
ਮੁਹਾਲੀ ਪੁਲੀਸ ਵੱਲੋਂ ਮੋਟਰ ਸਾਈਕਲ ਤੇ ਕਾਰਾਂ ਚੋਰੀ ਕਰਨ ਵਾਲੇ ਗਰੋਹ ਦੇ 3 ਮੈਂਬਰ ਗ੍ਰਿਫ਼ਤਾਰ
ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਚੋਰੀ ਦੇ 24 ਦੋ ਪਹੀਆ ਵਾਹਨ ਤੇ 4 ਕਾਰਾਂ ਬਰਾਮਦ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਦਸੰਬਰ:
ਮੁਹਾਲੀ ਪੁਲੀਸ ਨੇ ਮੋਟਰ ਸਾਈਕਲ ਅਤੇ ਕਾਰਾਂ ਚੋਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਦੋਂਕਿ ਦੋ ਮੁਲਜ਼ਮ ਹਾਲੇ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਅੱਜ ਇੱਥੇ ਥਾਣਾ ਫੇਜ਼-1 ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁਹਾਲੀ ਦੇ ਐਸਪੀ (ਸਿਟੀ) ਹਰਵਿੰਦਰ ਸਿੰਘ ਵਿਰਕ, ਡੀਐਸਪੀ (ਸਿਟੀ-1) ਗੁਰਸ਼ੇਰ ਸਿੰਘ ਸੰਧੂ ਅਤੇ ਥਾਣਾ ਮੁਖੀ ਸ਼ਿਵਦੀਪ ਸਿੰਘ ਬਰਾੜ ਨੇ ਦੱਸਿਆ ਕਿ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਚੋਰੀ ਦੇ 24 ਮੋਟਰ ਸਾਈਕਲ ਅਤੇ 4 ਕਾਰਾਂ ਬਰਾਮਦ ਕੀਤੀਆਂ ਗਈਆਂ ਹਨ। ਜਿਨ੍ਹਾਂ ’ਚੋਂ ਚੋਰੀ ਦੇ 10 ਮੋਟਰ ਸਾਈਕਲ ਅਸਲ ਮਾਲਕਾਂ ਦੇ ਸਪੁਰਦ ਕੀਤੇ ਗਏ ਹਨ ਅਤੇ ਬਾਕੀ ਚੋਰੀ ਦੇ ਵਾਹਨਾਂ ਬਾਰੇ ਕਾਨੂੰਨੀ ਕਾਰਵਾਈ ਪੂਰੀ ਕਰਨ ਦੀ ਪ੍ਰਕਿਰਿਆ ਜਾਰੀ ਹੈ।
ਐਸਪੀ ਵਿਰਕ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ ਵਾਹਨ ਚੋਰੀ ਦੇ ਚਾਰ ਮਾਮਲੇ ਹੱਲ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਚੋਰੀ ਦੇ ਵੱਖ-ਵੱਖ ਮਾਮਲਿਆਂ ਵਿੱਚ ਨਵਤੇਜ ਸਿੰਘ ਵਾਸੀ ਖਮਾਣੋਂ ਅਤੇ ਅੰਮ੍ਰਿਤਪਾਲ ਸਿੰਘ ਵਾਸੀ ਨੇੜੇ ਮੈਸ ਗੇਟ ਨਾਭਾ ਅਤੇ ਸਾਹਿਲ ਸ਼ਰਮਾ ਵਾਸੀ ਚੋਚੜਾ, ਜ਼ਿਲ੍ਹਾ ਕਰਨਾਲ (ਹਰਿਆਣਾ) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ 24 ਮੋਟਰ ਸਾਈਕਲ ਅਤੇ 4 ਕਾਰਾਂ (2 ਮਾਰੂਤੀ ਜੈਨ, 1 ਮਾਰੂਤੀ ਅਸਟੀਮ ਅਤੇ 1 ਇੰਡੀਕਾ) ਬਰਾਮਦ ਕੀਤੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੇ ਸਾਥੀ ਰੋਹਿਤ ਕੁਮਾਰ ਅਤੇ ਸੰਦੀਪ ਸਿੰਘ ਫਰਾਰ ਹਨ। ਜਿਨ੍ਹਾਂ ਦੀ ਭਾਲ ਵਿੱਚ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪੁੱਛਗਿੱਛ ਦੌਰਾਨ ਚੋਰੀ ਦੇ ਹੋਰ ਵੀ ਵਾਹਨ ਬਰਾਮਦ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਪੁਲੀਸ ਵੱਲੋਂ ਰਵਿੰਦਰ ਗਿਰੀ ਉਰਫ਼ ਡੀਸੀ ਵਾਸੀ ਪਿੰਡ ਸ਼ਾਮਪੁਰ (ਮੁਹਾਲੀ) ਤੋਂ ਕਈ ਮੋਟਰਸਾਈਕਲ ਅਤੇ ਸ਼ਰਨਜੀਤ ਸਿੰਘ ਉਰਫ਼ ਸੰਨੀ ਵਾਸੀ ਪਿੰਡ ਮੋਟੇ ਮਾਜਰਾ (ਮੁਹਾਲੀ) ਅਤੇ ਕਵੀ ਸਿੰਘ ਵਾਸੀ ਪਿੰਡ ਭਾਗੋਮਾਜਰਾ (ਮੁਹਾਲੀ) ਤੋਂ 2 ਬੁਲਟ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਇਹ ਤਿੰਨੇ ਵਿਅਕਤੀ ਇਸ ਸਮੇਂ ਨਿਆਇਕ ਹਿਰਾਸਤ ਵਿੱਚ ਹਨ।