ਮੁਹਾਲੀ ਪੁਲੀਸ ਵੱਲੋਂ ਚੋਰੀ ਕੀਤੀ ਵਿਦੇਸ਼ੀ ਕਰੰਸੀ ਸਣੇ ਮੁਲਜ਼ਮ ਗ੍ਰਿਫ਼ਤਾਰ, ਮਟੌਰ ਥਾਣੇ ’ਚ ਕੇਸ ਦਰਜ
ਮੁਹਾਲੀ ਅਦਾਲਤ ਨੇ ਮੁਲਜ਼ਮ ਨੂੰ ਤਿੰਨ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ
ਨਬਜ਼-ਏ-ਪੰਜਾਬ, ਮੁਹਾਲੀ, 4 ਮਾਰਚ:
ਜ਼ਿਲ੍ਹਾ ਸੀਆਈਏ ਸਟਾਫ਼ (ਮੁਹਾਲੀ) ਵੱਲੋਂ ਐੱਸਐੱਸਪੀ ਦੀਪਕ ਪਾਰਿਕ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਇੱਕ ਮੁਲਜ਼ਮ ਨੂੰ ਚੋਰੀ ਕੀਤੀ ਵਿਦੇਸ਼ੀ ਕਰੰਸੀ ਅਤੇ ਭਾਰਤੀ ਕਰੰਸੀ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮ ਦੀ ਪਛਾਣ ਅੰਕੁਰ ਵੈਦ ਵਾਸੀ ਸੈਕਟਰ-39ਸੀ, ਚੰਡੀਗੜ੍ਹ ਵਜੋਂ ਹੋਈ ਹੈ। ਉਸ ਦੇ ਖ਼ਿਲਾਫ਼ ਮੁਹਾਲੀ ਦੇ ਮਟੌਰ ਥਾਣਾ (ਸੈਕਟਰ-71) ਵਿੱਚ ਵੱਖ-ਵੱਖ ਧਰਾਵਾਂ ਅਧੀਨ ਪਰਚਾ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਸੁਖਦੇਵ ਸਿੰਘ ਵਾਸੀ ਸੈਕਟਰ-42ਬੀ, ਚੰਡੀਗੜ੍ਹ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਕੀਤੀ ਗਈ ਹੈ।
ਜ਼ਿਲ੍ਹਾ ਸੀਆਈਏ ਸਟਾਫ਼ (ਮੁਹਾਲੀ) ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਨੇ ਦੱਸਿਆ ਕਿ ਸੁਖਦੇਵ ਸਿੰਘ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਹ ਫੇਜ਼-7 ਦੀ ਮਾਰਕੀਟ ਵਿੱਚ ਪਹਿਲੀ ਮੰਜ਼ਲ ’ਤੇ ਜੋਤ ਟਰੈਵਲ ਅਤੇ ਸਟਾਰ ਟੈੱਕ ਕੰਪਿਊਟਰ ਦਾ ਦਫ਼ਤਰ ਹੈ। ਜਿਸ ਕੋਲ ਵੈਸਟਰਨ ਯੂਨੀਅਨ, ਮਨੀਗਰਾਮ, ਮਨੀਟਰਾਂਸਫ਼ਰ ਅਤੇ ਰਿਆ ਦੀ ਵੀ ਏਜੰਸੀ ਹੈ। ਜਦੋਂ ਕੋਈ ਵੀ ਵਿਅਕਤੀ ਉਸ ਕੋਲੋ ਏਅਰ ਟਿਕਟਾਂ ਬੁੱਕ ਕਰਵਾਉਂਦਾ ਹੈ ਤਾਂ ਉਹ ਉਨ੍ਹਾਂ ਨੂੰ ਭਾਰਤੀ ਕਰੰਸੀ ਅਤੇ ਵਿਦੇਸ਼ੀ ਕਰੰਸੀ ਦਿੱਤਾ ਹੈ। ਉਸ ਦੇ ਦਫ਼ਤਰ ਨ ਵਿੱਚ ਦੁਬਈ ਦੇ ਕਰੀਬ 20 ਹਜ਼ਾਰ ਦਰਾਮ, ਯੂਐਸਏ ਦੇ 2500 ਡਾਲਰ, ਆਸਟ੍ਰੇਲੀਆ ਦੇ 5 ਹਜ਼ਾਰ ਡਾਲਰ ਅਤੇ ਕੈਨੇਡਾ ਦੇ 2 ਹਜ਼ਾਰ ਡਾਲਰ ਤੋਂ ਇਲਾਵਾ ਹੋਰ ਵਿਦੇਸ਼ੀ ਡਾਲਰ ਸਨ।
ਬੀਤੀ 21 ਫਰਵਰੀ ਨੂੰ ਕਰੀਬ ਸਵੇਰੇ 7 ਵਜੇ ਉਹ ਆਪਣੀ ਦੁਕਾਨ ਖੋਲ੍ਹ ਕੇ ਅਤੇ ਧੂਪ ਬੱਤੀ ਕਰਕੇ ਦੁਬਾਰਾ ਤਾਲਾ ਲਗਾ ਕੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਮੱਥਾ ਟੇਕਣ ਲਈ ਚਲਾ ਗਿਆ। ਜਦੋਂ ਉਹ ਕਰੀਬ ਢਾਈ ਘੰਟੇ ਬਾਅਦ ਸਾਢੇ 9 ਵਜੇ ਵਾਪਸ ਆਇਆ ਤਾਂ ਦਫ਼ਤਰ ਦਾ ਪਿਛਲਾ ਦਰਵਾਜਾ ਟੁੱਟਾ ਹੋਇਆ ਸੀ। ਜਦੋਂ ਉਸਨੇ ਆਪਣਾ ਸਮਾਨ ਚੈੱਕ ਕੀਤਾ ਤਾਂ ਉਸਦੇ ਦਫ਼ਤਰ ’ਚੋਂ ਉਕਤ ਸਾਰੀ ਕਰੰਸੀ ਚੋਰੀ ਹੋ ਚੁੱਕੀ ਸੀ। ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕਰਨ ’ਤੇ ਇੱਕ ਨੌਜਵਾਨ ਦਫ਼ਤਰ ਦਾ ਦਰਵਾਜਾ ਤੋੜ ਕੇ ਦਾਖ਼ਲ ਹੁੰਦਾ ਅਤੇ ਚੋਰੀ ਕਰਦਾ ਨਜ਼ਰ ਆ ਰਿਹਾ ਹੈ। ਪੀੜਤ ਦੀ ਸ਼ਿਕਾਇਤ ’ਤੇ ਮੁਲਜ਼ਮ ਦੀ ਪੈੜ ਨੱਪਣ ਲਈ ਮੁਹਾਲੀ ਦੇ ਐਸਪੀ (ਸਿਟੀ) ਹਰਵੀਰ ਸਿੰਘ ਅਟਵਾਲ ਅਤੇ ਡੀਐਸਪੀ (ਡੀ) ਤਲਵਿੰਦਰ ਸਿੰਘ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਦੀ ਅਗਵਾਈ ਵਿੱਚ ਜਾਂਚ ਟੀਮ ਬਣਾਈ ਗਈ। ਇਸ ਦੌਰਾਨ ਸੀਆਈਏ ਦੀ ਟੀਮ ਨੇ ਮੁਲਜ਼ਮ ਅੰਕੁਰ ਵੈਦ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਮੰਨਿਆ ਕਿ ਉਹ ਕਰੀਬ ਇੱਕ ਸਾਲ ਤੋਂ ਵਿਹਲਾ ਹੈ ਅਤੇ ਨਸ਼ਾ ਕਰਨ ਦਾ ਆਦੀ ਹੈ। ਉਸ ਨੇ ਚੋਰੀ ਕਰਨ ਤੋਂ ਕੁੱਝ ਦਿਨ ਪਹਿਲਾਂ ਬਹਾਨੇ ਨਾਲ ਸ਼ਿਕਾਇਤ ਕਰਤਾ ਦੇ ਦਫ਼ਤਰ ਵਿੱਚ ਜਾ ਕੇ ਰੈਕੀ ਕੀਤੀ ਸੀ। ਉਪਰੰਤ ਮੌਕਾ ਮਿਲਦੇ ਹੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।
ਜ਼ਿਲ੍ਹਾ ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ ਤਿੰਨ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ।