
ਮੁਹਾਲੀ ਪੁਲੀਸ ਵੱਲੋਂ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੇ 3 ਮੁਲਜ਼ਮ ਗ੍ਰਿਫ਼ਤਾਰ
ਪਿੰਡ ਬਲੌਂਗੀ ਤੋਂ ਪਿੰਡ ਬੜਮਾਜਰਾ ਨੂੰ ਜਾਂਦੀ ਲਿੰਕ ਸੜਕ ’ਤੇ ਨਾਕਾਬੰਦੀ ਦੌਰਾਨ ਕੀਤਾ ਕਾਬੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਮਾਰਚ:
ਮੁਹਾਲੀ ਪੁਲੀਸ ਵੱਲੋਂ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੇ ਤਿੰਨ ਮੁਲਜ਼ਮਾਂ ਕਪਿਲ ਕੁਮਾਰ ਵਾਸੀ ਪਿੰਡ ਧੁਰੰਧਰ ਖੇੜਾ (ਯੂਪੀ), ਅਨਿਕੇਤ ਕੁਮਾਰ ਵਾਸੀ ਪਿੰਡ ਬੱਨੂਪੁਰਾ (ਯੂਪੀ) ਅਤੇ ਨਵੀਨ ਕੁਮਾਰ ਵਾਸੀ ਪਿੰਡ ਬਿਲਗਰਮ (ਯੂਪੀ) ਹਾਲ ਵਾਸੀ ਪਿੰਡ ਮਟੌਰ (ਸੈਕਟਰ-70) ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮਾਂ ਕੋਲੋਂ ਚੋਰੀ ਦੇ ਮੋਟਰ ਸਾਈਕਲ ਅਤੇ ਤਿੰਨ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ।
ਇਹ ਜਾਣਕਾਰੀ ਦਿੰਦਿਆਂ ਐਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਉਕਤ ਮੁਲਜ਼ਮ ਮੁਹਾਲੀ ਇਲਾਕੇ ਵਿੱਚ ਕਾਫ਼ੀ ਸਮੇਂ ਤੋਂ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ ਰਹੇ ਸੀ। ਉਨ੍ਹਾਂ ਦੱਸਿਆ ਕਿ ਐਸਪੀ (ਡੀ) ਹਰਮਨਦੀਪ ਸਿੰਘ ਹਾਂਸ ਅਤੇ ਡੀਐਸਪੀ (ਡੀ) ਗੁਰਚਰਨ ਸਿੰਘ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਗੁਰਮੇਲ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਉਕਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਕੋਲੋਂ ਇੱਕ ਚੋਰੀ ਦਾ ਮੋਟਰ ਸਾਈਕਲ ਅਤੇ ਖੋਹ ਕੀਤੇ ਤਿੰਨ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ।
ਐਸਐਸਪੀ ਨੇ ਦੱਸਿਆ ਕਿ ਸੀਆਈਏ ਸਟਾਫ਼ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕਪਿਲ ਕੁਮਾਰ, ਅਨਿਕੇਤ ਕੁਮਾਰ ਅਤੇ ਨਵੀਨ ਕੁਮਾਰ ਪਿਛਲੇ ਕਾਫ਼ੀ ਸਮੇਂ ਤੋਂ ਮੁਹਾਲੀ ਇਲਾਕੇ ਵਿੱਚ ਲੁੱਟਾਂ-ਖੋਹਾਂ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਆ ਰਹੇ ਸੀ ਅਤੇ ਚੋਰੀ ਦੇ ਮੋਟਰ ਸਾਈਕਲ ’ਤੇ ਸਵਾਰ ਹੋ ਕੇ ਵਾਰਦਾਤ ਨੂੰ ਅੰਜਾਮ ਦੇਣ ਲਈ ਬਲੌਂਗੀ ਏਰੀਆ ਵਿੱਚ ਘੁੰਮ ਰਹੇ ਸਨ। ਇਸ ਦੌਰਾਨ ਪੁਲੀਸ ਨੇ ਪਿੰਡ ਬਲੌਂਗੀ ਤੋਂ ਪਿੰਡ ਬੜਮਾਜਰਾ ਨੂੰ ਜਾਂਦੀ ਲਿੰਕ ਸੜਕ ’ਤੇ ਨਾਕਾਬੰਦੀ ਦੌਰਾਨ ਉਕਤ ਤਿੰਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਵਿਅਕਤੀਆਂ ਦੇ ਖ਼ਿਲਾਫ਼ ਧਾਰਾ 379ਬੀ, 34 ਅਧੀਨ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਦਿਨ ਦਿਹਾੜੇ ਚੋਰੀ ਸ਼ੁਦਾ ਮੋਟਰ ਸਾਈਕਲ ’ਤੇ ਸਵਾਰ ਹੋ ਕੇ ਰਾਹਗੀਰਾਂ ਤੋਂ ਮੋਬਾਈਲ ਫੋਨ ਅਤੇ ਨਕਦੀ ਖੋਹ ਕੇ ਫਰਾਰ ਹੋ ਜਾਂਦੇ ਸਨ। ਉਨ੍ਹਾਂ ਕਿਹਾ ਕਿ ਪੁੱਛਗਿੱਛ ਦੌਰਾਨ ਲੁੱਟਾਂ ਖੋਹਾਂ ਅਤੇ ਚੋਰੀਆਂ ਦੇ ਮਾਮਲੇ ਵਿੱਚ ਹੋਰ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ।