
ਮੁਹਾਲੀ ਪੁਲੀਸ ਵੱਲੋਂ ਏਟੀਐਮ ਕਾਰਡ ਕਲੋਨਿੰਗ ਕਰਕੇ ਠੱਗੀਆਂ ਮਾਰਨ ਵਾਲੇ ਦੋ ਮੁਲਜ਼ਮ ਗ੍ਰਿਫ਼ਤਾਰ
ਮੁਲਾਜ਼ਮਾਂ ਕੋਲੋਂ 6.89 ਲੱਖ ਦੀ ਨਗਦੀ, ਏਟੀਐਮ ਕਾਰਡ ਡਾਟਾ ਸਕੈਨ ਵਾਲੀ ਮਸ਼ੀਨ, ਫਾਇਰ ਸੈਂਸਰ ਕੈਮਰਾ ਬਰਾਮਦ
1 ਲੈਪਟਾਪ, ਠੱਗੀ ਦੇ ਪੈਸਿਆਂ ਨਾਲ ਖ਼ਰੀਦੀ ਐਪਲ ਦੀ ਘੜੀ, ਐਪਲ ਦਾ ਮੋਬਾਈਲ ਫੋਨ, ਵੰਨ ਪਲੱਸ ਮੋਬਾਈਲ ਬਰਾਮਦ
ਮੁਲਜ਼ਮ ਮੁਹਾਲੀ ਵਿੱਚ ਰੈਕੀ ਕਰਕੇ ਬਿਨਾਂ ਗਾਰਡ ਵਾਲੇ ਏਟੀਐਮ ’ਤੇ ਲਗਾਉਂਦੇ ਸੀ ਸਕੀਮਿੰਗ\ਕਲੋਨਿੰਗ ਮਸ਼ੀਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਜੁਲਾਈ:
ਮੁਹਾਲੀ ਪੁਲੀਸ ਨੇ ਏਟੀਐਮ ਕਾਰਡ ਕਲੋਨਿੰਗ ਕਰਕੇ ਠੱਗੀਆਂ ਮਾਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਕੇ ਦੋ ਮੁਲਜ਼ਮਾਂ ਸਾਵੇਜ ਤੇ ਰਾਜੀਵ ਕੁਮਾਰ ਵਾਸੀ ਜਲੰਧਰ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਗੱਲ ਦਾ ਖੁਲਾਸਾ ਕਰਦਿਆਂ ਮੁਹਾਲੀ ਦੇ ਐਸਪੀ (ਟਰੈਫ਼ਿਕ) ਗੁਰਜੋਤ ਸਿੰਘ ਕਲੇਰ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਥਾਣਾ ਫੇਜ਼-1 ਵਿੱਚ ਧਾਰਾ 420, 120-ਬੀ ਅਤੇ ਆਈਟੀ ਐਕਟ 60-ਸੀ, 66-ਡੀ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਮੁਲਜ਼ਮਾਂ ਦੇ ਤੀਜੇ ਸਾਥੀ ਬਿਮਲ ਖਹਿਰਾ ਵਾਸੀ ਜਲੰਧਰ ਨੂੰ ਨਾਮਜ਼ਦ ਕੀਤਾ ਗਿਆ ਹੈ। ਉਸ ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਐਸਪੀ ਕਲੇਰ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ ਸਾਈਬਰ ਸੈਲ ਦੀਆਂ ਕਰੀਬ 100 ਸ਼ਿਕਾਇਤਾਂ ਦਾ ਨਿਬੇੜਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੇ ਟਿਕਾਣਿਆਂ ਤੋਂ 6 ਲੱਖ 89 ਹਜ਼ਾਰ ਦੀ ਨਗਦੀ, ਇਕ ਏਟੀਐਮ ਕਾਰਡ ਡਾਟਾ ਸਕੈਨ ਕਰਨ ਵਾਲੀ ਮਸ਼ੀਨ, ਇਕ ਫਾਇਰ ਸੈਂਸਰ ਵਿੱਚ ਲੱਗਿਆ ਕੈਮਰਾ, ਇਕ ਲੈਪਟਾਪ ਅਤੇ ਠੱਗੀ ਦੇ ਪੈਸਿਆਂ ਨਾਲ ਖ਼ਰੀਦਿਆਂ 1 ਐਪਲ ਦਾ ਮੋਬਾਈਲ ਫੋਨ, ਐਪਲ ਦੀ ਇਕ ਘੜੀ ਅਤੇ ਵੰਨ ਪਲੱਸ ਮਾਰਕਾ ਇਕ ਮੋਬਾਈਲ ਫੋਨ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੂੰ ਗੁਪਤ ਸੂਚਨਾ ’ਤੇ ਫੇਜ਼-1 ਅਤੇ ਫੇਜ਼-5 ਸਮੇਤ ਹੋਰ ਵੱਖ-ਵੱਖ ਏਟੀਐਮ ਅਤੇ ਕਾਰਡ ਕਲੋਨਿੰਗ ਦੀਆਂ ਮਸ਼ੀਨਾਂ ਅਤੇ ਕੈਮਰਾ ਲਗਾ ਕੇ ਡਾਟਾ ਇਕੱਠਾ ਕਰਕੇ ਜਲੰਧਰ ਵਿੱਚ ਆਪਣੇ ਟਿਕਾਣੇ ’ਤੇ ਬੈਠ ਕੇ ਲੈਪਟਾਪ ਦੀ ਮਦਦ ਨਾਲ ਜਾਅਲੀ ਕਲੋਨ ਕੀਤੇ ਕਾਰਡ ਤਿਆਰ ਕਰਕੇ ਜਲੰਧਰ ਦੇ ਵੱਖ-ਵੱਖ ਏਟੀਐਮਾਂ ’ਚੋਂ ਪੈਸੇ ਕਢਵਾ ਕੇ ਆਮ ਲੋਕਾਂ ਅਤੇ ਬੈਂਕਾਂ ਨਾਲ ਠੱਗੀਆਂ ਕਰਨ ਦੇ ਦੋਸ਼ ਵਿੱਚ ਉਕਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਨੂੰ ਕਾਬੂ ਕਰਨ ਵਿੱਚ ਸਾਈਬਰ ਸੈਲ ਦੇ ਡੀਐਸਪੀ ਅਮਰਪ੍ਰੀਤ ਸਿੰਘ ਅਤੇ ਟੈਕਨੀਕਲ ਸਪੋਰਟ ਅਤੇ ਫੋਰੈਂਸਿਕ ਟੀਮ ਨੇ ਅਹਿਮ ਭੂਮਿਕਾ ਨਿਭਾਈ ਹੈ।
ਸ੍ਰੀ ਕਲੇਰ ਨੇ ਦੱਸਿਆ ਕਿ ਉਕਤ ਦੋਵੇਂ ਵਿਅਕਤੀ ਮੁਹਾਲੀ ਵਿੱਚ ਰੈਕੀ ਕਰਕੇ ਉਸ ਏਟੀਐਮ ’ਤੇ ਸਕੀਮਿੰਗ\ਕਲੋਨਿੰਗ ਮਸ਼ੀਨ ਲਗਾਉਂਦੇ ਸਨ। ਜਿਨ੍ਹਾਂ ਦੇ ਬਾਹਰ ਸਕਿਉਰਿਟੀ ਗਾਰਡ ਨਹੀਂ ਹੁੰਦਾ ਸੀ। ਇਹ ਏਟੀਐਮ ਮਸ਼ੀਨ ਵਿੱਚ ਕਾਰਡ ਪਾਉਣ ਵਾਲੀ ਥਾਂ ’ਤੇ ਹੁਬਹੂ ਮਸ਼ੀਨ ਚਿਪਕਾ ਦਿੰਦੇ ਸਨ ਅਤੇ ਜੋ ਵਿਅਕਤੀ ਉਸ ਮਸ਼ੀਨ ਰਾਹੀ ਪੈਸੇ ਕਢਵਾਉਂਦੇ ਸਨ। ਉਨ੍ਹਾਂ ਦੇ ਏਟੀਐਮ ਕਾਰਡ ਦੀ ਡਿਟੇਲ ਇਨ੍ਹਾਂ ਵੱਲੋਂ ਲਗਾਈ ਕਲੋਨਿੰਗ ਮਸ਼ੀਨ ਵਿੱਚ ਲੱਗੇ ਇਕ ਮੈਮਰੀ ਕਾਰਡ ਵਿੱਚ ਦਰਜ ਹੁੰਦੀ ਰਹਿੰਦੀ ਸੀ। ਮੁਲਜ਼ਮਾਂ ਵੱਲੋਂ ਏਟੀਐਮ ਦੀ ਛੱਤ ’ਤੇ ਇਕ ਖਾਸ ਕਿਸਮ ਦਾ ਕੈਮਰਾ ਧੰੂਏਂ ਵਾਲੇ ਸੈਂਸਰ ਵਿੱਚ ਫਿਟ ਕੀਤਾ ਜਾਂਦਾ ਸੀ। ਜਿਸ ਰਾਹੀਂ ਇਹ ਏਟੀਐਮ ਕਾਰਡ ਦਾ ਪਿੰਨ ਨੰਬਰ ਦੇਖਦੇ ਸਨ ਅਤੇ ਬਾਅਦ ਵਿੱਚ ਇਸ ਮਸ਼ੀਨ ਅਤੇ ਕੈਮਰੇ ਨੂੰ ਉਤਾਰ ਕੇ ਜਲੰਧਰ ਵਿੱਚ ਲੈ ਜਾਂਦੇ ਸੀ। ਜਿੱਥੇ ਆਪਣੇ ਠਿਕਾਣੇ ’ਤੇ ਬੈਠ ਕੇ ਐਮਐਸਆਰ ਮਸ਼ੀਨ, ਲੈਪਟਾਪ ਤੇ ਸਾਫ਼ਟਵੇਅਰ ਦੀ ਮਦਦ ਨਾਲ ਜਾਅਲੀ ਕਲੋਨ ਕੀਤੇ ਏਟੀਐਮ ਕਾਰਡ ਤਿਆਰ ਕਰਦੇ ਸੀ ਅਤੇ ਜਲੰਧਰ ਦੇ ਵੱਖ-ਵੱਖ ਏਟੀਐਮਾਂ ’ਚੋਂ ਪੈਸੇ ਕਢਵਾ ਲੈਂਦੇ ਸੀ।
ਜਿਹੜੇ ਵਿਅਕਤੀ ਏਟੀਐਮ ਕਾਰਡ ਵਰਤਦੇ ਸਮੇਂ ਆਪਣਾ ਪਿੰਨ ਨੰਬਰ ਆਪਣੇ ਹੱਥ ਨਾਲ ਲੁਕਾ ਕੇ ਲਗਾਉਂਦੇ ਸਨ ਜਾਂ ਆਪਣਾ ਪਿੰਨ ਨੰਬਰ ਸਮੇਂ-ਸਮੇਂ ’ਤੇ ਬਦਲਦੇ ਰਹਿੰਦੇ ਹਨ। ਉਨ੍ਹਾਂ ਦੇ ਖਾਤਿਆਂ ’ਚੋਂ ਮੁਲਜ਼ਮ ਪੈਸੇ ਨਹੀਂ ਕਢਵਾ ਸਕੇ ਹਨ। ਇਸ ਲਈ ਜਦੋਂ ਕੋਈ ਖਾਤਾਧਾਰਕ ਕਿਸੇ ਏਟੀਐਮ ’ਤੇ ਪੈਸੇ ਕਢਵਾਉਣ ਜਾਂਦਾ ਹੈ ਤਾਂ ਏਟੀਐਮ ਮਸ਼ੀਨ ਦਾ ਉਹ ਹਿੱਸਾ ਜਿੱਥੇ ਕਾਰਡ ਪੈਂਦਾ ਹੈ, ਉਸ ਨੂੰ ਥੋੜਾ ਹਿਲਾ ਕੇ ਚੈਕ ਕਰਨਾ ਚਾਹੀਦਾ ਹੈ ਅਤੇ ਜੇਕਰ ਉਹ ਹਿੱਸਾ ਥੋੜਾ ਢਿੱਲਾ ਹੈ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਕੋਈ ਗੜਬੜ ਹੈ। ਉਸ ਦੀ ਸੂਚਨਾ ਤੁਰੰਤ ਬੈਂਕ ਅਤੇ ਪੁਲੀਸ ਨੂੰ ਦਿੱਤੀ ਜਾਵੇ ਅਤੇ ਹਮੇਸ਼ਾ ਪੈਸੇ ਕਢਵਾਉਣ ਸਮੇਂ ਆਪਣਾ ਪਿੰਨ ਨੰਬਰ ਲੁਕਾ ਕੇ ਐਂਟਰ ਕੀਤਾ ਜਾਵੇ ਅਤੇ ਮਹੀਨੇ ਵਿੱਚ ਘੱਟ ਤੋਂ ਘੱਟ ਇਕ ਵਾਰ ਆਪਣਾ ਪਿੰਨ ਨੰਬਰ ਜ਼ਰੂਰ ਬਦਲ ਲਿਆ ਜਾਵੇ ਤਾਂ ਜੋ ਇਸ ਕਿਸਮ ਦੀਆਂ ਠੱਗੀਆਂ ਤੋਂ ਬਚਿਆ ਜਾ ਸਕੇ।