
ਮੁਹਾਲੀ ਪੁਲੀਸ ਦੀ ਵੱਡੀ ਕਾਰਵਾਈ, ਦੋ ਨਸ਼ਾ ਤਸਕਰ 6 ਕਰੋੜ ਦੀ ਹੈਰੋਇਨ ਸਮੇਤ ਗ੍ਰਿਫ਼ਤਾਰ
ਚੰਡੀਗੜ੍ਹ, ਮੁਹਾਲੀ ਤੇ ਖਰੜ ਇਲਾਕਿਆਂ ਵਿੱਚ ਸਪਲਾਈ ਕੀਤੀ ਜਾਣੀ ਸੀ ਨਸ਼ੇ ਦੀ ਖੇਪ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਮਈ:
ਮੁਹਾਲੀ ਪੁਲੀਸ ਨੂੰ ਉਸ ਸਮੇਂ ਇਕ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਐਸਪੀ ਦਿਹਾਤੀ ਡਾਕਟਰ ਰਵਜੋਤ ਗਰੇਵਾਲ ਅਤੇ ਐਸਪੀ ਅਪਰੇਸ਼ਨ ਮੁਖਤਿਆਰ ਰਾਏ ਦੀ ਰਹਿਨੁਮਾਈ ਹੇਠ ਡੀਐਸਪੀ ਮੁੱਲਾਂਪੁਰ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਵਿੱਚ ਥਾਣਾ ਸਦਰ ਕੁਰਾਲੀ ਦੀ ਟੀਮ ਨੇ ਕੁਰਾਲੀ ਬਾਈਪਾਸ ਪਿੰਡ ਸਿੰਘਪੁਰਾ ਵਿਖੇ ਚੈਕਿੰਗ ਦੌਰਾਨ ਇੰਡੀਗੋ ਕਾਰ ਵਿੱਚ ਸਵਾਰ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਤਲਾਸ਼ੀ ਦੌਰਾਨ ਕਾਰ ਸਵਾਰਾਂ ਕੋਲੋਂ 300 ਗਰਾਮ ਹੈਰੋਇਨ ਸਮੇਤ 5 ਲੱਖ ਰੁਪਏ ਡਰੱਗ ਮਨੀ ਬਰਾਮਦ ਕੀਤੇ ਗਏ ਹਨ।
ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਮੁਹਾਲੀ ਦੇ ਐਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਥਾਣਾ ਸਦਰ ਕੁਰਾਲੀ ਵੱਲੋਂ ਬਾਈਪਾਸ ਕੁਰਾਲੀ ਵਿਖੇ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਤਾਂ ਭਰੋਸੇਯੋਗ ਇਤਲਾਹ ਮਿਲਣ ’ਤ ਇਕ ਚਿੱਟੇ ਰੰਗ ਦੀ ਇੰਡੀਗੋ ਕਾਰ ਵਿੱਚ ਇੰਟਰ ਸਟੇਟ ਹੈਰੋਇਨ ਸਮੱਗਲਰ ਗੁਲਸ਼ਨ ਕੁਮਾਰ ਬੱਬੂ ਵਾਸੀ ਮੁਹੱਲਾ ਮਹਿੰਗੀਆਂ, ਹਰਿਆਣਾ ਅਤੇ ਮਾਨ ਸਿੰਘ ਵਾਸੀ ਪਿੰਡ ਬਸੀ ਉਮਰ ਖਾਨ, ਹਰਿਆਣਾ ਭਾਰੀ ਮਾਤਰਾ ਵਿੱਚ ਹੈਰੋਇਨ ਅਤੇ ਨਸ਼ੀਲੇ ਪਦਾਰਥ ਲੈ ਕੇ ਆ ਰਹੇ ਹਨ ਜੋ ਉਤਰ ਭਾਰਤ ਦੇ ਕਈ ਸੂਬਿਆਂ ਵਿੱਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਦੇ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਸਦਰ ਥਾਣਾ ਕੁਰਾਲੀ ਵਿੱਚ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਗੱਡੀ ’ਚੋਂ 1 ਕਿੱਲੋ 300 ਗਰਾਮ ਹੈਰੋਇਨ ਅਤੇ 5 ਲੱਖ ਰੁਪਏ ਕੈਸ ਡਰੱਗ ਮਨੀ ਬਰਾਮਦ ਕੀਤੀ ਗਈ। ਪੁਲੀਸ ਅਨੁਸਾਰ ਮੁਲਜ਼ਮਾਂ ਕੋਲੋਂ ਬਰਾਮਦ ਹੈਰੋਇਨ ਦੀ ਅੰਤਰਰਾਸ਼ਟਰੀ ਮਾਰਕੀਟ ਵਿੱਚ ਕੀਮਤ 6 ਕਰੋੜ ਰੁਪਏ ਬਣਦੀ ਹੈ।
ਐਸਐਸਪੀ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਦੋਵੇਂ ਮੁਲਜ਼ਮਾਂ ਨੇ ਮੰਨਿਆਂ ਕਿ ਉਹ ਲਮਬੇ ਸਮੇਂ ਤੋਂ ਉਤਰੀ ਭਾਰਤੀ ਦੇ ਕਈ ਸੂਬਿਆਂ ਵਿੱਚ ਹੈਰੋਇਨ ਦੀ ਸਮੱਗਲਿੰਗ ਕਰਦੇ ਆ ਰਹੇ ਹਨ। ਗੁਲਸ਼ਨ ਕੁਮਾਰ ਖ਼ਿਲਾਫ਼ ਪਹਿਲਾਂ ਵੀ ਹੈਰੋਇਨ ਦੀ ਸਮੱਗਲਿੰਗ ਦੇ ਮੁਕੱਦਮੇ ਦਰਜ ਹਨ। ਬਰਾਮਦ ਹੋਈ ਹੈਰੋਇਨ ਉਨ੍ਹਾਂ ਨੇ ਚੰਡੀਗੜ੍ਹ, ਮੁਹਾਲੀ ਅਤੇ ਖਰੜ ਇਲਾਕਿਆ ਵਿੱਚ ਸਪਲਾਈ ਕਰਨੀ ਸੀ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ। ਡੂੰਘਾਈ ਨਾਲ ਪੁੱਛਗਿੱਛ ਦੌਰਾਨ ਨਸ਼ਾ ਤਸਕਰੀ ਮਾਮਲੇ ਵਿੱਚ ਹੋਰ ਅਹਿਮ ਜਾਣਕਾਰੀ ਮਿਲਣ ਦੀ ਉਮੀਦ ਹੈ।
ਐਸਐਸਪੀ ਸਤਿੰਦਰ ਸਿੰਘ ਨੇ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਪਾਲਸੀ ਤਹਿਤ ਜ਼ਿਲ੍ਹਾ ਪੁਲੀਸ ਵੱਲੋਂ ਸਾਲ 2021 ਵਿੱਚ ਹੁਣ ਤੱਕ ਕੀਤੀ ਕਾਰਵਾਈਆਂ ਤੋਂ ਬਰਾਮਦ ਹੋਈ ਹੈਰੋਇਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਅੰਦਰ ਹੁਣ ਤੱਕ ਵੱਖ ਵੱਖ ਸਮੱਗਲਰਾਂ ਦੇ ਕਬਜ਼ੇ ’ਚੋਂ ਵੱਖ ਵੱਖ ਕੇਸਾਂ ਵਿੱਚ 6 ਕਿੱਲੋ 200 ਗਰਾਮ ਹੈਰੋਇਨ ਬਰਾਮਦ ਕੀਤੀ ਜਾ ਚੁੱਕੀ ਹੈ। ਜਿਸ ਦੀ ਅੰਤਰ ਰਾਸ਼ਟਰੀ ਮਾਰਕੀਟ ਵਿੱਚ ਕੀਮਤ 32 ਕਰੋੜ ਬਣਦੀ ਹੈ। ਨਸ਼ੀਲੇ ਪਦਾਰਥਾਂ ਦੇ ਸਮੱਗਲਰਾ ਖ਼ਿਲਾਫ਼ ਵਿੱਢੀ ਮੁਹਿੰਮ ਲਗਾਤਾਰ ਜਾਰੀ ਹੈ ਅਤੇ ਸਮੱਗਲਰਾਂ ਉਪਰ ਪੁਲੀਸ ਵੱਲੋਂ ਨਕੇਲ ਕਸੀ ਹੋਈ ਹੈ। ਉਨ੍ਹਾਂ ਦੱਸਿਆ ਕਿ ਨਸ਼ੀਲੇ ਪਦਾਰਥਾਂ ਦੇ ਸਮੱਗਲਰਾ ਦੀਆਂ ਪ੍ਰਾਪਟਰੀਆਂ ਅਟੈਚ ਕਰਾਈਆਂ ਜਾ ਰਹੀਆ ਹਨ ਅਤੇ ਇਨ੍ਹਾਂ ਦੀ ਨਜ਼ਰਬੰਦੀ ਦੇ ਕੇਸ ਤਿਆਰ ਕਰਵਾਏ ਜਾ ਰਹੇ ਹਨ।