ ਮੌਜੂਦ ਸਨ।
ਇਸ ਸਬੰਧੀ ਸੰਪਰਕ ਕਰਨ ’ਤੇ ਨਗਰ ਨਿਗਮ ਦੇ ਐਕਸੀਅਨ ਨਰਿੰਦਰ ਸਿੰਘ ਦਾਲਮ ਨੇ ਦੱਸਿਆ ਕਿ ਪਿੰਡ ਸੋਹਾਣਾ ਦੇ ਬਾਲਮੀਕਿ ਮੁਹੱਲੇ ਵਿੱਚ ਉਪਰੋਕਤ ਤਿੰਨੇ ਵਿਅਕਤੀਆਂ ਨੇ ਬਾਬਾ ਜੀਵਨ ਸਿੰਘ ਹਾਲ ਨੂੰ ਜਾਂਦੇ 11 ਫੁੱਟ ਰਸਤੇ ਉੱਤੇ ਨਾਜਾਇਜ਼ ਕਬਜ਼ਾ ਕਰਕੇ ਘਰ ਦੀ ਉਸਾਰੀ ਕਰ ਲਈ ਸੀ, ਜਿਸ ਨੂੰ ਅੱਜ ਉਠਾਇਆ ਗਿਆ ਹੈ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਇਸ ਸਬੰਧੀ ਡੀਸੀ ਨੂੰ ਲਿਖਤੀ ਪੱਤਰ ਦੇ ਕੇ ਡਿਊਟੀ ਮੈਜਿਸਟਰੇਟ ਦੀ ਮੰਗ ਕੀਤੀ ਸੀ। ਉਹਨਾਂ ਕਿਹਾ ਕਿ ਅੱਜ ਡਿਊਟੀ ਮੈਜਿਸਟਰੇਟ ਅਤੇ ਸੋਹਾਣਾ ਥਾਣਾ ਦੇ ਮੁਖੀ ਮਨਜੀਤ ਸਿੰਘ ਦੀ ਹਾਜ਼ਰੀ ਵਿੱਚ ਅੱਜ ਇਸ ਨਾਜਾਇਜ਼ ਕਬਜ਼ੇ ਨੂੰ ਹਟਾਇਆ ਗਿਆ। ਉਹਨਾਂ ਕਿਹਾ ਕਿ ਉਪਰੋਕਤ ਨਾਜਾਇਜ਼ ਕਬਜ਼ੇ ਨੂੰ ਹਟਾਉਣ ਦੀ ਕਾਰਵਾਈ ਸਵੇਰੇ 11 ਵਜੇ ਸ਼ੁਰੂ ਹੋਈ ਸੀ ਅਤੇ ਇੱਕ ਵਜੇ ਤੱਕ ਦੋ ਘੰਟਿਆਂ ਵਿੱਚ ਹੀ ਪੂਰੀ ਤਰ੍ਹਾਂ ਹੀ ਨਾਜਾਇਜ਼ ਕਬਜ਼ਾ ਹਟਾ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਨਾਜਾਇਜ ਕਬਜਾ ਨਹੀਂ ਕਰਨ ਦਿੱਤਾ ਜਾਵੇਗਾ। ਇਸ ਮੌਕੇ ਨਗਰ ਨਿਗਮ ਦੇ ਐਸਡੀਓ ਸੁਖਵਿੰਦਰ ਸਿੰਘ, ਨੰਬਰਦਾਰ ਹਰਸੰਗਤ ਸਿੰਘ ਤੇ ਹਰਵਿੰਦਰ ਸਿੰਘ ਸੋਹਾਣਾ ਵੀ ਹਾਜ਼ਰ ਸਨ।

Load More Related Articles

Check Also

Jasvir Singh Garhi Assumes Charge as Chairperson of Punjab SC Commission

Jasvir Singh Garhi Assumes Charge as Chairperson of Punjab SC Commission Chandigarh, March…