Nabaz-e-punjab.com

ਮੁਹਾਲੀ ਪੁਲੀਸ ਵੱਲੋਂ 10 ਕਿੱਲੋ ਅਫ਼ੀਮ ਸਮੇਤ ਸਕਾਰਪਿਊ ਗੱਡੀ ’ਚ ਸਵਾਰ 4 ਮੁਲਜ਼ਮ ਗ੍ਰਿਫ਼ਤਾਰ

ਆਦਰਸ਼ ਚੋਣ ਜ਼ਾਬਤਾ ਚੈਕਿੰਗ: ਮੁਹਾਲੀ ਪੁਲੀਸ ਵੱਲੋਂ ਮਾਰੂਤੀ ਵੈਨ ’ਚੋਂ 1.58 ਕਰੋੜ ਤੋਂ ਵੱਧ ਦੇ ਗਹਿਣੇ ਬਰਾਮਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਮਾਰਚ:
ਮੁਹਾਲੀ ਪੁਲੀਸ ਵੱਲੋਂ ਨਸ਼ਿਆਂ ਦੇ ਖ਼ਿਲਾਫ਼ ਵਿੱਢੀ ਵਿਸ਼ੇਸ਼ ਮੁਹਿੰਮ ਦੇ ਤਹਿਤ ਇੱਕ ਸਕਾਰਪਿਊ ਗੱਡੀ ’ਚੋਂ 10 ਕਿੱਲੋ ਅਫ਼ੀਮ ਸਮੇਤ ਕਾਰ ਵਿੱਚ ਸਵਾਰ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਗੱਲ ਦਾ ਖੁਲਾਸਾ ਅੱਜ ਇੱਥੇ ਐਸਐਸਪੀ ਹਰਚਰਨ ਸਿੰਘ ਭੁੱਲਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਲੋਕ ਸਭਾ ਚੋਣਾਂ-2019 ਦੇ ਮੱਦੇਨਜ਼ਰ ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਰੋਕਣ ਲਈ ਆਰੰਭੀ ਮੁਹਿੰਮ ਤਹਿਤ ਡੀਐਸਪੀ (ਸਿਟੀ-2) ਰਮਨਦੀਪ ਸਿੰਘ ਦੀ ਨਿਗਰਾਨੀ ਹੇਠ ਸੈਂਟਰਲ ਥਾਣਾ ਫੇਜ਼-8 ਦੇ ਐਸਐਚਓ ਇੰਸਪੈਕਟਰ ਗੱਬਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਪਿੰਡ ਲੰਬਿਆਂ ਟੀ ਪੁਆਇੰਟ ’ਤੇ ਨਾਕਾਬੰਦੀ ਕਰਕੇ ਸ਼ੱਕੀ ਵਿਅਕਤੀਆਂ ਅਤੇ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਜਿਸ ਦੌਰਾਨ ਪੁਲੀਸ ਨੇ ਚਿੱਟੇ ਰੰਗ ਦੀ ਹਰਿਆਣਾ ਨੰਬਰੀ ਸਕਾਰਪਿਊ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਚਾਲਕ ਨੇ ਪੁਲੀਸ ਨੂੰ ਦੇਖ ਕੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਨਾਕਾ ਪਾਰਟੀ ਨੇ ਬੜੀ ਮੁਸਤੈਦੀ ਨਾਲ ਸਕਾਰਪਿਊ ਨੂੰ ਰੋਕ ਲਿਆ।
ਸ੍ਰੀ ਭੁੱਲਰ ਨੇ ਦੱਸਿਆ ਕਿ ਸਕਾਰਪਿਊ ਗੱਡੀ ਵਿੱਚ 4 ਵਿਅਕਤੀ ਸਵਾਰ ਸਨ। ਜਿਨ੍ਹਾਂ ਦੀ ਪਛਾਣ ਸਤਿੰਦਰਜੀਤ ਸਿੰਘ ਵਾਸੀ ਖੰਟ, ਜ਼ਿਲ੍ਹਾ ਫਤਹਿਗੜ੍ਹ ਸਾਹਿਬ, ਗੁਰਮੀਤ ਸਿੰਘ ਵਾਸੀ ਚੁੰਨੀ ਖੁਰਦ, ਜ਼ਿਲ੍ਹਾ ਫਤਹਿਗੜ੍ਹ ਸਾਹਿਬ, ਅਮਰਿੰਦਰ ਕੁਮਾਰ ਉਰਫ਼ ਛੋਟੂ ਵਾਸੀ ਪਿੰਡ ਮੋਨੂ ਮੰਡਲ, ਥਾਣਾ ਮੇਜਰਗੰਜ, ਜ਼ਿਲ੍ਹਾ ਸੀਤਾਮੜੀ, ਬਿਹਾਰ ਅਤੇ ਕਿਰਪਾਲ ਸਿੰਘ ਵਾਸੀ ਮਾਨਖੇੜੀ, ਜ਼ਿਲ੍ਹਾ ਰੂਪਨਗਰ ਵਜੋਂ ਹੋਈ। ਪੁਲੀਸ ਮੁਖੀ ਨੇ ਦੱਸਿਆ ਕਿ ਚੋਣ ਜ਼ਾਬਤੇ ਅਨੁਸਾਰ ਡੀਐਸਪੀ ਰਮਨਦੀਪ ਸਿੰਘ ਦੀ ਹਾਜ਼ਰੀ ਵਿੱਚ ਸਕਾਰਪਿਊ ਗੱਡੀ ਦੀ ਤਲਾਸ਼ੀ ਲੈਣ ’ਤੇ ਕਾਰ ’ਚੋਂ 10 ਕਿੱਲੋ ਅਫ਼ੀਮ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਕਾਰ ਵਿੱਚ ਸਵਾਰ ਵਿਅਕਤੀਆਂ ਵਿਰੱੁਧ ਐਨਡੀਪੀਐਸ ਐਕਟ ਤਹਿਤ ਥਾਣਾ ਫੇਜ਼-8 ਵਿੱਚ ਕੇਸ ਦਰਜ ਕਰ ਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਐਸਐਸਪੀ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਹ ਗੱਡੀ ’ਚੋਂ ਫੜੀ ਗਈ ਅਫ਼ੀਮ ਲਖਨਊ ਤੋਂ ਮੁਜ਼ੱਫਰਪੁਰ (ਬਿਹਾਰ) ਨੂੰ ਜਾਂਦੇ ਹਾਈਵੇਜ ’ਤੇ ਮੁਜ਼ੱਫਰਪੁਰ ਨਜ਼ਦੀਕ ਪੈਂਦੇ ਢਾਬੇ, ਜਿਸ ਦਾ ਮਾਲਕ ਗੁਰਦੀਪ ਸਿੰਘ ਵਾਸੀ ਕੁਰਾਲੀ ਰੋਡ ਚਨਾਲੋ ਹੈ, ਤੋਂ ਲੈ ਕੇ ਆਏ ਸਨ ਅਤੇ ਇੱਥੇ ਕਾਕਾ ਨਾਂ ਦੇ ਵਿਅਕਤੀ ਨੂੰ ਦੇਣੀ ਸੀ। ਉਨ੍ਹਾਂ ਨੂੰ ਪ੍ਰਤੀ ਕਿੱਲੋ 20 ਹਜ਼ਾਰ ਰੁਪਏ (ਕੁੱਲ 2,00,000 ਰੁਪਏ) ਬਤੌਰ ਡਲਿਵਰੀ ਮਿਲਣੇ ਸਨ। ਇਸ ਤੋਂ ਪਹਿਲਾਂ ਵੀ ਉਹ ਦੋ ਗੇੜੇ ਲਾ ਚੱੁਕੇ ਸਨ।
(ਬਾਕਸ ਆਈਟਮ)
ਉਧਰ, ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਮੁਹਾਲੀ ਪੁਲੀਸ ਵੱਲੋਂ ਮਾੜੇ ਅਨਸਰਾਂ ਖ਼ਿਲਾਫ਼ ਵਿੱਢੀ ਵਿਸ਼ੇਸ਼ ਮੁਹਿੰਮ ਤਹਿਤ ਮਾਰੂਤੀ ਈਕੋ ਵੈਨ ’ਚੋਂ 1.58 ਕਰੋੜ ਰੁਪਏ ਤੋਂ ਵੱਧ ਦੇ ਗਹਿਣੇ ਤੇ ਹੀਰੇ ਬਰਾਮਦ ਕੀਤੇ ਹਨ। ਐਸਐਸਪੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਥਾਣਾ ਮਟੌਰ ਨੇ ਇੱਕ ਮਾਰੂਤੀ ਈਕੋ ਵੈਨ ਦੀ ਚੈਕਿੰਗ ਦੌਰਾਨ 1 ਕਰੋੜ 58 ਲੱਖ 10 ਹਜ਼ਾਰ 848 ਰੁਪਏ ਦੇ ਸੋਨੇ ਦੇ ਗਹਿਣੇ ਅਤੇ ਹੀਰੇ ਬਰਾਮਦ ਕੀਤੇ ਹਨ। ਜਿਨ੍ਹਾਂ ਨੂੰ ਮੁਹਾਲੀ ਦੀ ਇੱਕ ਪ੍ਰਾਈਵੇਟ ਕੰਪਨੀ ਦੇ ਮੁਲਾਜ਼ਮ ਲੈ ਕੇ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਚੋਣਾਂ ਦੇ ਮੱਦੇਨਜ਼ਰ ਕੋਈ ਵੀ ਵਿਅਕਤੀ ਆਪਣੇ ਨਾਲ 50 ਹਜ਼ਾਰ ਤੋਂ ਵੱਧ ਰਾਸ਼ੀ ਲੈ ਕੇ ਕਿਤੇ ਵੀ ਆ ਜਾ ਨਹੀਂ ਸਕਦਾ ਹੈ। ਕਾਰ ਨੂੰ ਜਤਿੰਦਰ ਸਿੰਘ ਚਲਾ ਰਿਹਾ ਸੀ ਜਦੋਂਕਿ ਕੰਪਨੀ ਸੁਪਰਵਾਈਜ਼ਰ ਪਰਮਿੰਦਰ ਸਿੰਘ ਨਾਲ ਵਾਲੀ ਸੀਟ ’ਤੇ ਬੈਠਾ ਸੀ। ਪੁਲੀਸ ਅਨੁਸਾਰ ਕਾਰ ਸਵਾਰ ਇਨ੍ਹਾਂ ਗਹਿਣਿਆਂ ਬਾਰੇ ਮੌਕੇ ’ਤੇ ਪੁਲੀਸ ਨੂੰ ਕੋਈ ਦਸਤਾਵੇਜ਼ ਜਾਂ ਬਿੱਲ ਨਹੀਂ ਦਿਖਾ ਸਕੇ। ਫਿਲਹਾਲ ਪੁਲੀਸ ਨੇ ਇਹ ਮਾਮਲਾ ਆਮਦਨ ਕਰ ਵਿਭਾਗ ਦੇ ਹਵਾਲੇ ਕਰ ਦਿੱਤਾ ਹੈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …