
ਮੁਹਾਲੀ ਪੁਲੀਸ ਦੀ ਮੁਸਤੈਦੀ: ਜੂਆ ਖੇਡਣ ਦੇ ਦੋਸ਼ ਵਿੱਚ ਸੱਤ ਵਿਅਕਤੀ ਗ੍ਰਿਫ਼ਤਾਰ
ਮੁਹਾਲੀ ਦੇ ਫੇਜ਼-1 ਦੀ ਮਾਰਕੀਟ ਵਿੱਚ ਸ਼ੋਅਰੂਮ ਦੀ ਛੱਤ ’ਤੇ ਖੇਡ ਰਹੇ ਸੀ ਜੂਆ, ਕੇਸ ਦਰਜ
ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਜੁਲਾਈ:
ਮੁਹਾਲੀ ਪੁਲੀਸ ਨੇ ਜੂਆ ਖੇਡਣ ਦੇ ਦੋਸ਼ ਹੇਠ ਸੱਤ ਵਿਅਕਤੀਆਂ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਥਾਣਾ ਫੇਜ਼-1 ਦੇ ਐਸਐਚਓ ਇੰਸਪੈਕਟਰ ਮਨਫੂਲ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਥੋਂ ਦੇ ਫੇਜ਼-1 ਦੀ ਮਾਰਕੀਟ ਵਿੱਚ ਸ਼ੋਅਰੂਮ ਦੀ ਪਹਿਲੀ ਮੰਜ਼ਲ ’ਤੇ ਜੂਆ ਖੇਡ ਰਹੇ ਹਨ। ਸੂਚਨਾ ਮਿਲਦੇ ਹੀ ਪੁਲੀਸ ਨੇ ਛਾਪੇਮਾਰੀ ਕਰਕੇ ਸੱਤ ਵਿਅਕਤੀਆਂ ਨੂੰ ਕਾਬੂ ਕਰ ਲਿਆ। ਇਨ੍ਹਾਂ ਵਿਅਕਤੀਆਂ ਕੋਲੋਂ ਮੌਕੇ ’ਤੇ 100300 ਰੁਪਏ ਦੀ ਰਕਮ ਬਰਾਮਦ ਕੀਤੀ ਗਈ ਹੈ।
ਥਾਣਾ ਮੁਖੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ’ਚੋਂ 2 ਮੁਹਾਲੀ ਦੇ ਵਸਨੀਕ ਹਨ ਜਦੋਂਕਿ ਇੱਕ ਵਿਅਕਤੀ ਬਲੌਂਗੀ ਅਤੇ ਚਾਰ ਚੰਡੀਗੜ੍ਹ ਦੇ ਵਸਨੀਕ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲੀਸ ਨੇ ਰਾਜੇਸ਼ ਕੁਮਾਰ ਵਾਸੀ ਸੈਕਟਰ-56 (ਚੰਡੀਗੜ੍ਹ), ਇਰਫ਼ਾਨ ਖਾਨ ਵਾਸੀ ਬਲੌਂਗੀ, ਸਤੰਤਰ ਸ਼ਰਮਾ ਵਾਸੀ ਫੇਜ਼-1 (ਮੁਹਾਲੀ), ਵਿਜੈ ਕੁਮਾਰ ਵਾਸੀ ਸੈਕਟਰ-52 (ਚੰਡੀਗੜ੍ਹ), ਰਾਕੇਸ਼ ਕੁਮਾਰ ਅਤੇ ਦਿਨੇਸ਼ ਪ੍ਰਸਾਦ ਵਾਸੀ ਦੋਵੇਂ ਸੈਕਟਰ-56 (ਚੰਡੀਗੜ੍ਹ) ਅਤੇ ਰਾਜੇਸ਼ ਪਾਸਵਾਨ ਵਾਸੀ ਸੈਕਟਰ-41ਏ (ਚੰਡੀਗੜ੍ਹ) ਦੇ ਖ਼ਿਲਾਫ਼ ਫੇਜ਼-1 ਥਾਣੇ ਵਿੱਚ ਜੂਆ ਐਕਟ ਦੇ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਸਥਾਨਕ ਪੁਲੀਸ ਵੱਲੋਂ ਜੂਆ ਖੇਡਣ ਵਾਲਿਆਂ ਸਖ਼ਤ ਕਾਰਵਾਈ ਕੀਤੀ ਜਾ ਚੁੱਕੀ ਹੈ।