Share on Facebook Share on Twitter Share on Google+ Share on Pinterest Share on Linkedin ਮੁਹਾਲੀ ਵਿਕਾਸ ਦੀ ਰਾਹ ’ਤੇ: ਨਗਰ ਨਿਗਮ ਵੱਲੋਂ 251 ਕਰੋੜ 66 ਲੱਖ ਦਾ ਬਜਟ ਪਾਸ ਕੌਂਸਲਰਾਂ ਨੇ ਸਿਆਸੀ ਦਖ਼ਲ ਕਾਰਨ 200 ਟੈਂਡਰ ਨਾ ਖੋਲ੍ਹੇ ਜਾਣ ’ਤੇ ਕਮਿਸ਼ਨਰ ਨੂੰ ਘੇਰਿਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਫਰਵਰੀ: ਮੁਹਾਲੀ ਨਗਰ ਨਿਗਮ ਵੱਲੋਂ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ 251 ਕਰੋੜ 66 ਲੱਖ ਰੁਪਏ ਬਜਟ ਪਾਸ ਗਿਆ। ਮੇਅਰ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਇਹ ਆਖ਼ਰੀ ਬਜਟ ਮੀਟਿੰਗ ਹੈ, ਕਿਉਂਕਿ ਮੁਹਾਲੀ ਨਿਗਮ ਦਾ ਕਾਰਜਕਾਲ 26 ਫਰਵਰੀ ਨੂੰ ਪੂਰਾ ਹੋਣ ਜਾ ਰਿਹਾ ਹੈ। ਉਂਜ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ 27 ਅਪਰੈਲ 2015 ਨੂੰ ਹੋਈ ਸੀ। ਇਹ ਵੀ ਕਿਹਾ ਜਾ ਰਿਹਾ ਹੈ। ਮੌਜੂਦਾ ਨਿਗਮ ਦੀ ਮਿਆਦ 27 ਅਪਰੈਲ ਤੱਕ ਹੈ। ਸਰਕਾਰ ਦੀ ਨੀਅਤ ’ਤੇ ਸੱਕ ਪ੍ਰਗਟ ਕਰਦਿਆਂ ਬਜਟ ਮੀਟਿੰਗ ਤੋਂ ਬਾਅਦ ਹੀ ਸਾਧਾਰਨ ਮੀਟਿੰਗ ਅਤੇ ਇਸ ਉਪਰੰਤ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਵੀ ਕੀਤੀ ਗਈ। ਮੀਟਿੰਗ ਦੌਰਾਨ ਅਕਾਲੀ-ਭਾਜਪਾ ਅਤੇ ਕਾਂਗਰਸੀ ਕੌਂਸਲਰ ਮੇਹਣੋ ਮੇਹਣੀ ਹੋਏ ਅਤੇ ਇਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ ਕੁਲਜੀਤ ਸਿੰਘ ਬੇਦੀ ਦੀ ਗੱਲ ਅਣਗੌਲਿਆ ਕਾਰਨ ਕਾਂਗਰਸੀ ਕੌਂਸਲਰਾਂ ਨੇ ਬਾਈਕਾਟ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਮੀਡੀਆ ਅੱਗੇ ਆਪਣੇ ਪੱਖ ਰੱਖਣ ਤੋਂ ਤੁਰੰਤ ਬਾਅਦ ਮੁੜ ਸੀਟਾਂ ’ਤੇ ਆ ਕੇ ਬੈਠ ਗਏ। ਇਸ ਬਾਰੇ ਮੇਅਰ ਨੇ ਕਿਹਾ ਕਿ ਕਾਂਗਰਸੀ ਕੌਂਸਲਰ ਡਰਾਮੇਬਾਜ਼ੀ ਕਰ ਰਹੇ ਹਨ। ਮੇਅਰ ਕੁਲਵੰਤ ਸਿੰਘ ਨੇ ਦੱਸਿਆ ਕਿ ਮੀਟਿੰਗ ਵਿੱਚ 251 ਕਰੋੜ 66 ਲੱਖ ਦਾ ਬਜਟ ਪਾਸ ਕੀਤਾ ਗਿਆ ਹੈ। ਜੋ ਪਿਛਲੇ ਸਾਲ ਨਾਲੋਂ 126 ਕਰੋੜ ਰੁਪਏ ਵੱਧ ਹੈ। ਉਨ੍ਹਾਂ ਦੱਸਿਆ ਕਿ ਪ੍ਰਾਪਰਟੀ ਟੈਕਸ ਸਮੇਤ ਹੋਰ ਕੰਮਾਂ ਤੋਂ ਨਿਗਮ ਨੂੰ 268 ਕਰੋੜ 72 ਲੱਖ ਰੁਪਏ ਆਮਦਨ ਹੋਣ ਦਾ ਅਨੁਮਾਨ ਹੈ। ਇਸ ਵਿੱਚ ਪ੍ਰਾਪਰਟੀ ਟੈਕਸ ਤੋਂ 28 ਕਰੋੜ, ਇਸ਼ਤਿਹਾਰ ਟੈਕਸ ਤੋਂ 11 ਕਰੋੜ ਅਤੇ 65 ਕਰੋੜ ਦੀ ਆਮਦਨ ਸਰਕਾਰ ਵੱਲੋਂ ਜੀਐਸਟੀ ਦੇ ਹਿੱਸੇ ਵਜੋਂ ਆਏਗੀ। ਇੰਝ ਹੀ ਨਕਸ਼ਾ ਫੀਸ ਤੋਂ 70 ਲੱਖ ਰੁਪਏ, ਐਕਸਾਈਜ਼ ਡਿਊਟੀ ਦੇ ਸਰਕਾਰ ਤੋਂ 3 ਕਰੋੜ ਆਉਣ ਦੀ ਸੰਭਾਵਨਾ ਹੈ। ਸੀਵਰੇਜ ਅਤੇ ਵਾਟਰ ਸਪਲਾਈ ਦੇ ਬਿੱਲਾਂ ਤੋਂ 1 ਕਰੋੜ ਅਤੇ ਗਮਾਡਾ ਤੋਂ ਵੀ ਬਕਾਇਆ 1 ਕਰੋੜ ਲੈਣ ਲਈ ਚਾਰਾਜੋਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕਰੀਬ 15 ਕਰੋੜ ਰੁਪਏ ਪਾਵਰਕੌਮ ਤੋਂ ਬਿਜਲੀ ’ਤੇ ਮਿੳਂੂਸੀਪਲ ਟੈਕਸ ਦੇ ਰੂਪ ਵਿੱਚ ਆਉਣੇ ਹਨ। ਪਾਵਰਕੌਮ ਵੱਲ ਸਾਢੇ 7 ਕਰੋੜ ਪਿਛਲੇ ਸਾਲ ਦੀ ਦੇਣਦਾਰੀ ਖੜੀ ਹੈ ਅਤੇ ਸਾਢੇ 7 ਕਰੋੜ ਇਸ ਸਾਲ ਦੇ ਲੈਣੇ ਬਣਦੇ ਹਨ। ਇਸ ਸਮੇਂ ਨਗਰ ਨਿਗਮ ਦੇ ਖਾਤੇ ਵਿੱਚ ਸਾਢੇ 24 ਕਰੋੜ ਰੁਪਏ ਬੱਚਤ ਰਾਸ਼ੀ ਜਮ੍ਹਾ ਪਈ ਹੈ। ਇੰਝ ਹੀ 18 ਕਰੋੜ ਰੁਪਏ ਅੰਮ੍ਰਿਤ ਸਕੀਮ ਤਹਿਤ ਅਤੇ 5 ਕਰੋੜ ਰੁਪਏ 14ਵੇਂ ਵਿੱਤ ਕਮਿਸ਼ਨ ਤੋਂ ਆਉਣ ਦੀ ਸੰਭਾਵਨਾ ਹੈ। ਉਧਰ, ਬਜਟ ਮੀਟਿੰਗ ਸ਼ੁਰੂ ਹੁੰਦੇ ਹੀ ਕਾਂਗਰਸ ਦੇ ਕੌਂਸਲਰਾਂ ਕੁਲਜੀਤ ਸਿੰਘ ਬੇਦੀ ਅਤੇ ਬੀ.ਬੀ. ਮੈਣੀ ਨੇ ਬਜਟ ਦੀ ਆਮਦਨ ਵਿੱਚ ਗਮਾਡਾ ਤੋਂ 100 ਕਰੋੜ ਆਉਣ ਅਤੇ ਬਿਜਲੀ ਦੀ ਚੁੰਗੀ ਦੇ ਸਾਢੇ ਸੱਤ ਕਰੋੜ ਰੁਪਏ ਆਉਣ ਦੀ ਮਦ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਰਾਸ਼ੀ ਪਿਛਲੇ ਸਮੇਂ ਵਿੱਚ ਨਹੀਂ ਆਈ ਹੈ ਅਤੇ ਹੁਣ ਗਰੰਟੀ ਕੀ ਇਹ ਰਕਮ ਅਗਲੇ ਵਿੱਤੀ ਸਾਲ ਵਿੱਚ ਜ਼ਰੂਰ ਮਿਲ ਜਾਵੇਗੀ। ਸ੍ਰੀ ਬੇਦੀ ਨੇ ਕਿਹਾ ਕਿ ਜੇ ਗਮਾਡਾ ਅਤੇ ਚੁੰਗੀ ਤੋਂ ਆਉਣ ਵਾਲੀ ਰਾਸ਼ੀ ਨੂੰ ਕੱਢ ਦਿੱਤਾ ਜਾਵੇ ਤਾਂ ਜਿਹੜੀ ਆਮਦਨ ਬਚਦੀ ਹੈ ਉਸ ਨਾਲ ਵੀ ਖਰਚੇ ਪੂਰੇ ਨਹੀਂ ਕੀਤੇ ਜਾ ਸਕਦੇ। ਇਸ ਸਬੰਧੀ ਅਕਾਲੀ ਕੌਂਸਲਰਾਂ ਪਰਵਿੰਦਰ ਸਿੰਘ ਬੈਦਵਾਨ, ਕੁਲਦੀਪ ਕੌਰ ਕੰਗ, ਆਰਪੀ ਸ਼ਰਮਾ, ਪਰਮਜੀਤ ਸਿੰਘ ਕਾਹਲੋਂ ਅਤੇ ਹਰਮਨਪ੍ਰੀਤ ਸਿੰਘ ਪ੍ਰਿੰਸ ਨੇ ਕਿਹਾ ਕਿ ਹੁਣ ਬਜਟ ਪਾਸ ਕਰ ਦਿੱਤਾ ਗਿਆ ਹੈ ਅਤੇ ਕਾਂਗਰਸੀ ਬਿਨਾਂ ਵਜ੍ਹਾ ਗੱਲ ਵਧਾ ਰਹੇ ਹਨ। ਉਧਰ, ਸਾਧਾਰਨ ਦੌਰਾਨ ਅਕਾਲੀ-ਭਾਜਪਾ ਕੌਂਸਲਰਾਂ ਨੇ ਨਗਰ ਨਿਗਮ ਦੇ ਕਮਿਸ਼ਨਰ ਕਮਲ ਗਰਗ ਨੂੰ ਘੇਰਦਿਆਂ ਸਿਆਸੀ ਦਬਾਅ ਕਾਰਨ ਸ਼ਹਿਰ ਦੇ ਵਿਕਾਸ ਅਤੇ ਓਪਨ ਜਿਮਾਂ ਦੇ 200 ਟੈਂਡਰ ਨਾ ਖੋਲ੍ਹੇ ਜਾਣ ਦਾ ਦੋਸ਼ ਲਾਇਆ। ਕਾਬਜ਼ ਧਿਰ ਨੇ ਦੋਸ਼ ਲਾਇਆ ਕਿ ਹੁਕਮਰਾਨਾਂ ਵਿਕਾਸ ਕਾਰਜਾਂ ਦਾ ਸਿਹਰਾ ਆਪਣੇ ਸਿਰ ਲੈਣ ਲਈ ਵਿਕਾਸ ਕੰਮਾਂ ਦੇ ਟੈਂਡਰ ਨਹੀਂ ਖੋਲ੍ਹਣ ਦੇ ਰਹੇ ਹਨ। ਕਮਿਸ਼ਨਰ ਨੇ ਪੱਖ ਰੱਖਦਿਆਂ ਕਿਹਾ ਕਿ ਨਗਰ ਨਿਗਮ ਕੋਲ ਇਸ ਸਮੇਂ ਲੋੜੀਂਦੇ ਫੰਡ ਨਹੀਂ ਹਨ। ਜਿਸ ਕਾਰਨ ਉਕਤ ਟੈਂਡਰ ਰੋਕੇ ਗਏ ਹਨ। ਫੰਡ ਉਪਲਬਧ ਹੋਣ ’ਤੇ ਸਾਰੇ ਕੰਮਾਂ ਦੇ ਟੈਂਡਰ ਖੋਲ੍ਹੇ ਜਾਣਗੇ। ਇਹ ਗੱਲ ਸੁਣ ਕੇ ਅਕਾਲੀ ਕੌਂਸਲਰਾਂ ਨੇ ਇਕਸੁਰ ਵਿੱਚ ਕਿਹਾ ਕਿ ਜੇਕਰ ਫੰਡ ਨਹੀਂ ਸਨ ਤਾਂ ਫਿਰ ਟੈਂਡਰ ਕਾਲ ਕਰਨ ਦੀ ਕੀ ਲੋੜ ਸੀ। ਇਸ ਦੇ ਜਵਾਬ ਵਿੱਚ ਕਮਿਸ਼ਨਰ ਦਾ ਕਹਿਣਾ ਸੀ ਕਿ ਇਹ ਤਾਂ ਉਨ੍ਹਾਂ ਨੇ ਮਤਾ ਪਾਸ ਕਰਨ ਲੱਗਿਆ ਦੇਖਣਾ ਸੀ। ਇਸ ਮੌਕੇ ਮੇਅਰ ਨੇ ਸਪੱਸ਼ਟ ਕੀਤਾ ਕਿ ਨਿਗਮ ਕੋਲ ਫੰਡਾਂ ਦੀ ਘਾਟ ਨਹੀਂ ਹੈ। ਵਿਕਾਸ ਕੰਮਾਂ ਦੇ ਟੈਂਡਰ ਸਿਆਸੀ ਦਬਾਅ ਕਾਰਨ ਨਹੀਂ ਖੋਲ੍ਹੇ ਜਾ ਰਹੇ ਹਨ। ਅਕਾਲੀ ਕੌਂਸਲਰ ਅਮਰੀਕ ਸਿੰਘ ਤਹਿਸੀਲਦਾਰ ਨੇ ਪਾਰਕਾਂ ਦਾ ਲੈਵਲ ਸਹੀ ਨਾ ਹੋਣ ਦਾ ਮੁੱਦਾ ਚੁੱਕਿਆ। ਮੇਅਰ ਧੜੇ ਦੇ ਕੌਂਸਲਰ ਹਰਪਾਲ ਸਿੰਘ ਚੰਨਾ ਨੇ ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਕਰਦਿਆਂ ਕਿਹਾ ਕਿ ਪਿੰਡਾਂ ਦੇ ਲੋਕਾਂ ਲਈ ਨਕਸ਼ਾ ਫੀਸ ਮੁਆਫ਼ ਕੀਤੀ ਜਾਵੇ। (ਬਾਕਸ ਆਈਟਮ) ਮੀਟਿੰਗ ਵਿੱਚ ਮੇਅਰ ਦੀ ਅਪੀਲ ’ਤੇ ਨਗਰ ਨਿਗਮ ਦੇ ਸੁਪਰਡੈਂਟ (ਅਮਲਾ) ਭੀਨ ਸੈਨ, ਸੁਪਰਡੈਂਟ (ਤਹਿਬਾਜ਼ਾਰੀ) ਜਸਵਿੰਦਰ ਸਿੰਘ ਅਤੇ ਨਿੱਜੀ ਸਹਾਇਕ ਸਤਵਿੰਦਰ ਕੌਰ ਸੈਵੀ ਨੂੰ ਸ਼ਲਾਘਾਯੋਗ ਸੇਵਾਵਾਂ ਬਦਲੇ ਪ੍ਰਸੰਸਾ ਪੱਤਰ ਦੇਣ ਦਾ ਮਤਾ ਪਾਸ ਕੀਤਾ ਗਿਆ। ਇਨ੍ਹਾਂ ਤਿੰਨੇ ਮੁਲਾਜ਼ਮਾਂ ਨੂੰ ਪ੍ਰਸੰਸਾ ਪੱਤਰ ਦੇ ਕੇ ਨਿਵਾਜਿਆ ਜਾਵੇਗਾ ਤਾਂ ਜੋ ਬਾਕੀ ਦਫ਼ਤਰੀ ਮੁਲਾਜ਼ਮ ਵੀ ਉਤਸ਼ਾਹਿਤ ਹੋ ਸਕਣ। (ਬਾਕਸ ਆਈਟਮ) ਅਕਾਲੀ ਕੌਂਸਲਰ ਸਤਵੀਰ ਸਿੰਘ ਧਨੋਆ ਅਤੇ ਸੁਖਦੇਵ ਸਿੰਘ ਪਟਵਾਰੀ ਨੇ ਪੰਜਾਬ ਦੀ ਮਿੰਨੀ ਰਾਜਧਾਨੀ ਮੁਹਾਲੀ ਵਿੱਚ ਪੰਜਾਬੀ ਸਾਹਿਤ ਅਤੇ ਸਭਿਆਚਾਰ ਸਰਗਰਮੀਆਂ ਨੂੰ ਬੜ੍ਹਾਵਾ ਦੇਣ ’ਤੇ ਜ਼ੋਰ ਦਿੰਦਿਆਂ ਮੰਗ ਕੀਤੀ ਕਿ ਪਿਛਲੀ ਮੀਟਿੰਗ ਵਿੱਚ ਪੰਜਾਬੀ ਸਾਹਿਤ ਅਤੇ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਰੱਖੇ 5 ਲੱਖ ਰੁਪਏ ਖ਼ਰਚ ਕੀਤੇ ਜਾਣ ਅਤੇ ਮੀਟਿੰਗ ਦੇ ਏਜੰਡੇ ਵਿੱਚ ਸਾਰੀਆਂ ਮੱਦਾਂ ਦਾ ਵੇਰਵਾ ਪੰਜਾਬੀ ਵਿੱਚ ਲਿਖਿਆ ਜਾਵੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ