
ਮੁਹਾਲੀ ਪੁਲੀਸ ਵੱਲੋਂ ਵਾਹਨ ਚੋਰ ਗਰੋਹ ਦੇ ਤਿੰਨ ਮੈਂਬਰ ਕਾਬੂ, ਦੋ ਫਰਾਰ ਮੁਲਜ਼ਮਾਂ ਦੀ ਭਾਲ ਜਾਰੀ
ਮੁਲਜ਼ਮਾਂ ਦਲ ਨਿਸ਼ਾਨਦੇਹੀ ’ਤੇ ਅੱਧੀ ਦਰਜਨ ਤੋਂ ਵੱਧ ਚੋਰੀ ਦੇ ਦੋ ਪਹੀਆ ਵਾਹਨ ਬਰਾਮਦ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਜਨਵਰੀ:
ਮੁਹਾਲੀ ਪੁਲੀਸ ਵੱਲੋਂ ਵਾਹਨ ਚੋਰ ਗਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰਕੇ ਅੱਧੀ ਦਰਜਨ ਤੋਂ ਵੱਧ ਦੋ ਪਹੀਆ ਵਾਹਨ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਗੱਲ ਦਾ ਖੁਲਾਸਾ ਅੱਜ ਇੱਥੇ ਸੈਂਟਰਲ ਥਾਣਾ ਫੇਜ਼-8 ਵਿਖੇ ਪ੍ਰੈੱਸ ਕਾਨਫੰਰਸ ਦੌਰਾਨ ਡੀਐਸਪੀ (ਸਿਟੀ-2) ਦੀਪ ਕੰਵਲ ਅਤੇ ਐਸਐਚਓ ਇੰਸਪੈਕਟਰ ਰਾਜੇਸ਼ ਅਰੋੜਾ ਨੇ ਕੀਤਾ। ਉਨ੍ਹਾਂ ਦੱਸਿਆ ਕਿ ਏਐਸਆਈ ਭੁਪਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਨਾਕਾਬੰਦੀ ਦੌਰਾਨ ਚੰਡੀਗੜ੍ਹ ਤੋਂ ਮੋਟਰ ਸਾਈਕਲ ’ਤੇ ਮੁਹਾਲੀ ਵੱਲ ਆ ਰਹੇ ਦੋ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਵਾਹਨ ਦੇ ਦਸਤਾਵੇਜ਼ ਦਿਖਾਉਣ ਲਈ ਕਿਹਾ ਕਿ ਮੋਟਰ ਸਾਈਕਲ ਸਵਾਰਾਂ ਕੋਲ ਵਾਹਨ ਦਾ ਕੋਈ ਕਾਗਜਾਤ ਨਹੀਂ ਸੀ।
ਪੁਲੀਸ ਅਨੁਸਾਰ ਬਲਜਿੰਦਰ ਸਿੰਘ ਵਾਸੀ ਮਾਲੋਵਾਲਾ, ਜ਼ਿਲ੍ਹਾ ਫਿਰੋਜ਼ਪੁਰ ਅਤੇ ਜਗਸੀਰ ਸਿੰਘ ਉਰਫ਼ ਕਾਲਾ ਵਾਸੀ ਪਿੰਡ ਜਲਬੇੜਾ, ਜ਼ਿਲ੍ਹਾ ਮਾਨਸਾ ਨੇ ਮੁੱਢਲੀ ਪੁੱਛਗਿੱਛ ਦੌਰਾਨ ਦੱਸਿਆ ਕਿ ਉਨ੍ਹਾਂ ਨੇ ਇਹ ਮੋਟਰ ਸਾਈਕਲ ਇੱਥੋਂ ਦੇ ਸੈਕਟਰ-68 ਸਥਿਤ ਪਿੰਡ ਕੁੰਭੜਾ ਤੋਂ ਚੋਰੀ ਕੀਤਾ ਹੈ। ਜਿਸ ਨੂੰ ਉਹ ਪਿੰਡ ਬੁੜੈਲ ਦੀ ਮਾਰਕੀਟ ਵਿੱਚ ਵੇਚਣ ਜਾ ਰਹੇ ਸੀ। ਉਕਤ ਵਿਅਕਤੀਆਂ ਦੇ ਖ਼ਿਲਾਫ਼ ਸੈਂਟਰਲ ਥਾਣਾ ਫੇਜ਼-8 ਵਿੱਚ ਕੇਸ ਦਰਜ ਕੀਤਾ ਗਿਆ ਹੈ।
ਡੀਐਸਪੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਮੰਨਿਆ ਕਿ ਉਹ ਇਕ ਵਾਹਨ ਚੋਰ ਗਰੋਹ ਦੇ ਮੈਂਬਰ ਹਨ। ਇਸ ਗਰੋਹ ਵਿੱਚ 5 ਮੈਂਬਰ ਕੰਮ ਕਰਦੇ ਹਨ। ਗਰੋਹ ਦਾ ਮੁਖੀ ਬੇਅੰਤ ਸਿੰਘ ਉਰਫ਼ ਹੈਪੀ ਹੈ ਅਤੇ ਉਹ ਵਾਹਨ ਚੋਰੀ ਕਰਕੇ ਬੱਸ ਸਟੈਂਡ ਫੇਜ਼-8 ਦੇ ਆਲੇ ਦੁਆਲੇ ਖੜ੍ਹਾ ਦਿੰਦੇ ਸੀ, ਜਿਨ੍ਹਾਂ ਨੂੰ ਬਾਅਦ ਵਿੱਚ ਬੇਅੰਤ ਸਿੰਘ ਉਰਫ਼ ਹੈਪੀ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਵੇਚ ਦਿੰਦਾ ਸੀ। ਗਰੋਹ ਦੇ ਬਾਕੀ ਦੋ ਮੈਂਬਰ ਜਗਦੀਸ਼ ਸਿੰਘ ਵਾਸੀ ਸੈਕਟਰ-52 ਅਤੇ ਪਵਨਪ੍ਰੀਤ ਸਿੰਘ ਵਾਸੀ ਪਿੰਡ ਝਾੜੀਵਾਲਾ, ਜ਼ਿਲ੍ਹਾ ਫਰੀਦਕੋਟ ਤੋਂ ਹਨ। ਪਵਨ ਪ੍ਰੀਤ ਇਸ ਵੇਲੇ ਪਿੰਡ ਕੁੰਭੜਾ ਵਿੱਚ ਪੀਜੀ ਵਿੱਚ ਰਹਿੰਦਾ ਹੈ। ਇਨ੍ਹਾਂ ’ਚੋਂ ਜਗਦੀਸ਼ ਨੂੰ ਵੀ ਪੁਲੀਸ ਨੇ ਵਾਈਪੀਐਸ ਚੌਕ ਨੇੜਿਓਂ ਐਕਟਿਵਾ ਸਕੂਟਰ ਸਮੇਤ ਕਾਬੂ ਕਰ ਲਿਆ ਹੈ। ਜੋ ਉਸ ਨੇ ਗੁੱਗਾ ਮਾੜੀ ਕੁੰਭੜਾ ਦੀ ਪਾਰਕਿੰਗ ’ਚੋਂ ਚੋਰੀ ਕੀਤਾ ਗਿਆ ਸੀ।
ਥਾਣਾ ਮੁਖੀ ਰਾਜੇਸ਼ ਅਰੋੜਾ ਨੇ ਦੱਸਿਆ ਕਿ ਮੁਲਜ਼ਮਾਂ ਨੇ ਪੁਲੀਸ ਰਿਮਾਂਡ ਦੌਰਾਨ ਕਬੂਲ ਕੀਤਾ ਕਿ ਬੀਤੀ 11 ਦਸੰਬਰ ਨੂੰ ਪਾਣੀ ਵਾਲੀ ਟੈਂਕੀ ਪਿੰਡ ਕੁੰਭੜਾ ਨੇੜਿਓਂ ਬੁਲਟ ਮੋਟਰ ਸਾਈਕਲ ਚੋਰੀ ਕੀਤਾ ਸੀ ਅਤੇ ਇਹ ਮੋਟਰ ਸਾਈਕਲ ਹੁਣ ਬੇਅੰਤ ਸਿੰਘ ਉਰਫ਼ ਹੈਪੀ ਕੋਲ ਹੈ ਅਤੇ ਉਹ ਉਸ ਨੂੰ ਵੇਚਣ ਲਈ ਗਿਆ ਹੋਇਆ ਹੈ। ਪੁਲੀਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਇੱਕ ਐਕਟਿਵਾ ਅਤੇ ਮੋਟਰ ਸਾਈਕਲ ਵੀ ਬਰਾਮਦ ਕੀਤੇ ਹਨ, ਜੋ ਚੋਰੀ ਕਰਕੇ ਬੱਸ ਸਟੈਂਡ ਫੇਜ਼-8 ਨੇੜੇ ਖੜੇ ਕੀਤੇ ਹੋਏ ਸੀ। ਉਨ੍ਹਾਂ ਦੱਸਿਆ ਕਿ ਗਰੋਹ ਦੇ ਮੁਖੀ ਬੇਅੰਤ ਸਿੰਘ ਉਰਫ਼ ਹੈਪੀ ਅਤੇ ਪਵਨਪ੍ਰੀਤ ਸਿੰਘ ਸੰਘਾ ਦੀ ਪੈੜ ਨੱਪਣ ਲਈ ਉਨ੍ਹਾਂ ਦੇ ਘਰ ਅਤੇ ਹੋਰ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਫਰਾਰ ਮੁਲਜ਼ਮਾਂ ਨੂੰ ਵੀ ਜਲਦੀ ਕਾਬੂ ਕਰ ਲਿਆ ਜਾਵੇਗਾ।