Nabaz-e-punjab.com

ਮੁਹਾਲੀ ਪੁਲੀਸ ਵੱਲੋਂ ਬਜ਼ੁਰਗਾਂ ਨਾਲ ਠੱਗੀਆਂ ਮਾਰਨ ਵਾਲੇ ਅੰਤਰਰਾਸ਼ਟਰੀ ਗਰੋਹ ਦੇ 6 ਹੋਰ ਮੈਂਬਰ ਗ੍ਰਿਫ਼ਤਾਰ

ਮੁਲਜ਼ਮਾਂ ਕੋਲੋਂ 37 ਲੱਖ 30 ਹਜ਼ਾਰ ਦੀ ਨਗਦੀ, 14 ਮੋਬਾਈਲ, 3 ਫਿਕਸਡ ਵਾਇਰਲੈਸ ਫੋਨ, 1 ਫਾਰਚੂਨਰ ਗੱਡੀ ਬਰਾਮਦ

ਦਿੱਲੀ ਵਿੱਚ ਕਾਲ ਸੈਂਟਰ ਦੀ ਆੜ ਵਿੱਚ ਸੇਵਾਮੁਕਤ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਮਾਰਦੇ ਸੀ ਠੱਗੀਆਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਅਕਤੂਬਰ:
ਮੁਹਾਲੀ ਪੁਲੀਸ ਦੇ ਸਾਈਬਰ ਸੈੱਲ ਨੇ ਬਜ਼ੁਰਗਾਂ ਨਾਲ ਠੱਗੀਆਂ ਮਾਰਨ ਵਾਲੇ ਅੰਤਰਰਾਸ਼ਟਰੀ ਗਰੋਹ ਦੇ ਛੇ ਹੋਰ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ। ਅੱਜ ਇੱਥੇ ਮੁਹਾਲੀ ਦੇ ਐਸਪੀ (ਡੀ) ਹਰਮਨਦੀਪ ਸਿੰਘ ਹਾਂਸ ਅਤੇ ਡੀਐਸਪੀ (ਸਾਈਬਰ ਕਰਾਈਮ) ਰੁਪਿੰਦਰਦੀਪ ਕੌਰ ਸੋਹੀ ਨੇ ਦੱਸਿਆ ਕਿ ਮੁਲਜ਼ਮ ਅਨੁਰਾਗ ਸ਼ੁਕਲਾ ਵਾਸੀ ਰਾਮਪੁਰ (ਯੂਪੀ), ਅਵਨੀਸ਼ ਸ਼ੁਕਲਾ ਵਾਸੀ ਪਿੰਡ ਉਰਾਈ (ਯੂਪੀ) ਦੋਵੇਂ ਹਾਲ ਵਾਸੀ ਪਾਂਡਵ ਨਗਰ ਦਿੱਲੀ, ਮੰਗਲ ਸਿੰਘ ਵਾਸੀ ਰਸੀਦ ਮਾਰਕੀਟ, ਦਿੱਲੀ, ਰਾਜੇਸ਼ ਯਾਦਵ ਵਾਸੀ ਪਿੰਡ ਗੋਪਾਲਪੁਰ (ਯੂਪੀ) ਹਾਲ ਵਾਸੀ ਨਿਊ ਅਸ਼ੋਕ ਨਗਰ, ਨੇੜੇ ਨੋਇਡਾ, ਦਿੱਲੀ, ਕਪਿਲ ਕੰਨਵ ਵਾਸੀ ਦਿਆ ਨੰਦ ਨਗਰ ਬਹਾਦਰਗੜ੍ਹ, ਹਰਿਆਣਾ ਅਤੇ ਰਮੇਸ਼ ਮਿਸ਼ਰਾ ਵਾਸੀ ਪਿੰਡ ਬਦਲਪੁਰ (ਯੂਪੀ) ਹਾਲ ਵਾਸੀ ਨੋਇਡਾ, ਦਿੱਲੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਬੀਤੀ 16 ਅਗਸਤ ਨੂੰ ਫੇਜ਼-11 ਥਾਣੇ ਵਿੱਚ ਧਾਰਾ 406, 420 ਅਤੇ 120ਬੀ ਅਧੀਨ ਦਰਜ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ।
ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਮੁਲਜ਼ਮ ਦਿੱਲੀ ਵਿੱਚ ਕਾਲ ਸੈਂਟਰ ਦੀ ਆੜ ਵਿੱਚ ਪੰਜਾਬ ਸਮੇਤ ਹੋਰਨਾਂ ਸੂਬਿਆਂ ਦੇ ਵੱਖ ਵੱਖ ਵਿਭਾਗਾਂ ’ਚੋਂ ਸੇਵਾਮੁਕਤ ਬਜ਼ੁਰਗਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਸੀ। ਮੁਲਜ਼ਮ ਬਜ਼ੁਰਗਾਂ ਨੂੰ ਐਲਆਈਸੀ ਦੇ ਬਕਾਇਆ ਪੈਸਿਆਂ ਦੀ ਅਦਾਇਗੀ ਕਰਵਾਉਣ ਬਦਲੇ ਉਨ੍ਹਾਂ ਕੋਲੋਂ ਮੋਟੀਆਂ ਰਕਮਾਂ ਵਸੂਲ ਕੇ ਠੱਗੀਆਂ ਮਾਰਦੇ ਸਨ। ਹੁਣ ਤੱਕ ਇਸ ਮਾਮਲੇ ਵਿੱਚ 13 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਮੁਲਜ਼ਮਾਂ ਕੋਲੋਂ 37 ਲੱਖ 30 ਹਜ਼ਾਰ ਦੀ ਨਗਦੀ, 14 ਮੋਬਾਈਲ, 3 ਫਿਕਸਡ ਵਾਇਰਲੈਸ ਫੋਨ, 12 ਬੈਕ ਬੁੱਕਾਂ ਅਤੇ ਹਰਿਆਣਾ ਨੰਬਰੀ ਇਕ ਫਾਰਚੂਨਰ ਗੱਡੀ ਬਰਾਮਦ ਕੀਤੀ ਗਈ ਹੈ। ਐਸਪੀ ਨੇ ਦੱਸਿਆ ਕਿ ਡੀਐਸਪੀ ਸ੍ਰੀਮਤੀ ਸੋਹੀ ਦੀ ਅਗਵਾਈ ਵਾਲੀ ਟੀਮ ਨੇ ਮੁਲਜ਼ਮਾਂ ਦੀ ਪੈੜ ਨੱਪਦਿਆਂ ਨਵੀਂ ਦਿੱਲੀ ਸਥਿਤ ਉਨ੍ਹਾਂ ਦੇ ਸ਼ੱਕੀ ਟਿਕਾਣਿਆਂ ’ਤੇ ਛਾਪੇਮਾਰੀ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਪਹਿਲਾਂ ਗ੍ਰਿਫ਼ਤਾਰ ਕੀਤੇ ਸੱਤ ਮੁਲਜ਼ਮ ਇਸ ਸਮੇਂ ਪਟਿਆਲਾ ਅਤੇ ਰੂਪਨਗਰ ਜੇਲ੍ਹ ਵਿੱਚ ਬੰਦ ਹਨ।
ਪੁਲੀਸ ਅਨੁਸਾਰ ਮੁਲਜ਼ਮਾਂ ਦੀ ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਹ ਆਪਣੇ ਗਰੋਹ ਦੇ ਹੋਰਨਾਂ ਮੈਂਬਰਾਂ ਨਾਲ ਮਿਲ ਕੇ ਪੰਜਾਬ ਅਤੇ ਬਾਹਰਲੇ ਸੂਬਿਆਂ ਦੇ ਭੋਲੇ-ਭਾਲੇ ਅਤੇ ਬਜ਼ੁਰਗ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਸਨ ਅਤੇ ਉਨ੍ਹਾਂ ਨੂੰ ਐਲਆਈਸੀ ਦੇ ਪ੍ਰੀਮੀਅਮ ਦੀ ਬਕਾਇਆ ਰਾਸ਼ੀ ਦੀ ਅਦਾਇਗੀ ਕਰਵਾਉਣ ਦਾ ਲਾਲਚ ਦੇ ਕੇ ਉਨ੍ਹਾਂ ਤੋਂ ਵੱਖ-ਵੱਖ ਖਾਤਿਆਂ ਵਿੱਚ ਪੈਸੇ ਪੁਆ ਲੈਂਦੇ ਸਨ ਪ੍ਰੰਤੂ ਬਦਲੇ ਵਿੱਚ ਪਾਲਿਸੀ ਸਬੰਧੀ ਲੋਕਾਂ ਨੂੰ ਕੋਈ ਦਸਤਾਵੇਜ਼ ਮੁਹੱਈਆ ਨਹੀਂ ਕਰਵਾਇਆ ਜਾਂਦਾ ਸੀ। ਠੱਗੀ ਦਾ ਸ਼ਿਕਾਰ ਹੋਏ ਲੋਕਾਂ ਵੱਲੋਂ ਪਾਲਿਸੀ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਨੂੰ ਟਾਲ ਮਟੌਲ ਕਰਦੇ ਰਹਿੰਦੇ ਸਨ ਅਤੇ ਬਾਅਦ ਵਿੱਚ ਆਪਣੇ ਫੋਨ ਬੰਦ ਕਰ ਲੈਂਦੇ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੇ ਵੱਖ-ਵੱਖ ਬੈਂਕ ਖਾਤਿਆਂ ਵਿੱਚ 7 ਲੱਖ ਰੁਪਏ ਫਰੀਜ ਕਰਵਾਏ ਜਾ ਚੁੱਕੇ ਹਨ। ਮੁਲਜ਼ਮਾਂ ਕੋਲੋਂ ਹੋਰ ਪੱੁਛਗਿੱਛ ਕੀਤੀ ਜਾ ਰਹੀ ਹੈ ਅਤੇ ਪੁਲੀਸ ਨੂੰ ਠੱਗੀਆਂ ਦੇ ਮਾਮਲੇ ਵਿੱਚ ਹੋਰ ਅਹਿਮ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …