ਮੁਹਾਲੀ ਪੁਲੀਸ ਵੱਲੋਂ ਚਿੱਟਾ ਤੇ ਡਰੱਗ ਮਨੀ ਸਮੇਤ ਤਿੰਨ ਮੁਲਜ਼ਮ ਗ੍ਰਿਫ਼ਤਾਰ
ਨਬਜ਼-ਏ-ਪੰਜਾਬ, ਮੁਹਾਲੀ, 4 ਮਾਰਚ:
ਮੁਹਾਲੀ ਪੁਲੀਸ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਦੇ ਤਹਿਤ ਦੋ ਮੁਲਜ਼ਮਾਂ ਨੂੰ 9 ਗਰਾਮ ਹੈਰੋਇਨ ਅਤੇ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਅਵਤਾਰ ਸਿੰਘ ਤਾਰੀ ਅਤੇ ਸੁਖਦੇਵ ਸਿੰਘ ਦੋਵੇਂ ਵਾਸੀ ਪਿੰਡ ਦੁਰਾਲੀ (ਮੁਹਾਲੀ) ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਥਾਣਾ ਐਰੋਸਿਟੀ ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅੱਜ ਇੱਥੇ ਮੁਹਾਲੀ ਦੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਥਾਣਾ ਐਰੋਸਿਟੀ ਦੇ ਐਸਐਚਓ ਇੰਸਪੈਕਟਰ ਜਸ਼ਨਪ੍ਰੀਤ ਸਿੰਘ ਸਰਾਂ ਦੀ ਨਿਗਰਾਨੀ ਹੇਠ ਐਸਆਈ ਰਿਖਲ ਯਾਦਵ ਦੀ ਅਗਵਾਈ ਵਾਲੀ ਪਿੰਡ ਦੁਰਾਲੀ ਵਿੱਚ ਗਸ਼ਤ ਕਰ ਰਹੇ ਸਨ। ਇਸ ਦੌਰਾਨ ਪੁਲੀਸ ਨੇ ਪਿੰਡ ਦੀ ਫਿਰਨੀ ਕੋਲ ਇਕ ਕਾਰ ਦੇਖੀ, ਜਿਸ ਵਿੱਚ ਦੋ ਨੌਜਵਾਨ ਸ਼ੱਕੀ ਹਾਲਤ ਵਿੱਚ ਬੈਠੇ ਦਿਖਾਈ ਦਿੱਤੇ। ਜਦੋਂ ਪੁਲੀਸ ਕਾਰ ਦੇ ਨੇੜੇ ਗਈ ਤਾਂ ਕਾਰ ਵਿੱਚ ਬੈਠੇ ਨੌਜਵਾਨਾਂ ਨੇ ਨਸ਼ਾ ਕੀਤਾ ਹੋਇਆ ਸੀ, ਜਿਨ੍ਹਾਂ ਨੇ ਡੈੱਸ਼ ਬੋਰਡ ’ਤੇ ਇੱਕ ਲਾਈਟਰ ਅਤੇ ਫੁਆਇਲ ਪੇਪਰ ਰੱਖਿਆ ਹੋਇਆ ਸੀ।
ਡੀਐਸਪੀ ਬੱਲ ਨੇ ਦੱਸਿਆ ਕਿ ਪੁਲੀਸ ਨੇ ਸ਼ੱਕ ਦੇ ਆਧਾਰ ’ਤੇ ਨੌਜਵਾਨਾਂ ਨੂੰ ਕਾਰ ’ਚੋਂ ਬਾਹਰ ਕੱਢਿਆ ਅਤੇ ਤਲਾਸ਼ੀ ਲੈਣ ’ਤੇ ਕਾਰ ’ਚੋਂ 9 ਗਰਾਮ ਹੈਰੋਇਨ ਅਤੇ 1 ਲੱਖ 550 ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਮੁਲਜ਼ਮ ਅਵਤਾਰ ਸਿੰਘ ਤਾਰੀ ਵਿਰੁੱਧ ਪਹਿਲਾਂ ਤੋਂ ਚੋਰੀ ਅਤੇ ਨਸ਼ਾ ਤਸਕਰੀ ਦੇ ਪੰਜ ਕੇਸ ਦਰਜ ਹਨ। ਮੁਲਜ਼ਮ ਸੁਖਦੇਵ ਸਿੰਘ ਖ਼ਿਲਾਫ਼ ਵੀ ਇੱਕ ਚੋਰੀ ਦਾ ਅਤੇ ਤਿੰਨ ਨਸ਼ਾ ਤਸਕਰੀ ਦੇ ਪਰਚੇ ਦਰਜ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਮੁਹਾਲੀ ਅਦਾਲਤ ਨੇ ਇੱਕ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ ਹੈ। ਪੁਲੀਸ ਮੁਲਜ਼ਮਾਂ ਦੀ ਜਾਇਦਾਦ ਬਾਰੇ ਜਾਣਕਾਰੀ ਹਾਸਲ ਕਰਨ ਵਿੱਚ ਜੁੱਟ ਗਈ ਹੈ।
ਇੰਜ ਹੀ ਫੇਜ਼-11 ਦੀ ਪੁਲੀਸ ਨੇ ਇੱਕ ਵਿਅਕਤੀ ਨੂੰ 20 ਗਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਹਾਲੀ ਦੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਰਿਤਿਕ ਵਾਸੀ ਅੰਬ ਸਾਹਿਬ ਕਲੋਨੀ ਮੁਹਾਲੀ ਵਜੋਂ ਹੋਈ ਹੈ। ਉਸ ਦੇ ਖ਼ਿਲਾਫ਼ ਫੇਜ਼-11 ਥਾਣੇ ਵਿੱਚ ਪਰਚਾ ਦਰਜ ਕੀਤਾ ਗਿਆ ਹੈ। ਡੀਐਸਪੀ ਬੱਲ ਨੇ ਦੱਸਿਆ ਕਿ ਥਾਣਾ ਫੇਜ਼-11 ਦੇ ਐਸਐਚਓ ਇੰਸਪੈਕਟਰ ਗਗਨਦੀਪ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਗਸ਼ਤ ਦੌਰਾਨ ਰਿਤਿਕ ਨੂੰ ਚਿੱਟੇ ਸਮੇਤ ਕਾਬੂ ਕੀਤਾ ਹੈ। ਮੁਲਜ਼ਮ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ।