ਮੁਹਾਲੀ ਪੁਲੀਸ ਵੱਲੋਂ ਜਾਨਲੇਵਾ ਹਮਲਾ ਕਰਨ ਦੇ ਮਾਮਲੇ ਵਿੱਚ ਮੁੱਖ ਮੁਲਜ਼ਮ ਗ੍ਰਿਫ਼ਤਾਰ
ਮੁਲਜ਼ਮ ਨੇ ਸਪੇਨ ਵਿੱਚ ਰਹਿੰਦੇ ਗੈਂਗਸਟਰ ਮਨਪ੍ਰੀਤ ਉਰਫ਼ ਮੰਨ ਤੋਂ ਮੰਗਵਾਇਆ ਸੀ ਅਸਲਾ
ਨਬਜ਼-ਏ-ਪੰਜਾਬ, ਮੁਹਾਲੀ, 18 ਜਨਵਰੀ:
ਮੁਹਾਲੀ ਪੁਲੀਸ ਨੇ ਬੀਤੀ 5 ਜਨਵਰੀ ਨੂੰ ਐਰੋਸਿਟੀ ਵਿੱਚ ਇੱਕ ਵਿਅਕਤੀ ਉੱਤੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ ਵਿੱਚ ਬਿਕਰਮਜੀਤ ਸਿੰਘ ਉਰਫ਼ ਏਕਮ ਸਿੱਧੂ ਵਾਸੀ ਪਿੰਡ ਚੌੜ (ਗੁਰਦਾਸਪੁਰ) ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ’ਤੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਕਨਿਸ਼ ਸੇਤੀਆ ’ਤੇ ਜਾਨਲੇਵਾ ਹਮਲਾ ਕਰਨ ਦਾ ਦੋਸ਼ ਹੈ। ਉਹ ਵਿਦੇਸ਼ ਵਿੱਚ ਰਹਿੰਦੇ ਗੈਂਗਸਟਰ ਮਨਪ੍ਰੀਤ ਸਿੰਘ ਦੇ ਸੰਪਰਕ ਵਿੱਚ ਸੀ। ਇਸ ਮਾਮਲੇ ਵਿੱਚ ਪੁਲੀਸ ਵੱਲੋਂ ਦੋ ਹਮਲਾਵਰਾਂ ਗੁਰਪ੍ਰੀਤ ਸਿੰਘ ਅਤੇ ਤਰਨਦੀਪ ਸਿੰਘ ਵਾਸੀ ਪਿੰਡ ਬਾੜੇਵਾਲ ਅਵਾਨਾ (ਲੁਧਿਆਣਾ) ਨੂੰ ਪਹਿਲਾਂ ਹੀ ਕਾਬੂ ਕੀਤਾ ਜਾ ਚੁੱਕਾ ਹੈ ਅਤੇ ਉਨ੍ਹਾਂ ਦੇ ਕਬਜ਼ੇ ’ਚੋਂ ਇੱਕ 9 ਐਮਐਮ ਪਿਸਤੌਲ, 5 ਜਿੰਦਾ ਰੌਂਦ ਅਤੇ .30 ਬੋਰ ਦੇ ਦੋ ਨਾਜਾਇਜ਼ ਪਿਸਤੌਲ ਅਤੇ 2 ਮੈਗਜ਼ੀਨ ਤੇ 10 ਜਿੰਦਾ ਰੌਂਦ ਬਰਾਮਦ ਕੀਤੇ ਗਏ ਸਨ।
ਅੱਜ ਇੱਥੇ ਮੁਹਾਲੀ ਦੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਐੱਸਐੱਸਪੀ ਦੀਪਕ ਪਾਰਿਕ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪੁਲੀਸ ਵੱਲੋਂ ਮਾੜੇ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਦੌਰਾਨ ਐਰੋਸਿਟੀ ਥਾਣਾ ਦੇ ਐਸਐਚਓ ਇੰਸਪੈਕਟਰ ਜਸ਼ਨਪ੍ਰੀਤ ਸਰਾਂ ਦੀ ਅਗਵਾਈ ਵਾਲੀ ਟੀਮ ਵੱਲੋਂ ਮੁਲਜ਼ਮ ਨੂੰ ਕਾਬੂ ਕੀਤਾ ਗਿਆ। ਇਸ ਮਾਮਲੇ ਵਿੱਚ ਕਨਿਸ਼ ਸੇਤੀਆ ਦੀ ਸ਼ਿਕਾਇਤ ’ਤੇ ਪਰਚਾ ਦਰਜ ਕੀਤਾ ਗਿਆ ਸੀ। ਬਿਕਰਮਜੀਤ ਸਿੰਘ ਨਾਲ ਉਸ ਦੀ ਸੋਸ਼ਲ ਮੀਡੀਆ ’ਤੇ ਕਾਫ਼ੀ ਦਿਨਾਂ ਤੋਂ ਬਹਿਸ ਚਲ ਰਹੀ ਸੀ ਕਿਉਂਕਿ ਬਿਕਰਮਜੀਤ ਨੇ ਉਸਦੀ ਸਹਿਮਤੀ ਤੋਂ ਬਿਨਾਂ ਉਸਦੀ ਅਤੇ ਉਸਦੀ ਮੰਗੇਤਰ ਦੀ ਫੋਟੋ ਸੋਸ਼ਲ ਮੀਡੀਆ ’ਤੇ ਅਪਲੋਡ ਕਰ ਦਿੱਤੀਆਂ ਸਨ। ਜਦੋਂ ਉਸਨੇ ਇਤਰਾਜ਼ ਕੀਤਾ ਤਾਂ ਬਿਕਰਮਜੀਤ ਅਤੇ ਉਸ ਦੇ ਸਾਥੀਆਂ ਨੇ ਉਸ ਨੂੰ ਗੱਲਬਾਤ ਕਰਨ ਦੇ ਬਹਾਨੇ ਬਾਹਰ ਬੁਲਾ ਕੇ ਉਸ ਦੀ ਕੁੱਟਮਾਰ ਕੀਤੀ ਗਈ ਅਤੇ ਜਾਨ ਤੋਂ ਮਾਰਨ ਦੀ ਨੀਅਤ ਨਾਲ ਨਾਜਾਇਜ਼ ਅਸਲੇ ਦਾ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ ਗਈ।
ਡੀਐਸਪੀ ਬੱਲ ਨੇ ਦੱਸਿਆ ਕਿ ਪੀੜਤ ਦੀ ਸ਼ਿਕਾਇਤ ’ਤੇ ਬੀਐਨਐਸ ਦੀ ਧਾਰਾ 115(2), 126(2),3(5) ਅਤੇ ਅਸਲਾ ਐਕਟ ਤਹਿਤ ਐਰੋਸਿਟੀ ਥਾਣੇ ਵਿੱਚ ਪਰਚਾ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੀ ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਬਿਕਰਮਜੀਤ ਸਪੇਨ ਰਹਿੰਦੇ ਗੈਂਗਸਟਰ ਮਨਪ੍ਰੀਤ ਸਿੰਘ ਉਰਫ਼ ਮੰਨ ਵਾਸੀ ਪਿੰਡ ਗਣਸ਼ਿਆਮਪੁਰ (ਅੰਮ੍ਰਿਤਸਰ) ਦੇ ਸੰਪਰਕ ਵਿੱਚ ਸੀ, ਜੋ ਉਥੋਂ ਹੀ ਆਪਣਾ ਗੈਂਗ ਚਲਾਉਂਦਾ ਹੈ। ਮੁਲਜ਼ਮ ਨੇ ਉਸ ਕੋਲੋਂ ਹੀ ਨਾਜਾਇਜ਼ ਅਸਲਾ ਮੰਗਵਾਇਆ ਸੀ। ਮੁਲਜ਼ਮ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਉਨ੍ਹਾਂ ਕਿਹਾ ਕਿ ਪੁੱਛਗਿੱਛ ਦੌਰਾਨ ਗੈਂਗਸਟਰ ਗਤੀਵਿਧੀਆਂ ਅਤੇ ਅਪਰਾਧਿਕ ਮਾਮਲਿਆਂ ਸਬੰਧੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।