ਮੁਹਾਲੀ ਪੁਲੀਸ ਵੱਲੋਂ ਲੁੱਟਾਂ-ਖੋਹਾਂ ਤੇ ਗੋਲੀਬਾਰੀ ਕਰਨ ਦੇ ਮਾਮਲਿਆਂ ਵਿੱਚ 5 ਮੁਲਜ਼ਮ ਗ੍ਰਿਫ਼ਤਾਰ

ਨਬਜ਼-ਏ-ਪੰਜਾਬ, ਮੁਹਾਲੀ, 12 ਸਤੰਬਰ:
ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੇ ਲੁੱਟਾਂ-ਖੋਹਾਂ, ਗੋਲੀਬਾਰੀ ਅਤੇ ਹੋਰ ਵੱਖ-ਵੱਖ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅੱਜ ਇੱਥੇ ਪੱਤਰਕਾਰ ਸੰਮੇਲਨ ਦੌਰਾਨ ਮੁਹਾਲੀ ਦੇ ਐੱਸਐੱਸਪੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਅਪਰੈਲ ਮਹੀਨੇ ਨਵਾਂ ਗਰਾਓਂ ਵਿੱਚ ਮੋਨੂ ਨਾਮ ਦੇ ਇੱਕ ਜਵਾਨ ਨੂੰ ਗੋਲੀਆਂ ਮਾਰਨ ਦੇ ਮਾਮਲੇ ਵਿੱਚ ਪੁਲੀਸ ਨੇ ਗੁਰਦਾਸ ਉਰਫ਼ ਬੋਨਾ ਵਾਸੀ ਆਨੰਦ ਕਾਲੋਨੀ, ਪਿਹੋਵਾ (ਹਰਿਆਣਾ) ਅਤੇ ਮੁਕੁੱਲ ਸਿੰਘ ਵਾਸੀ ਪਿੰਡ ਢਾਲਪੁਰ, ਜ਼ਿਲ੍ਹਾ ਕੁੱਲੂ (ਹਿਮਾਚਲ ਪ੍ਰਦੇਸ਼) ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਮੁਲਜ਼ਮਾਂ ਕੋਲੋਂ .32 ਬੋਰ ਦੀਆਂ 2 ਪਿਸਤੌਲਾਂ ਅਤੇ 2 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਗੈਂਗਸਟਰ ਆਸ਼ੂ ਵਾਸੀ ਜੀਂਦ, ਹਰਿਆਣਾ (ਹਾਲ ਵਾਸੀ ਅਮਰੀਕਾ) ਦਾ ਆਪਣੀ ਪਤਨੀ ਨਾਲ ਝਗੜਾ ਚੱਲਦਾ ਸੀ ਅਤੇ ਉਨ੍ਹਾਂ ਵਿੱਚ ਕਾਫ਼ੀ ਅਣਬਣ ਰਹਿੰਦੀ ਸੀ। ਆਸ਼ੂ, ਮੋਨੂੰ ਦਾ ਦੋਸਤ ਸੀ ਅਤੇ ਸ਼ੱਕ ਦੇ ਚੱਲਦਿਆਂ ਉਸ ’ਤੇ ਆਪਣੇ ਸਾਥੀਆਂ ਕੋਲੋਂ ਫਾਇਰਿੰਗ ਕਰਵਾਈ ਗਈ ਸੀ।
ਐੱਸਐੱਸਪੀ ਨੇ ਦੱਸਿਆ ਕਿ 3 ਦਿਨ ਪਹਿਲਾਂ ਡੇਰਾਬੱਸੀ ਵਿੱਚ ਮੋਟਰਸਾਈਕਲ ਸਵਾਰ ਬਜ਼ੁਰਗ ਤੋਂ ਲੁੱਟ-ਖੋਹ ਕੀਤੀ ਗਈ ਸੀ। ਇਸ ਵਾਰਦਾਤ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਉਣ ਤੋਂ ਪਤਾ ਲੱਗਿਆ ਮੁਲਜ਼ਮ ਇੱਕ ਬਜ਼ੁਰਗ ਨੂੰ ਘਸੀਟਦਾ ਹੋਇਆ ਲੈ ਜਾ ਰਿਹਾ ਸੀ। ਇਸ ਮਾਮਲੇ ਵਿੱਚ ਨਰੇਸ਼ ਕੁਮਾਰ ਵਾਸੀ ਜ਼ਿਲ੍ਹਾ ਪਲਵੱਲ, ਹਰਿਆਣਾ (ਹਾਲ ਵਾਸੀ ਗਰੀਨ ਵੈਲੀ ਸੈਕਟਰ-11, ਡੇਰਾਬੱਸੀ) ਅਤੇ ਜਸਵਿੰਦਰ ਸਿੰਘ ਵਾਸੀ ਸੰਗਰੂਰ (ਹਾਲ ਵਾਸੀ ਗੁਲਮੋਹਰ ਸਿਟੀ ਡੇਰਾਬੱਸੀ) ਨੂੰ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮਾਂ ਕੋਲੋਂ .32 ਬੋਰ ਦੀਆਂ 2 ਪਿਸਤੌਲਾਂ, 2 ਜਿੰਦਾ ਕਾਰਤੂਸ, 2 ਚੈਨੀਆਂ ਅਤੇ 23 ਵਾਲੀਆਂ (70 ਗਰਾਮ), 4 ਸਪਲੈਂਡਰ ਮੋਟਰ ਸਾਈਕਲ ਬਰਾਮਦ ਕੀਤੇ ਗਏ ਹਨ।
ਐੱਸਐੱਸਪੀ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਟ੍ਰਾਈਸਿਟੀ ਏਰੀਆ ਵਿੱਚ ਪਿਛਲੇ ਕੁੱਝ ਸਮੇਂ ਤੋਂ ਲਗਾਤਾਰ ਗੰਨ ਪੁਆਇੰਟ ’ਤੇ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ। ਇਹ ਵਿਅਕਤੀ ਲੁੱਟ-ਖੋਹ ਦੇ ਸੋਨਾ ’ਤੇ ਗੋਲਡ ਲੋਨ ਲੈ ਲੈਂਦੇ ਸਨ ਅਤੇ ਹੁਣ ਤੱਕ ਇਨ੍ਹਾਂ ਨੇ ਕਰੀਬ 2,81,134 ਰੁਪਏ ਦਾ ਲੋਨ ਲਿਆ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ 45 ਤੋਂ ਵੱਧ ਅਜਿਹੇ ਮਾਮਲੇ ਸਾਹਮਣੇ ਆਏ ਹਨ। ਜਿਸ ਵਿੱਚ ਮੁਹਾਲੀ ਸਮੇਤ ਚੰਡੀਗੜ੍ਹ, ਪੰਚਕੂਲਾ, ਜ਼ੀਰਕਪੁਰ ਅਤੇ ਡੇਰਾਬੱਸੀ ਵਿੱਚ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।
ਇੰਜ ਹੀ 2 ਦਿਨ ਪਹਿਲਾਂ ਡੇਰਾਬੱਸੀ ਦੇ ਇੱਕ ਘਰ ਵਿੱਚ ਜ਼ਬਰਦਸਤੀ ਦਾਖ਼ਲ ਹੋ ਕੇ ਫਾਇਰਿੰਗ ਕਰਨ ਮਾਮਲੇ ਵਿੱਚ ਇੱਕ ਮੁਲਜ਼ਮ ਅਮਨਜੋਤ ਨੂੰ ਕਾਬੂ ਕੀਤਾ ਗਿਆ ਹੈ। ਉਸ ਕੋਲੋਂ .32 ਬੋਰ ਦਾ ਪਿਸਤੌਲ, ਜਿੰਦਾ ਕਾਰਤੂਸ ਅਤੇ ਇੱਕ ਸਪਲੈਂਡਰ ਮੋਟਰ ਸਾਈਕਲ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੀੜਤ ਸੁਰਿੰਦਰ ਸਿੰਘ ਤੋਂ ਵਿਦੇਸ਼ ਬੈਠੇ ਲਾਲਾ ਬੈਨੀਪਾਲ ਨਾਂਅ ਦੇ ਵਿਅਕਤੀ ਵੱਲੋਂ ਫਿਰੌਤੀ ਦੀ ਮੰਗ ਕੀਤੀ ਗਈ ਸੀ ਅਤੇ ਸੁਰਿੰਦਰ ਸਿੰਘ ਵੱਲੋਂ ਫਿਰੌਤੀ ਦੀ ਰਕਮ ਨਾ ਦੇਣ ਕਰਕੇ ਲਾਲਾ ਬੈਨੀਪਾਲ ਨੇ ਉਸ ਨੂੰ ਧਮਕੀਆਂ ਦਿੱਤੀਆਂ ਸਨ। ਇਸ ਦੇ ਚੱਲਦਿਆਂ ਮੁਲਜ਼ਮ ਨੇ ਪੀੜਤ ਦੇ ਘਰ ਉੱਤੇ ਆਪਣੇ ਸਾਥੀ ਤੋਂ ਫਾਇਰਿੰਗ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਉਪਰੋਕਤ ਮਾਮਲਿਆਂ ਵਿੱਚ ਡੂੰਘਾਈ ਨਾਲ ਜਾਂਚ ਕਰ ਰਹੀ ਹੈ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…