ਮੁਹਾਲੀ ਵਿੱਚ ਮਿਆਦ ਪੁੱਗ ਚੁੱਕੇ ਪਾਸ ਲੈ ਕੇ ਘੁੰਮ ਰਹੇ ਨੇ ਰੇਹੜੀਆਂ ਵਾਲੇ, ਪ੍ਰਸ਼ਾਸਨ ਬੇਖ਼ਬਰ

ਆਟੋ ਲਈ ਜਾਰੀ ਪਾਸ ਨਾਲ ਰੇਹੜੀ ’ਤੇ ਸਬਜ਼ੀਆਂ ਵੇਚਣ ਵਾਲੇ ਚਾਚਾ-ਭਤੀਜਾ ਨੂੰ ਕੀਤਾ ਕਾਬੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਅਪਰੈਲ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਮਿਆਦ ਪੁੱਗ ਚੁੱਕੇ ਕਰਫਿਊ ਪਾਸ ਨਾਲ ਰੇਹੜੀ ਵਾਲੇ ਸ਼ਰੇਆਮ ਗਲੀ ਮੁਹੱਲਿਆਂ ਵਿੱਚ ਸਮਾਨ ਵੇਚ ਰਹੇ ਹਨ ਅਤੇ ਇਸ ਸਬੰਧੀ ਮੁਹਾਲੀ ਪ੍ਰਸ਼ਾਸਨ ਬਿਲਕੁਲ ਬੇਖ਼ਬਰ ਹੈ। ਅਜਿਹਾ ਹੀ ਇਕ ਤਾਜ਼ਾ ਇੱਥੋਂ ਦੇ ਸੈਕਟਰ-57 ਵਿੱਚ ਸਾਹਮਣੇ ਆਇਆ ਹੈ। ਇੱਥੇ ਸੰਜੇ ਮਿਸ਼ਰਾ ਆਪਣੇ ਭਤੀਜੇ ਦਿਵੇਸ਼ ਮਿਸ਼ਰਾ ਨਾਲ ਮਿਆਦ ਪੁੱਗ ਚੁੱਕੇ ਕਰਫਿਊ ਪਾਸ ਨਾਲ ਰੇਹੜੀ ’ਤੇ ਸਬਜ਼ੀ ਤੇ ਫਲ ਵੇਚਣ ਆਏ ਸੀ। ਜਦੋਂਕਿ ਦਿਵੇਸ਼ ਮਿਸ਼ਰਾ ਦਾ ਪਿਤਾ ਘਣਸ਼ਾਮ ਮਿਸ਼ਰਾ ਬਲੌਂਗੀ ਵਿੱਚ ਸਬਜ਼ੀ ਅਤੇ ਫੁਲ ਆਦਿ ਵੇਚਦਾ ਹੈ।
ਕਰੋਨਾਵਾਇਰਸ ਦੇ ਚੱਲਦਿਆਂ ਕਰਫਿਊ ਲੱਗਣ ਕਾਰਨ ਆਮ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲ ’ਤੇ ਪਾਬੰਦੀ ਅਤੇ ਮਾਰਕੀਟਾਂ ਵਿੱਚ ਦੁਕਾਨਾਂ ਬੰਦ ਰੱਖਣ ਦੇ ਹੁਕਮ ਹਨ। ਪ੍ਰੰਤੂ ਨਿੱਤ ਵਰਤੋਂ ਦਾ ਘਰੇਲੂ ਸਮਾਨ ਲੈਣ ਲਈ ਜਿੱਥੇ ਕੁਝ ਸਮੇਂ ਲਈ ਕਰਫਿਊ ਵਿੱਚ ਢਿੱਲ ਦਿੱਤੀ ਹੋਈ ਹੈ, ਉੱਥੇ ਦੁੱਧ ਅਤੇ ਸਬਜ਼ੀਆਂ ਤੇ ਫਲ ਆਦਿ ਵੇਚਣ ਵਾਲਿਆਂ ਨੂੰ ਵੀ ਵਿਸ਼ੇਸ਼ ਕਰਫਿਊ ਪਾਸ ਜਾਰੀ ਕੀਤੇ ਗਏ ਹਨ ਲੇਕਿਨ ਮੌਜੂਦਾ ਸਮੇਂ ਵਿੱਚ ਕਈ ਲੋਕ ਮਿਆਦ ਪੁੱਗ ਚੁੱਕੇ ਪਾਸ ਲੈ ਕੇ ਸ਼ਰੇ੍ਹਆਮ ਘੁੰਮ ਰਹੇ ਹਨ।
ਸੈਕਟਰ-57 ਦੇ ਵਸਨੀਕ ਗੁਰਸਾਹਿਬ ਸਿੰਘ, ਤੇਜਿੰਦਰ ਸਿੰਘ ਤੇਜ਼ੀ ਅਤੇ ਗੁਰਦੇਵ ਕੌਰ ਨੇ ਦੱਸਿਆ ਕਿ ਕਰੋਨਾ ਦੀ ਮਹਾਮਾਰੀ ਦੇ ਚੱਲਦਿਆਂ ਕਰਫਿਊ ਲੱਗਾ ਹੋਣ ਕਾਰਨ ਉਹ ਸੈਕਟਰ ਦੇ ਐਂਟਰੀ ਪੁਆਇੰਟ ’ਤੇ ਨਾਕਾ ਲਗਾ ਕੇ ਬੈਠੇ ਹੋਏ ਸੀ। ਇਸ ਦੌਰਾਨ ਦੋ ਵਿਅਕਤੀ ਰੇਹੜੀ ’ਤੇ ਸਬਜ਼ੀਆਂ ਅਤੇ ਫਲ ਵੇਚਣ ਲਈ ਸੈਕਟਰ ਦੇ ਅੰਦਰ ਜਾਣ ਦੀ ਇਜਾਜ਼ਤ ਮੰਗ ਰਹੇ ਸੀ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀਆਂ ਕੋਲੋਂ ਮਿਆਦ ਪੁੱਗ ਚੁੱਕਾ ਪਾਸ ਸੀ। ਇਹ ਪਾਸ ਮੁਹਾਲੀ ਦੇ ਉਪ ਮੰਡਲ ਮੈਜਿਸਟਰੇਟ (ਐਸਡੀਐਮ) ਵੱਲੋਂ 27 ਮਾਰਚ ਨੂੰ ਜਾਰੀ ਕੀਤਾ ਗਿਆ ਸੀ, ਜੋ ਕਿ ਬੀਤੀ 14 ਅਪਰੈਲ ਤੱਕ ਹੀ ਵੈਲਿਡ ਸੀ। ਇਹੀ ਨਹੀਂ ਇਹ ਪਾਸ ਘਣਸ਼ਾਮ ਮਿਸ਼ਰਾ ਦੇ ਨਾਂ ’ਤੇ ਪੀਬੀ-65-ਏਟੀ-2867 ਨੰਬਰ ਕਿਸੇ ਵਾਹਨ ਲਈ ਜਾਰੀ ਕੀਤਾ ਗਿਆ ਸੀ। ਜਿਸ ਨਾਲ ਉਹ ਰੇਹੜੀ ’ਤੇ ਸਬਜ਼ੀ ਵੇਚ ਰਹੇ ਸੀ। ਜਦੋਂਕਿ ਘਣਸ਼ਾਮ ਮਿਸ਼ਰਾ ਆਪ ਬਲੌਂਗੀ ਵਿੱਚ ਸਬਜ਼ੀ ਵੇਚਦਾ ਹੈ। ਇਸੇ ਤਰ੍ਹਾਂ ਇਕ ਹੋਰ ਵਿਅਕਤੀ ਰੇਹੜੀ ’ਤੇ ਫਰੂਟ ਵੇਚਣ ਆਇਆ ਸੀ ਪ੍ਰੰਤੂ ਪ੍ਰਸ਼ਾਸਨ ਨੇ ਉਸ ਨੂੰ ਛੋਟੇ ਹਾਥੀ ਲਈ ਪਾਸ ਬਣਾ ਕੇ ਦਿੱਤਾ ਹੋਇਆ ਸੀ। ਕਹਿਣ ਤੋਂ ਭਾਵ ਮੁਹਾਲੀ ਪ੍ਰਸ਼ਾਸਨ ਆਮ ਲੋਕਾਂ ਨੂੰ ਤਰਸ ਦੇ ਆਧਾਰ ’ਤੇ ਕਰਫਿਊ ਪਾਸ ਤਾਂ ਬਣਾ ਕੇ ਰਿਹਾ ਹੈ ਪ੍ਰੰਤੂ ਜਾਰੀ ਕੀਤੇ ਪਾਸਾਂ ਦੀ ਜ਼ਮੀਨੀ ਹਕੀਕਤ ਜਾਣਨ ਲਈ ਉਨ੍ਹਾਂ ਦੀ ਦੁਬਾਰਾ ਨਜ਼ਰਸਾਨੀ ਨਹੀਂ ਕੀਤੀ ਜਾ ਰਹੀ ਹੈ।
ਇੱਥੋਂ ਦੇ ਸੈਕਟਰ-70 ਦੇ ਵਸਨੀਕ ਜਯੋਤੀ ਸਿੰਗਲਾ ਅਤੇ ਗੁਰੂ ਤੇਗ ਬਹਾਦਰ ਕੰਪਲੈਕਸ ਦੇ ਵਸਨੀਕ ਅਮਰੀਕ ਸਿੰਘ ਧਾਲੀਵਾਲ ਅਤੇ ਬਜਿੰਦਰਪਾਲ ਕੌਰ ਨੇ ਦੱਸਿਆ ਕਿ ਰਿਹਾਇਸ਼ੀ ਖੇਤਰ ਵਿੱਚ ਟੋਲੀਆਂ ਬੰਨ੍ਹ ਕੇ ਰੇਹੜੀਆਂ, ਛੋਟੇ ਹਾਥੀ ਅਤੇ ਥ੍ਰੀ ਵੀਲ੍ਹਰਾਂ ’ਤੇ ਸਬਜ਼ੀਆਂ, ਫਲ ਅਤੇ ਹੋਰ ਖਾਣ ਵਾਲੀਆਂ ਵਸਤੂਆਂ ਵੇਚੀਆਂ ਜਾ ਰਹੀਆਂ ਹਨ ਜਦੋਂਕਿ ਕਰੋਨਾ ਕਾਰਨ ਹਰੇਕ ਰਿਹਾਇਸ਼ੀ ਖੇਤਰ ਵਿੱਚ ਘੁੰਮ ਫਿਰ ਕੇ ਸਮਾਨ ਵੇਚਣ ਲਈ ਵੱਧ ਤੋਂ ਵੱਧ ਇਕ ਜਾਂ ਦੋ ਰੇਹੜੀਆਂ ਨੂੰ ਹੀ ਇਜਾਜ਼ਤ ਦੇਣੀ ਚਾਹੀਦੀ ਹੈ। ਉਨ੍ਹਾਂ ਮੁਹਾਲੀ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਰਫਿਊ ਪਾਸ ਬਣਾਉਣ ਵੇਲੇ ਵਾਹਨ ਚਾਲਕ ਜਾਂ ਰੇਹੜੀ ਵਾਲੇ ਲਈ ਏਰੀਆ ਵੀ ਨਿਰਧਾਰਿਤ ਕੀਤਾ ਜਾਵੇ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…