nabaz-e-punjab.com

ਦੋਧੀ ’ਤੇ ਜਾਨਲੇਵਾ ਹਮਲੇ ਦਾ ਮਾਮਲਾ: ਮੁਹਾਲੀ ਪੁਲੀਸ ਵੱਲੋਂ ਪ੍ਰੋਡਕਸ਼ਨ ਵਰੰਟ ’ਤੇ ਚਾਰ ਗੈਂਗਸਟਰ ਗ੍ਰਿਫ਼ਤਾਰ

ਮੁਹਾਲੀ ਅਦਾਲਤ ਨੇ ਗੈਂਗਸਟਰਾਂ ਨੂੰ ਪੰਜ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ

ਹਰਸਿਮਰਨ ਸਿੰਘ ਸਿੰਮੂ ਆਪਣਾ ਵੱਖਰਾ ਗਰੋਹ ਬਣਾਉਣ ਲਈ ਕਰ ਰਿਹਾ ਸੀ ਨੌਜਵਾਨਾਂ ਦੀ ਲਾਮਬੰਦੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਮਈ:
ਇੱਥੋਂ ਦੇ ਫੇਜ਼-9 ਵਿੱਚ ਕੁਝ ਸਮਾਂ ਪਹਿਲਾਂ ਦੋਧੀ ’ਤੇ ਹੋਏ ਜਾਨਲੇਵਾ ਹਮਲੇ ਦੇ ਮਾਮਲੇ ਵਿੱਚ ਮੁਹਾਲੀ ਪੁਲੀਸ ਨੇ ਅੱਜ ਚਾਰ ਗੈਂਗਸਟਰਾਂ ਹਰਸਿਮਰਨ ਸਿੰਘ ਉਰਫ਼ ਸਿੰਮੂ ਵਾਸੀ ਪਿੰਡ ਨਬੀਪੁਰ (ਅੰਬਾਲਾ), ਧਰੂਵ ਮੋਹਨ ਗਰਗ ਵਾਸੀ ਗਾਜ਼ਿਆਬਾਦ (ਯੂਪੀ), ਗੁਰਚਰਨ ਸਿੰਘ ਉਰਫ਼ ਗੂਨਾ ਵਾਸੀ ਪਿੰਡ ਰਾਏਪੁਰ ਰਾਣੀ (ਪੰਚਕੂਲਾ) ਅਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਾਸੀ ਪਿੰਡ ਸੈਦਪੁਰ (ਡੇਰਾਬੱਸੀ) ਨੂੰ ਪ੍ਰੋਡਕਸ਼ਨ ਵਰੰਟ ’ਤੇ ਗ੍ਰਿਫ਼ਤਾਰ ਕੀਤਾ ਗਿਆ। ਬੀਤੀ 26 ਅਪਰੈਲ ਨੂੰ ਉਕਤ ਗੈਂਗਸਟਰਾਂ ਨੂੰ ਚੰਡੀਮੰਦਰ ਨੇੜੇ ਫੜਨ ਗਈ ਮੁਹਾਲੀ ਪੁਲੀਸ ਦੀ ਟੀਮ ਉੱਤੇ ਮੁਲਜ਼ਮਾਂ ਨੇ ਫਾਇਰਿੰਗ ਕਰ ਦਿੱਤੀ ਸੀ ਅਤੇ ਦੁਵੱਲਿਓਂ ਗੋਲੀਬਾਰੀ ਦੌਰਾਨ ਗੈਂਗਸਟਰ ਹੱਥੋਂ ਗੋਲੀ ਲੱਗਣ ਕਾਰਨ ਹੌਲਦਾਰ ਰਸ਼ਪ੍ਰੀਤ ਸਿੰਘ ਗੰਭੀਰ ਰੂਪ ਵਿੱਚ ਹੋ ਗਿਆ। ਹੌਲਦਾਰ ਦੀ ਖੱਬੀ ਲੱਤ ’ਚੋਂ ਗੋਲੀ ਲੱਗ ਕੇ ਆਰ-ਪਾਰ ਹੋ ਗਈ ਸੀ। ਉਸ ਦਿਨ ਤੋਂ ਮੁਲਜ਼ਮ ਚੰਡੀਮੰਦਰ ਪੁਲੀਸ ਦੀ ਹਿਰਾਸਤ ਵਿੱਚ ਸਨ।
ਸੈਂਟਰਲ ਥਾਣਾ ਫੇਜ਼-8 ਦੇ ਐਸਐਚਓ ਇੰਸਪੈਕਟਰ ਰਜਨੀਸ਼ ਚੌਧਰੀ ਨੇ ਦੱਸਿਆ ਕਿ ਪ੍ਰੋਡਕਸ਼ਨ ਵਰੰਟ ’ਤੇ ਉਕਤ ਚਾਰ ਗੈਂਗਸਟਰਾਂ ਦੀ ਗ੍ਰਿਫ਼ਤਾਰੀ ਪਾਉਣ ਤੋਂ ਬਾਅਦ ਅੱਜ ਇਨ੍ਹਾਂ ਸਾਰਿਆਂ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮਾਂ ਨੂੰ 5 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਇਸ ਤੋਂ ਪਹਿਲਾਂ ਉਨ੍ਹਾਂ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ। ਜਾਂਚ ਅਧਿਕਾਰੀ ਨੇ ਅਦਾਲਤ ਨੂੰ ਦੱਸਿਆ ਕਿ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋਧੀ ’ਤੇ ਹਮਲਾ ਕਰਨ ਦੇ ਮਾਮਲੇ ਵਿੱਚ ਲੋੜੀਂਦੇ ਗੈਂਗਸਟਰ ਹਰਿਆਣਾ ਵਿੱਚ ਛੁਪੇ ਹੋਏ ਹਨ।
ਸੂਚਨਾ ਮਿਲਦੇ ਹੀ ਸੈਂਟਰਲ ਥਾਣਾ ਫੇਜ਼-8 ਦੇ ਐਸਐਚਓ ਇੰਸਪੈਕਟਰ ਰਜਨੀਸ਼ ਚੌਧਰੀ ਦੀ ਅਗਵਾਈ ਹੇਠ ਮੁਹਾਲੀ ਪੁਲੀਸ ਦੀ ਟੀਮ ਨੇ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਪਿੰਡ ਕੋਟ ਬਿੱਲਾ (ਹਰਿਆਣਾ) ਵਿੱਚ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਗੈਂਗਸਟਰਾਂ ਨੇ ਪੁਲੀਸ ’ਤੇ ਫਾਇਰਿੰਗ ਕਰ ਦਿੱਤੀ। ਹਾਲਾਂਕਿ ਹੌਲਦਾਰ ਰਸ਼ਪ੍ਰੀਤ ਸਿੰਘ ਦੇ ਲੱਤ ਵਿੱਚ ਗੋਲੀ ਲੱਗਣ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਪਰ ਇਸ ਦੇ ਬਾਵਜੂਦ ਉਸ ਨੇ ਕਾਬੂ ਕੀਤੇ ਗੈਂਗਸਟਰ ਨੂੰ ਨਹੀਂ ਛੱਡਿਆ। ਗੈਂਗਸਟਰਾਂ ਕੋਲੋਂ ਪੁਲੀਸ ਨੇ ਮੌਕੇ ’ਤੇ ਅਸਲਾ ਵੀ ਬਰਾਮਦ ਕੀਤਾ ਹੈ।
ਉਨ੍ਹਾਂ ਦੇ ਖ਼ਿਲਾਫ਼ ਪਹਿਲਾਂ ਹੀ ਦੋਧੀ ’ਤੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ ਵਿੱਚ ਸੈਂਟਰਲ ਥਾਣਾ ਫੇਜ਼-8 ਵਿੱਚ ਧਾਰਾ 307 ਅਤੇ ਅਸਲਾ ਐਕਟ ਤਹਿਤ ਕੇਸ ਦਰਜ ਹੈ। ਪੁਲੀਸ ’ਤੇ ਫਾਇਰਿੰਗ ਕਰਨ ਦੇ ਦੋਸ਼ ਵਿੱਚ ਉਨ੍ਹਾਂ ਦੇ ਖ਼ਿਲਾਫ਼ ਚੰਡੀਮੰਦਰ ਥਾਣੇ ਵਿੱਚ ਵੱਖਰਾ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਅਨੁਸਾਰ ਗ੍ਰਿਫ਼ਤਾਰ ਕੀਤੇ ਗੈਂਗਸਟਰਾਂ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ ਮੁਹਾਲੀ, ਚੰਡੀਮੰਦਰ, ਪੰਚਕੂਲਾ ਅਤੇ ਅੰਬਾਲਾ ਵਿੱਚ ਕਈ ਅਪਰਾਧਿਕ ਕੇਸ ਦਰਜ ਹਨ। ਪੁਲੀਸ ਦੀ ਜਾਣਕਾਰੀ ਅਨੁਸਾਰ ਹਰਸਿਮਰਨ ਸਿੰਘ ਉਰਫ਼ ਸਿੰਮੂ ਲੋਕਾਂ ਵਿੱਚ ਦਹਿਸ਼ਤ ਫੈਲਾਉਣ ਲਈ ਆਪਣਾ ਵੱਖਰਾ ਗਰੋਹ ਬਣਾਉਣ ਦੀ ਤਾਕ ਵਿੱਚ ਸੀ ਅਤੇ ਇਸ ਮੰਤਵ ਲਈ ਉਸ ਨੇ ਨੌਜਵਾਨਾਂ ਦੀ ਲਾਮਬੰਦੀ ਵੀ ਸ਼ੁਰੂ ਕਰ ਦਿੱਤੀ ਸੀ।

Load More Related Articles
Load More By Nabaz-e-Punjab
Load More In Police

Check Also

Punjab Police busts module backed by foreign based gangsters; key operative, three weapon suppliers held with 2 pistols

Punjab Police busts module backed by foreign based gangsters; key operative, three weapon …