
ਮੁਹਾਲੀ ਪੁਲੀਸ ਵੱਲੋਂ ਨਸ਼ੇ ਦੇ ਟੀਕਿਆਂ ਸਮੇਤ 4 ਮੁਲਜ਼ਮ ਗ੍ਰਿਫ਼ਤਾਰ, ਆਈ-20 ਕਾਰ ਵੀ ਕੀਤੀ ਜ਼ਬਤ
ਅੰਬਾਲਾ ਤੋਂ ਸਸਤੇ ਭਾਅ ’ਤੇ ਨਸ਼ੇ ਦੇ ਟੀਕੇ ਲਿਆ ਕੇ ਮੁਹਾਲੀ ਤੇ ਖਰੜ ਖੇਤਰ ਵਿੱਚ ਵੇਚਦੇ ਸੀ ਮੁਲਜ਼ਮ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਦਸੰਬਰ:
ਮੁਹਾਲੀ ਪੁਲੀਸ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਵਿਸ਼ੇਸ਼ ਮੁਹਿੰਮ ਦੇ ਤਹਿਤ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੇ ਨਸ਼ਾ ਤਸਕਰੀ ਮਾਮਲੇ ਵਿੱਚ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਮੁਲਜ਼ਮਾਂ ਦੀ ਆਈ-20 ਕਾਰ ਵੀ ਜ਼ਬਤ ਕੀਤੀ ਗਈ ਹੈ। ਅੱਜ ਇੱਥੇ ਇਹ ਜਾਣਕਾਰੀ ਮੁਹਾਲੀ ਦੇ ਐਸਐਸਪੀ ਨਵਜੋਤ ਸਿੰਘ ਚਾਹਲ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਯੋਗੇਸ਼ ਕੁਮਾਰ ਉਰਫ਼ ਜੋਗੀ ਵਾਸੀ ਨੇੜੇ ਕਿਲ੍ਹਾ ਸੋਹਾਣਾ, ਗੁਰਮੱਖ ਸਿੰਘ ਉਰਫ਼ ਮਨੀ ਵਾਸੀ ਪਿੰਡ ਫੈਦਾ (ਚੰਡੀਗੜ੍ਹ), ਹਰਿੰਦਰ ਸਿੰਘ ਉਰਫ਼ ਹਨੀ ਵਾਸੀ ਸੈਕਟਰ-45 (ਬੁੜੈਲ) ਅਤੇ ਗੁਰਜਿੰਦਰ ਸਿੰਘ ਵਾਸੀ ਪਿੰਡ ਬਾਕਰਪੁਰ (ਮੁਹਾਲੀ) ਨਸ਼ੀਲੇ ਪਦਾਰਥ ਵੇਚਣ ਦਾ ਧੰਦਾ ਕਰਦੇ ਹਨ, ਜੋ ਅੱਜ ਚਿੱਟੇ ਰੰਗ ਦੀ ਆਈ-20 ਕਾਰ ਵਿੱਚ ਸਵਾਰ ਹੋ ਕੇ ਬਨੂੜ ਵਾਲੇ ਪਾਸਿਓਂ ਖਰੜ ਵੱਲ ਆ ਰਹੇ ਹਨ।
ਐਸਐਸਪੀ ਮਾਹਲ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਐਸਪੀ (ਡੀ) ਵਜੀਰ ਸਿੰਘ ਖਹਿਰਾ ਅਤੇ ਡੀਐਸਪੀ (ਡੀ) ਸੁਖਨਾਜ ਸਿੰਘ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਬਲਜਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਲਾਂਡਰਾਂ ਚੌਕ ਨੇੜੇ ਨਾਕਾਬੰਦੀ ਕਰਕੇ ਸ਼ੱਕ ਦੇ ਆਧਾਰ ’ਤੇ ਉਕਤ ਵਿਅਕਤੀਆਂ ਨੂੰ ਰੋਕ ਕੇ ਪੁੱਛਗਿੱਛ ਕੀਤੀ ਅਤੇ ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 20 ਨਸ਼ੀਲੇ ਟੀਕੇ ਬਰਾਮਦ ਕੀਤੇ ਗਏ। ਪੁਲੀਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਥਾਣਾ ਸੋਹਾਣਾ ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਐਸਐਸਪੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਕਤ ਚਾਰੇ ਮੁਲਜ਼ਮ ਪਿਛਲੇ ਲੰਮੇ ਸਮੇਂ ਤੋਂ ਨਸ਼ਾ ਤਸਕਰੀ ਦਾ ਧੰਦਾ ਕਰਦੇ ਆ ਰਹੇ ਹਨ ਅਤੇ ਉਹ ਖ਼ੁਦ ਵੀ ਨਸ਼ਾ ਕਰਨ ਦੇ ਆਦੀ ਹਨ। ਮੁਲਜ਼ਮਾਂ ਨੇ ਪੁਲੀਸ ਨੂੰ ਦੱਸਿਆ ਕੇ ਉਹ ਨਸ਼ੀਲੇ ਟੀਕੇ ਅੰਬਾਲਾ ਤੋਂ ਸਸਤੇ ਭਾਅ ’ਤੇ ਲਿਆ ਕੇ ਮੁਹਾਲੀ ਅਤੇ ਖਰੜ ਇਲਾਕੇ ਵਿੱਚ ਮਹਿੰਗੇ ਭਾਅ ਵਿੱਚ ਵੇਚਦੇ ਹਨ।