
ਮੁਹਾਲੀ: ਇੰਗਲੈਂਡ ਵਿੱਚ ਮਾਪਿਆਂ ਦੇ ਇਕਲੌਤੇ ਪੁੱਤ ਦੀ ਭੇਦਭਰੀ ਹਾਲਤ ’ਚ ਮੌਤ
ਮਰਚੈਂਟ ਨੇਵੀ ਵਿੱਚ ਡੈੱਕ ਆਡਿਟ ਟਰੇਨਿੰਗ ਅਫ਼ਸਰ ਭਰਤੀ ਹੋਇਆ ਸੀ ਬਲਰਾਜ ਸਿੰਘ
7 ਦਸੰਬਰ ਨੂੰ ਸਿੰਘਾਪੁਰ ਤੋਂ ਇੰਗਲੈਂਡ ਗਿਆ ਸੀ ਬਲਰਾਜ, ਸਿੱਪ ’ਚ ਮਿਲੀ ਨੌਜਵਾਨ ਦੀ ਲਾਸ਼
ਸਰਕਾਰੀ ਹਸਪਤਾਲ ਮੁਹਾਲੀ ਵਿੱਚ ਤਿੰਨ ਡਾਕਟਰਾਂ ਦੇ ਮੈਡੀਕਲ ਬੋਰਡ ਨੇ ਕੀਤਾ ਪੋਸਟ ਮਾਰਟਮ
ਨਬਜ਼-ਏ-ਪੰਜਾਬ, ਮੁਹਾਲੀ, 7 ਅਪਰੈਲ:
ਮਰਚੈਂਟ ਨੇਵੀ ਵਿੱਚ ਕੁੱਝ ਸਮਾਂ ਪਹਿਲਾਂ ਹੀ ਭਰਤੀ ਹੋਏ ਪਿੰਡ ਬਲੌਂਗੀ ਦੇ ਨੌਜਵਾਨ ਬਲਰਾਜ ਸਿੰਘ (21) ਪੁੱਤਰ ਵਿਕਰਮ ਸਿੰਘ ਦੀ ਇੰਗਲੈਂਡ ਵਿੱਚ ਭੇਦਭਰੀ ਹਾਲਤ ਵਿੱਚ ਮੌਤ ਹੋ ਗਈ। ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸ ਦੇ ਦਾਦਾ ਹਰਜੀਤ ਸਿੰਘ ਅਤੇ ਪਿਤਾ ਵਿਕਰਮ ਸਿੰਘ ਨੂੰ ਬਲਰਾਜ ਤੋਂ ਬਹੁਤ ਵੱਡੀਆਂ ਉਮੀਦਾਂ ਸਨ। ਜਿਵੇਂ ਹੀ ਨੌਜਵਾਨ ਦੀ ਲਾਸ਼ ਪਿੰਡ ਪਹੁੰਚੀ ਤਾਂ ਬਲੌਂਗੀ ਖੇਤਰ ਵਿੱਚ ਸੋਗ ਫੈਲ ਗਿਆ।
ਵਿਦੇਸ਼ੀ ਮੁਲਕ ਦੀ ਪੁਲੀਸ ਅਤੇ ਮਰਚੈਂਟ ਨੇਵੀ ਦੇ ਅਧਿਕਾਰੀਆਂ ਵੱਲੋਂ ਨੌਜਵਾਨ ਦੇ ਮਾਪਿਆਂ ਨੂੰ ਦੱਸਿਆ ਗਿਆ ਕਿ ਉਸ (ਬਲਰਾਜ) ਨੇ ਖ਼ੁਦਕੁਸ਼ੀ ਕੀਤੀ ਹੈ ਪ੍ਰੰਤੂ ਪਰਿਵਾਰ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਹੈ। ਬੀਤੀ 16 ਮਾਰਚ ਨੂੰ ਬਲਰਾਜ ਦੀ ਲਾਸ਼ ਇੰਗਲੈਂਡ ਨੇੜੇ ਸਿੱਪ ’ਚੋਂ ਬਰਾਮਦ ਹੋਈ ਸੀ ਅਤੇ ਅੱਜ 23 ਦਿਨਾਂ ਬਾਅਦ ਵਿਕਰਮ ਸਿੰਘ ਆਪਣੇ ਜਵਾਨ ਦੀ ਪੁੱਤ ਦੀ ਲਾਸ਼ ਲੈ ਕੇ ਵਤਨ ਪੁੱਜਾ। ਸ਼ੱਕ ਦੂਰ ਕਰਨ ਲਈ ਸਰਕਾਰੀ ਹਸਪਤਾਲ ਫੇਜ਼-6 ਵਿੱਚ ਤਿੰਨ ਡਾਕਟਰਾਂ ਦੇ ਮੈਡੀਕਲ ਬੋਰਡ ਨੇ ਲਾਸ਼ ਦਾ ਪੋਸਟ ਮਾਰਟਮ ਕੀਤਾ ਅਤੇ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਵਿੱਸਰਾਂ ਜਾਂਚ ਲਈ ਕੈਮੀਕਲ ਲੈਬਾਰਟਰੀ ਵਿੱਚ ਭੇਜਿਆ ਗਿਆ।
ਯੂਥ ਆਫ਼ ਪੰਜਾਬ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਨੇ ਨੌਜਵਾਨ ਦੀ ਮੌਤ ’ਤੇ ਦੁੱਖ ਪ੍ਰਗਟ ਕਰਦਿਆਂ ਪਰਿਵਾਰ ਨਾਲ ਹਮਦਰਦੀ ਜਾਹਰ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ਨੌਜਵਾਨ ਦੀ ਮੌਤ ਦਾ ਪਤਾ ਲਾਇਆ ਜਾਵੇ ਤਾਂ ਜੋ ਪੀੜਤ ਪਰਿਵਾਰ ਨੂੰ ਇਨਸਾਫ਼ ਮਿਲ ਸਕੇ। ਉਨ੍ਹਾਂ ਕਿਹਾ ਕਿ ਉਹ ਜਲਦੀ ‘ਆਪ’ ਦੇ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਨੂੰ ਮਿਲਣਗੇ।
ਬਲੌਂਗੀ ਵਿੱਚ ਕਰਿਆਣਾ ਦੀ ਦੁਕਾਨ ਕਰਨ ਵਾਲੇ ਹਰਜੀਤ ਸਿੰਘ ਨੇ ਦੱਸਿਆ ਕਿ ਵਿਕਰਮ ਸਿੰਘ ਵੀ ਉਸ ਦਾ ਇਕਲੌਤਾ ਪੁੱਤ ਸੀ ਅਤੇ ਹੁਣ ਉਸ ਦਾ ਪੋਤਾ ਵੀ ਇਕਲੌਤਾ ਸੀ। ਹਰਜੀਤ ਸਿੰਘ ਅਤੇ ਵਿਕਰਮ ਸਿੰਘ ਨੇ ਦੱਸਿਆ ਕਿ ਬਲਰਾਜ ਸਿੰਘ 7 ਦਸੰਬਰ 2024 ਨੂੰ ਚੰਡੀਗੜ੍ਹ ਦੀ ਇੱਕ ਕੰਪਨੀ ਰਾਹੀਂ ਸਿੰਘਾਪੁਰ ਗਿਆ ਸੀ। ਜਿੱਥੇ 10 ਦਸੰਬਰ ਨੂੰ ਉਸ ਨੇ ਮਰਚੈਂਟ ਨੇਵੀ ਵਿੱਚ ਡੈੱਕ ਆਡਿਟ ਟਰੇਨਿੰਗ ਅਫ਼ਸਰ ਵਜੋਂ ਜੁਆਇਨ ਕੀਤਾ ਸੀ।
ਦਾਦਾ ਹਰਜੀਤ ਸਿੰਘ ਨੇ ਦੱਸਿਆ ਕਿ ਮਰਚੈਂਟ ਨੇਵੀ ਦੀ ਪ੍ਰੀਖਿਆ ਵਿੱਚ 43 ਹਜ਼ਾਰ ਤੋਂ ਵੱਧ ਨੌਜਵਾਨ ਲੜਕੇ-ਲੜਕੀਆਂ ਨੇ ਪ੍ਰੀਖਿਆ ਦਿੱਤੀ ਸੀ ਅਤੇ ਉਸ ਦੇ ਪੋਤੇ ਬਲਰਾਜ ਦਾ ਦੇਸ਼ ਭਰ ਦੀ ਮੈਰਿਟ ਵਿੱਚ 15ਵਾਂ ਸਥਾਨ ਸੀ। ਉਨ੍ਹਾਂ ਦੱਸਿਆ ਕਿ ਘਟਨਾ ਵਾਲੇ ਦਿਨ ਸਵੇਰੇ ਬਲਰਾਜ ਨਾਲ ਫੋਨ ’ਤੇ ਉਸ ਦੀ ਗੱਲ ਹੋਈ ਸੀ ਅਤੇ ਉਹ ਕਹਿ ਰਿਹਾ ਸੀ ਅੱਜ ਉਹ ਲੰਡਨ ਵਿੱਚ ਘੁੰਮਣ ਜਾਵੇਗਾ। ਇਸ ਮਗਰੋਂ ਉਸ ਨੇ ਆਪਣੇ ਪਿਤਾ ਨਾਲ ਵੀ ਫੋਨ ’ਤੇ ਗੱਲ ਕੀਤੀ ਸੀ ਲੇਕਿਨ ਕੁੱਝ ਸਮੇਂ ਬਾਅਦ ਹੀ ਉਨ੍ਹਾਂ ਨੂੰ ਫੋਨ ’ਤੇ ਇਤਲਾਹ ਦਿੱਤੀ ਗਈ ਕਿ ਬਲਰਾਜ ਨੇ ਸਿੱਪ ਵਿੱਚ ਖ਼ੁਦਕੁਸ਼ੀ ਕਰ ਲਈ ਹੈ। ਇਹ ਗੱਲ ਸੁਣ ਕੇ ਉਨ੍ਹਾਂ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ ਅਤੇ ਫੋਨ ਸੁਣਨ ਤੋਂ ਬਾਅਦ ਪਰਿਵਾਰ ਨੇ ਚੰਡੀਗੜ੍ਹ ਵਿੱਚ ਕੰਪਨੀ ਨਾਲ ਤਾਲਮੇਲ ਕੀਤਾ ਅਤੇ ਵਿਕਰਮ ਇੰਗਲੈਂਡ ਲਈ ਰਵਾਨਾ ਹੋ ਗਿਆ, ਜੋ ਅੱਜ ਸਵੇਰੇ ਜਵਾਨ ਪੁੱਤ ਦੀ ਲਾਸ਼ ਲੈ ਕੇ ਵਾਪਸ ਪਰਤਿਆ ਹੈ। ਦਾਦੇ ਨੇ ਕਿਹਾ ਕਿ ਬੱਚੇ ਦੀ ਮੌਤ ਨਾਲ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਹੁਣ ਉਨ੍ਹਾਂ ਨੂੰ ਆਪਣਾ ਅੱਗੇ ਚਲਦਾ ਰੱਖਣ ਦੀ ਚਿੰਤਾ ਖਾਈ ਜਾ ਰਹੀ ਹੈ। ਕਿਉਂਕਿ ਪਹਿਲਾਂ ਉਸ ਦਾ ਪੁੱਤ ਵਿਕਰਮ ਸਿੰਘ ਵੀ ਇਕਲੌਤਾ ਸੀ ਅਤੇ ਹੁਣ ਉਸ ਦਾ ਪੋਤਾ ਬਲਰਾਜ ਸਿੰਘ ਵੀ ਪਰਿਵਾਰ ਵਿੱਚ ਇਕਲੌਤਾ ਹੀ ਸੀ। ਬਾਅਦ ਦੁਪਹਿਰ ਬਲਰਾਜ ਦਾ ਅੰਤਿਮ ਸਸਕਾਰ ਕੀਤਾ ਗਿਆ। ਇਸ ਮੌਕੇ ਬਲੌਂਗੀ ਦੇ ਸਰਪੰਚ ਸਤਨਾਮ ਸਿੰਘ ਮਾਨ, ਬਲੌਂਗੀ ਕਲੋਨੀ ਦੇ ਸਰਪੰਚ ਮੱਖਣ ਸਿੰਘ, ਸ਼ਿਵ ਸੈਨਾ ਦੇ ਪ੍ਰਧਾਨ ਅਖਲੇਸ਼ ਸਿੰਘ, ਦਿਨੇਸ਼ ਕੁਮਾਰ ਅਤੇ ਨਜ਼ਦੀਕੀ ਰਿਸ਼ਤੇਦਾਰ ਅਤੇ ਹੋਰ ਪਤਵੰਤੇ ਮੌਜੂਦ ਸਨ।