ਮੁਹਾਲੀ ਪੁਲੀਸ ਵੱਲੋਂ ਨਾਜਾਇਜ਼ ਅਸਲੇ ਸਮੇਤ 4 ਨੌਜਵਾਨ ਗ੍ਰਿਫ਼ਤਾਰ

ਯੂਪੀ ਦੇ ਅਸਲਾ ਸਮਗਲਰ ਤੋਂ ਅਸਲਾ ਲਿਆ ਕੇ ਪੰਜਾਬ ’ਚ ਗੈਂਗਸਟਰਾਂ ਨੂੰ ਕਰਦੇ ਸੀ ਸਪਲਾਈ>

ਨਬਜ਼-ਏ-ਪੰਜਾਬ, ਮੁਹਾਲੀ, 25 ਅਕਤੂਬਰ:
ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੇ 4 ਨੌਜਵਾਨਾਂ ਨੂੰ ਨਾਜਾਇਜ਼ ਅਸਲੇ ਸਣੇ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮਾਂ ਕੋਲੋਂ 5 ਨਾਜਾਇਜ਼ ਪਿਸਤੌਲ ਅਤੇ 26 ਜ਼ਿੰਦਾ ਰੋਂਦ, 2 ਲੈਪਟਾਪ ਬਰਾਮਦ ਕੀਤੇ ਗਏ ਹਨ। ਇਸ ਗੱਲ ਦਾ ਖ਼ੁਲਾਸਾ ਅੱਜ ਇੱਥੇ ਪੱਤਰਕਾਰ ਸੰਮੇਲਨ ਦੌਰਾਨ ਮੁਹਾਲੀ ਦੇ ਐੱਸਐੱਸਪੀ ਸੰਦੀਪ ਗਰਗ ਨੇ ਕੀਤਾ। ਉਨ੍ਹਾਂ ਦੱਸਿਆ ਕਿ ਮੁਹਾਲੀ ਪੁਲੀਸ ਵੱਲੋਂ ਖ਼ੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਥਾਣਾ ਬਲੌਂਗੀ ਅਧੀਨ ਆਉਂਦੇ ਖੇਤਰ ’ਚੋਂ ਹੁਸ਼ਿਆਰਪੁਰ ਦੇ ਗੈਂਗਸਟਰ ਗੈਂਗ ਨਾਲ ਸਬੰਧਤ 4 ਨੌਜਵਾਨਾਂ ਸੌਰਵ ਕੁਮਾਰ ਉਰਫ਼ ਅਜੇ, ਰਣਜੀਤ ਸਿੰਘ ਉਰਫ਼ ਕਾਕਾ, ਸ਼ਿਵਰਾਜ ਸੋਨੀ ਅਤੇ ਅਸ਼ੀਸ਼ ਕੁਮਾਰ ਨੂੰ ਨਾਜਾਇਜ਼ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਖ਼ਿਲਾਫ਼ ਬਲੌਂਗੀ ਥਾਣੇ ਵਿੱਚ ਅਪਰਾਧਿਕ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਐੱਸਐੱਸਪੀ ਨੇ ਦੱਸਿਆ ਕਿ ਉਕਤ ਚਾਰੇ ਨੌਜਵਾਨ ਗੈਂਗਸਟਰ ਕਲਚਰ ਤੋਂ ਕਾਫ਼ੀ ਪ੍ਰਭਾਵਿਤ ਸਨ। ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਸ਼ਿਵਰਾਜ ਸੋਨੀ (ਜੋ ਯੂਪੀ ਦਾ ਰਹਿਣ ਵਾਲਾ ਹੈ) ਪਿਛਲੇ 4/5 ਮਹੀਨਿਆਂ ਤੋਂ ਅਸੀਸ ਨਾਲ ਕਾਕਾ ਹੋਮਜ਼ ਖਰੜ ਵਿੱਚ ਰਹਿ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਅਲੀਗੜ੍ਹ (ਯੂਪੀ) ਦੇ ਅਸਲਾ ਸਮਗਲਰ ਤੋਂ ਅਸਲਾ ਲਿਆ ਕੇ ਪੰਜਾਬ ਦੇ ਵੱਖ-ਵੱਖ ਗੈਂਗਸਟਰਾਂ ਨੂੰ ਸਪਲਾਈ ਕਰਦਾ ਹੈ। ਇਸ ਵਾਰ ਸ਼ਿਵਰਾਜ ਨੇ ਅਸਲਾ ਸਪਲਾਇਰ ਹਮਾਦ ਤੋਂ ਉਕਤ ਨਜਾਇਜ਼ ਅਸਲਾ ਸੌਰਵ ਉਰਫ਼ ਅਜੈ ਅਤੇ ਰਣਜੀਤ ਉਰਫ਼ ਕਾਕਾ ਨੂੰ ਦਿਵਾਇਆ ਸੀ ਅਤੇ ਇਨ੍ਹਾਂ ਨੇ ਮਿਲ ਕੇ ਹੁਸ਼ਿਆਰਪੁਰ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ।
ਐੱਸਐੱਸਪੀ ਗਰਗ ਨੇ ਦੱਸਿਆ ਕਿ ਮੁਲਜ਼ਮਾਂ ’ਚੋਂ ਅਸੀਸ ਗੁਜਰਾਤ ਦਾ ਰਹਿਣ ਵਾਲਾ ਹੈ, ਜੋ ਹੁਣ ਕਾਕਾ ਹੋਮਜ਼ ਸੁਸਾਇਟੀ, ਖਰੜ ਵਿੱਚ ਕਿਰਾਏ ਦੇ ਫਲੈਟ ਲੈ ਕੇ ਰਹਿ ਰਿਹਾ ਸੀ ਅਤੇ ਬਾਕੀ ਦੇ ਮੁਲਜ਼ਮ ਨੌਜਵਾਨ ਵੀ ਉਸ ਦੇ ਨਾਲ ਹੀ ਰਹਿੰਦੇ ਸਨ। ਉਨ੍ਹਾਂ ਦੱਸਿਆ ਕਿ ਫਲੈਟ ਵਿੱਚ ਹੀ ਅਸੀਸ, ਸ਼ਿਵਰਾਜ ਸੋਨੀ ਨਾਲ ਮਿਲ ਕੇ ਯੂਐਸਏ ਦੇ ਨਾਗਰਿਕਾਂ ਨਾਲ ਆਨਲਾਈਨ ਸੰਪਰਕ ਕਰਕੇ ਉਨ੍ਹਾਂ ਨੂੰ ਪਰਸਨਲ ਲੋਨ ਦਿਵਾਉਣ ਲਈ ਸਿਬਲ ਸਕੋਰ ਵਧੀਆ ਕਰਨ ਅਤੇ ਲੋਨ ਪ੍ਰੋਸੈਸਿੰਗ ਫੀਸ ਦੇ ਝਾਂਸੇ ਵਿੱਚ ਫਸਾ ਕੇ ਠੱਗੀਆਂ ਮਾਰਦਾ ਸੀ। ਉਨ੍ਹਾਂ ਦੱਸਿਆ ਕਿ ਠੱਗੀ ਰਾਹੀਂ ਕਮਾਏ ਗਏ ਪੈਸਿਆਂ ਦੀ ਵਰਤੋਂ ਉਹ ਨਾਜਾਇਜ਼ ਅਸਲਾ ਖ਼ਰੀਦਣ ਲਈ ਕਰਦੇ ਸਨ।
ਸ੍ਰੀ ਗਰਗ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸ਼ਿਵਰਾਜ ਸੋਨੀ ਨੇ ਅਸਲਾ ਸਮਗਲਰ ਹਮਦ ਤੋਂ ਦੋ ਪਿਸਤੌਲ ਲੈ ਕੇ ਹੁਸ਼ਿਆਰਪੁਰ ਦੇ ਗੈਂਗਸਟਰ ਨਾਲ ਸਬੰਧਤ ਕਿਸੇ ਗੁਰਗੇ ਨੂੰ ਸਪਲਾਈ ਕੀਤੇ ਸਨ। ਪੁਲੀਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਪੁੱਛਗਿੱਛ ਦੌਰਾਨ ਗੈਂਗਸਟਰ ਗਤੀਵਿਧੀਆਂ ਅਤੇ ਨਾਜਾਇਜ਼ ਅਸਲੇ ਅਤੇ ਅਪਰਾਧਿਕ ਮਾਮਲਿਆਂ ਬਾਰੇ ਅਹਿਮ ਖ਼ੁਲਾਸੇ ਹੋਣ ਦੀ ਉਮੀਦ ਹੈ।

Load More Related Articles
Load More By Nabaz-e-Punjab
Load More In General News

Check Also

ਕੇਂਦਰ ਸਰਕਾਰ ਨੂੰ ਕੌਮੀ ਪੱਧਰ ’ਤੇ ਜਿਨਸਾਂ ਦੀ ਉਪਜ ਤੇ ਖਪਤ ਸਬੰਧੀ ਸਰਵੇ ਕਰਵਾਉਣ ਦੀ ਲੋੜ: ਬਰਸਟ

ਕੇਂਦਰ ਸਰਕਾਰ ਨੂੰ ਕੌਮੀ ਪੱਧਰ ’ਤੇ ਜਿਨਸਾਂ ਦੀ ਉਪਜ ਤੇ ਖਪਤ ਸਬੰਧੀ ਸਰਵੇ ਕਰਵਾਉਣ ਦੀ ਲੋੜ: ਬਰਸਟ ਮਾਡਰਨਾਈਜ…