
ਮੁਹਾਲੀ ਪੁਲੀਸ ਵੱਲੋੱ ਚੋਰੀ ਦੇ ਮੋਬਾਈਲ ਫੋਨਾਂ ਸਮੇਤ 2 ਵਿਅਕਤੀ ਗ੍ਰਿਫਤਾਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਦਸੰਬਰ:
ਮੁਹਾਲੀ ਪੁਲੀਸ ਨੇ 2 ਵਿਅਕਤੀਆਂ ਨੂੰ ਚੋਰੀਸ਼ੁਦਾ ਮੋਬਾਈਲ ਫੋਨ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਸੁਰਿੰਦਰ ਸਿੰਘ ਨੇ ਪੁਲੀਸ ਪਾਰਟੀ ਸਮੇਤ ਬਾਵਾ ਵਾਈਟ ਹਾਊਸ ਦੇ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਕਿ ਅਲੀਸ਼ਾ ਉਰਫ ਪ੍ਰਿੰਸ ਵਾਸੀ ਖੂਨੀਮਾਜਰਾ, ਖਰੜ ਅਤੇ ਸੁਖਵਿੰਦਰ ਸਿੰਘ ਉਰਫ਼ ਸੁੱਖਾ ਵਾਸੀ ਪਿੰਡ ਮਾਣਕਪੁਰ ਕੱਲਰ ਫੋਨ ਸਨੈਚ ਕਰਨ ਦੇ ਆਦੀ ਹਨ, ਜੋ ਪਹਿਲਾਂ ਵੀ ਗ੍ਰੇਅ ਰੰਗ ਦੀ ਸਕੂਟਰੀ ਉੱਪਰ ਸਵਾਰ ਹੋ ਕੇ ਕਈ ਵਾਰ ਫੋਨ ਸਨੈਚ ਕਰ ਚੁੱਕੇ ਹਨ ਅਤੇ ਉਹ ਅੱਜ ਵੀ ਕੋਈ ਵਾਰਦਾਤ ਨੂੰ ਅੰਜਾਮ ਦੇਣ ਲਈ ਸਨਅਤੀ ਏਰੀਆ ਫੇਜ਼-9 ਮੁਹਾਲੀ ਵੱਲ ਆ ਰਹੇ ਹਨ।
ਉਨ੍ਹਾਂ ਦੱਸਿਆ ਕਿ ਮੁੱਖਬਰ ਖਾਸ ਦੀ ਇਤਲਾਹ ਦੇ ਆਧਾਰ ’ਤੇ ਰੇਡ ਕਰਨ ਤੇ ਅਲੀਸ਼ਾ ਅਤੇ ਸੁਖਵਿੰਦਰ ਸਿੰਘ ਨੂੰ ਚੋਰੀਸ਼ੁਦਾ ਮੋਬਾਇਲ ਫੋਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਆਈ ਪੀ ਸੀ ਦੀ ਧਾਰਾ 379 ਬੀ, 411 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਕੋਲੋਂ ਕੀਤੀ ਗਈ ਪੁੱਛਗਿੱਛ ਦੇ ਆਧਾਰ ਪਹਿਲਾਂ ਖੋਹ ਕੀਤੇ 3 ਹੋਰ ਫੋਨ ਬਰਾਮਦ ਕੀਤੇ ਗਏ ਹਨ।