
ਮੁਹਾਲੀ ਪੁਲੀਸ ਵੱਲੋਂ ਮੋਟਰ ਸਾਈਕਲ ਤੇ ਮੋਬਾਈਲ ਚੋਰ ਗ੍ਰਿਫ਼ਤਾਰ
ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਜੁਲਾਈ:
ਮੁਹਾਲੀ ਪੁਲੀਸ ਨੇ ਵਾਹਨ ਚੋਰੀ ਦੇ ਮਾਮਲੇ ਵਿੱਚ ਇਕ ਮੁਲਜ਼ਮ ਗੁਰਪ੍ਰੀਤ ਸਿੰਘ (25) ਵਾਸੀ ਮੋਰਿੰਡਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਥਾਣਾ ਫੇਜ਼-1 ਦੇ ਐਸਐਚਓ ਇੰਸਪੈਕਟਰ ਮਨਫੂਲ ਸਿੰਘ ਨੇ ਦੱਸਿਆ ਕਿ ਸਨਅਤੀ ਏਰੀਆ ਪੁਲੀਸ ਚੌਕੀ ਦੇ ਇੰਚਾਰਜ ਅਵਤਾਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਮੁਲਜ਼ਮ ਨੂੰ ਚੋਰੀ ਦੇ ਮੋਬਾਈਲ ਅਤੇ ਵਾਹਨਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਕੋਲੋਂ ਚੋਰੀ ਦੇ ਦੋ ਮੋਟਰ ਸਾਈਕਲ ਅਤੇ ਕਈ ਮੋਬਾਈਲ ਸੈੱਟ ਬਰਾਮਦ ਕੀਤੇ ਗਏ ਹਨ। ਮੁਲਜ਼ਮ ਦੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਇਸ ਤੋਂ ਪਹਿਲਾਂ ਮੁਲਜ਼ਮ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਅਤੇ ਕਰੋਨਾ ਟੈਸਟ ਕਰਵਾਇਆ ਗਿਆ। ਥਾਣਾ ਮੁਖੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਚੋਰੀ ਦੀਆਂ ਵਾਰਦਾਤਾਂ ਅਤੇ ਚੋਰੀ ਦੇ ਵਾਹਨਾਂ ਦੇ ਮਾਮਲਿਆਂ ਵਿੱਚ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ। ਮੁਲਜ਼ਮ ਦੇ ਖ਼ਿਲਾਫ਼ ਮੁਹਾਲੀ, ਚੰਡੀਗੜ੍ਹ, ਖਰੜ ਅਤੇ ਮੋਰਿੰਡਾ ਥਾਣਿਆਂ ਵਿੱਚ ਕਈ ਮਾਮਲੇ ਦਰਜ ਹਨ। ਪੁਲੀਸ ਅਨੁਸਾਰ ਮੁਲਜ਼ਮ ਨੇ ਇੱਥੋਂ ਦੇ ਫੇਜ਼ ਇਕ ਦੇ ਏਰੀਆ ’ਚੋਂ ਮੋਬਾਈਲ ਫੋਨ ਖੋਹਿਆ ਸੀ। ਜਿਸ ਨੂੰ ਉਹ ਅੱਜ ਵੇਚਣ ਲਈ ਫੇਜ਼-7 ਦੀ ਮਾਰਕੀਟ ਵਿੱਚ ਜਾ ਰਿਹਾ ਸੀ। ਜਿਸ ਨੂੰ ਪੁਲੀਸ ਨੇ ਕਾਬੂ ਕਰ ਲਿਆ।