ਮੁਹਾਲੀ ਫੇਜ਼-9 ਵਿੱਚ ਅਣਪਛਾਤੇ ਲੁਟੇਰਿਆਂ ਨੇ ਦੁਕਾਨਦਾਰ ਨੂੰ ਲੁੱਟਿਆਂ

ਸੀਸੀਟੀਵੀ ਕੈਮਰੇ ’ਚ ਕੈਦ ਹੋਈ ਵਾਰਦਾਤ, ਦੁਕਾਨ ਬੰਦ ਕਰਕੇ ਘਰ ਜਾ ਰਿਹਾ ਸੀ ਪੀੜਤ ਦੁਕਾਨਦਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਦਸੰਬਰ:
ਇੱਥੋਂ ਦੇ ਫੇਜ਼-9 ਵਿੱਚ ਤਿੰਨ ਅਣਪਛਾਤੇ ਲੁਟੇਰਿਆਂ ਨੇ ਦਵਾਈਆਂ ਦੇ ਕਾਰੋਬਾਰੀ ਪੁਨੀਤ ਗੋਇਲ ’ਤੇ ਹਮਲਾ ਕਰਕੇ ਦੁਕਾਨਦਾਰ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ ਅਤੇ ਉਸ ਤੋਂ ਨਗਦੀ ਵਾਲਾ ਬੈਗ (ਜਿਸ ਵਿੱਚ ਕਰੀਬ ਢਾਈ ਲੱਖ ਰੁਪਏ ਸਨ) ਲੁੱਟ ਕੇ ਫਰਾਰ ਹੋ ਗਏ। ਪੀੜਤ ਦੁਕਾਨਦਾਰ ਪੁਨੀਤ ਗੋਇਲ ਸੈਕਟਰ-71 ਦੀ ਮਾਰਕੀਟ ਵਿੱਚ ਦਵਾਈਆਂ ਦੀ ਦੁਕਾਨ ਕਰਦਾ ਹੈ ਅਤੇ ਫੇਜ਼-9 ਦੇ ਐਚਆਈਜੀ ਫਲੈਟਾਂ ਵਿੱਚ ਰਹਿੰਦਾ ਹੈ।
ਪੀੜਤ ਪੁਨੀਤ ਗੋਇਲ ਨੇ ਦੱਸਿਆ ਕਿ ਉਹ ਰੋਜ਼ਾਨਾ ਵਾਂਗ ਦੇਰ ਰਾਤ 10 ਵਜੇ ਆਪਣੀ ਦਵਾਈਆਂ ਦੀ ਦੁਕਾਨ ਬੰਦ ਕਰਕੇ ਗੱਡੀ ਵਿੱਚ ਵਾਪਸ ਘਰ ਪਰਤ ਰਿਹਾ ਸੀ। ਘਰ ਪਹੁੰਚਣ ਤੋਂ ਪਹਿਲਾਂ ਮੰਦਰ ਨੇੜੇ ਪਹੁੰਚ ਕੇ ਉਨ੍ਹਾਂ ਨੂੰ ਇੰਜ ਲੱਗਾ ਕਿ ਜਿਵੇਂ ਕੋਈ ਉਸ ਦਾ ਪਿੱਛਾ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਸ ਨੇ ਆਪਣੇ ਘਰ ਦੇ ਬਾਹਰ ਪਹੁੰਚ ਕੇ ਹਾਲੇ ਆਪਣੀ ਗੱਡੀ ਖੜ੍ਹੀ ਕੀਤੀ ਹੀ ਸੀ ਕਿ ਏਨੇ ਮੋਟਰ ਸਾਈਕਲ ’ਤੇ ਸਵਾਰ ਤਿੰਨ ਵਿਅਕਤੀ ਜਿਨ੍ਹਾਂ ਨੇ ਆਪਣੇ ਮੂੰਹ ਢਕੇ ਹੋਏ ਸੀ ਉੱਥੇ ਪਹੁੰਚ ਗਏ। ਇਨ੍ਹਾਂ ’ਚੋਂ ਇੱਕ ਵਿਅਕਤੀ ਮੋਟਰ ਸਾਈਕਲ ’ਤੇ ਹੀ ਬੈਠਾ ਰਿਹਾ ਜਦੋਂਕਿ ਦੋ ਨੌਜਵਾਨ ਜਿਨ੍ਹਾਂ ’ਚੋਂ ਇੱਕ ਦੇ ਹੱਥ ਵਿੱਚ ਲੋਹੇ ਦੀ ਰਾਡ ਅਤੇ ਦੂਜੇ ਦੇ ਹੱਥ ਵਿੱਚ ਹਥੌੜਾ ਸੀ ਨੇ ਉਸ ਦੀ ਗੱਡੀ ਦਾ ਦਰਵਾਜਾ ਖੋਲ੍ਹ ਕੇ ਉਸ ’ਤੇ ਹਮਲਾ ਕਰ ਦਿੱਤਾ। ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ।
ਪੀੜਤ ਦੁਕਾਨਦਾਰ ਨੇ ਦੱਸਿਆ ਕਿ ਨਗਦੀ ਵਾਲਾ ਬੈਗ ਦੂਜੀ ਸੀਟ ’ਤੇ ਪਿਆ ਸੀ ਅਤੇ ਉਸ ਨੇ ਹਿੰਮਤ ਕਰਕੇ ਖ਼ੁਦ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਇਸ ਦੌਰਾਨ ਇੱਕ ਨੌਜਵਾਨ ਭੱਜ ਕੇ ਦੂਜੇ ਪਾਸੇ ਆਇਆ ਅਤੇ ਗੱਡੀ ਦਾ ਦਰਵਾਜਾ ਖੋਲ੍ਹ ਕੇ ਪੈਸਿਆਂ ਵਾਲਾ ਬੈਗ ਚੁੱਕ ਕੇ ਫਰਾਰ ਹੋ ਗਿਆ। ਉਸਦੇ ਪਿੱਛੇ ਹੀ ਦੂਜਾ ਨੌਜਵਾਨ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਰੌਲਾ ਪਾਉਣ ’ਤੇ ਆਸ-ਪਾਸ ਦੇ ਲੋਕ ਵੀ ਆਪਣੇ ਘਰਾਂ ’ਚੋਂ ਬਾਹਰ ਨਿਕਲ ਆਏ ਪ੍ਰੰਤੂ ਉਦੋਂ ਤੱਕ ਲੁਟੇਰੇ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਚੁੱਕੇ ਸੀ। ਉਨ੍ਹਾਂ ਦੱਸਿਆ ਕਿ ਇਹ ਸਾਰੀ ਘਟਨਾ ਉਨ੍ਹਾਂ ਦੇ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।
ਪੁਨੀਤ ਗੋਇਲ ਨੇ ਦੱਸਿਆ ਕਿ ਵਾਰਦਾਤ ਸਬੰਧੀ ਉਸ ਨੇ ਪੁਲੀਸ ਕੰਟਰੋਲ ਰੂਮ ’ਤੇ ਫੋਨ ਕਰਕੇ ਜਾਣਕਾਰੀ ਦਿੱਤੀ ਗਈ। ਸੂਚਨਾ ਮਿਲਦੇ ਹੀ ਪੀਸੀਆਰ ਦੀ ਟੀਮ ਮੌਕੇ ’ਤੇ ਪਹੁੰਚ ਗਈ। ਅੱਧੀ ਰਾਤ ਕਰੀਬ 12 ਵਜੇ ਉਸ ਦੇ ਛੋਟੇ ਭਰਾ ਨੇ ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਉਸ ਦੀ ਬਾਂਹ, ਮੂੰਹ ਅਤੇ ਸਰੀਰ ਦੇ ਹੋਰ ਹਿੱਸਿਆਂ ’ਤੇ ਸੱਟਾਂ ਲੱਗੀਆਂ ਹਨ। ਅੱਜ ਦਿਨ ਵਿੱਚ ਸੈਂਟਰਲ ਥਾਣਾ ਫੇਜ਼-8 ਦੇ ਐਸਐਚਓ ਰਾਜੇਸ਼ ਕੁਮਾਰ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਅਤੇ ਜਾਂਚ ਅਧਿਕਾਰੀ ਨੇ ਉਨ੍ਹਾਂ ਦੇ ਬਿਆਨ ਦਰਜ ਕੀਤੇ ਗਏ।
ਡੀਐਸਪੀ (ਸਿਟੀ-2) ਦੀਪ ਕੰਵਲ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ’ਤੇ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਪੀੜਤ ਦੁਕਾਨਦਾਰ ਦੇ ਘਰ ਦੇ ਬਾਹਰ ਅਤੇ ਨੇੜਲੇ ਇਲਾਕਿਆਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪੀੜਤ ਦੁਕਾਨਦਾਰ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਅਣਪਛਾਤੇ ਲੁਟੇਰਿਆਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਅਤੇ ਜਲਦੀ ਹੀ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…