
ਮੁਹਾਲੀ ਪੁਲੀਸ ਵੱਲੋਂ ਇਨੋਵਾ ਕਾਰ ਤੇ ਪਿਸਤੌਲ ਸਣੇ ਮੁਲਜ਼ਮ ਗ੍ਰਿਫ਼ਤਾਰ
ਇਨੋਵਾ ਕਾਰ ’ਤੇ ਫਰਜ਼ੀ ਨੰਬਰ ਲਗਾ ਕੇ ਘੁੰਮ ਰਿਹਾ ਸੀ ਮੁਲਜ਼ਮ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਅਕਤੂਬਰ:
ਮੁਹਾਲੀ ਪੁਲੀਸ ਵੱਲੋਂ ਲੁੱਟਾਂ-ਖੋਹਾਂ ਅਤੇ ਵਾਹਨ ਚੋਰਾਂ ਦੀ ਪੈੜ ਨੱਪਣ ਲਈ ਵਿੱਢੀ ਵਿਸ਼ੇਸ਼ ਮੁਹਿੰਮ ਦੇ ਤਹਿਤ ਸਥਾਨਕ ਵਾਈਪੀਐਸ ਚੌਂਕ ਨੇੜਿਓਂ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਹਾਲੀ ਦੇ ਐਸਐਸਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਇੱਥੋਂ ਦੇ ਸੈਂਟਰਲ ਥਾਣਾ ਫੇਜ਼-8 ਦੇ ਐਸਐਚਓ ਇੰਸਪੈਕਟਰ ਰਾਜੇਸ਼ ਅਰੋੜਾ ਨੇ ਨਾਕਾਬੰਦੀ ਦੌਰਾਨ ਚੰਡੀਗੜ੍ਹ ਦੀ ਤਰਫ਼ੋਂ ਆ ਰਹੀ ਇਨੋਵਾ ਕਾਰ ਜਿਸ ਨੂੰ ਜੋਬਨ ਸਿੰਘ ਵਾਸੀ ਪਿੰਡ ਬੱਦੋਬਾਲ (ਬਟਾਲਾ) ਚਲਾ ਰਿਹਾ ਸੀ। ਤਲਾਸ਼ੀ ਦੌਰਾਨ ਪੁਲੀਸ ਨੇ ਕਾਰ ਚਾਲਕ ਦੀ ਡੱਬ ’ਚੋਂ ਇਕ ਦੇਸ਼ੀ ਕੱਟਾ ਪਿਸਤੌਲ ਅਤੇ ਤਿੰਨ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ।
ਐਸਐਸਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮ ਨੇ ਇਨੋਵਾ ਕਾਰ ’ਤੇ ਫਰਜ਼ੀ ਨੰਬਰ ਲਗਾਇਆ ਹੋਇਆ ਸੀ। ਕਾਰ ਚਾਲਕ ਕੋਲੋਂ ਮਿਲੇ ਪਿਸਤੌਲ ਬਾਰੇ ਵੀ ਉਹ ਪੁਲੀਸ ਅੱਗੇ ਅਸਲਾ ਲਾਇਸੈਂਸ ਪੇਸ਼ ਨਹੀਂ ਕਰ ਸਕਿਆ। ਜਿਸ ’ਤੇ ਉਸ ਦੇ ਖ਼ਿਲਾਫ਼ ਸੈਂਟਰਲ ਥਾਣਾ ਫੇਜ਼-8 ਵਿੱਚ ਅਸਲਾ ਐਕਟ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਨੇ ਉਸ ਨੂੰ ਤਿੰਨ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਮੁਲਜ਼ਮ ਦੇ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ ਲੜਾਈ ਝਗੜੇ ਅਤੇ ਅਸਲਾ ਐਕਟ ਤਹਿਤ 6 ਅਪਰਾਧਿਕ ਮਾਮਲੇ ਦਰਜ ਹਨ।