
ਮੁਹਾਲੀ ਪੁਲੀਸ ਵੱਲੋਂ ਚੋਰੀ ਤੇ ਸਨੈਚਿੰਗ ਦੇ ਵੱਖ-ਵੱਖ ਮਾਮਲਿਆਂ ਵਿੱਚ 5 ਮੁਲਜ਼ਮ ਕਾਬੂ
ਮੁਲਜ਼ਮ ਸ਼ਰਾਬ ਤੇ ਨਸ਼ਾ ਕਰਨ ਦੇ ਆਦੀ, ਪਹਿਲਾਂ ਵੀ ਦਰਜ ਹਨ ਚੋਰੀ ਦੇ ਕਈ ਪਰਚੇ
ਨਬਜ਼-ਏ-ਪੰਜਾਬ, ਮੁਹਾਲੀ, 2 ਸਤੰਬਰ:
ਮੁਹਾਲੀ ਪੁਲੀਸ ਨੇ ਚੋਰੀ ਅਤੇ ਸਨੈਚਿੰਗ ਦੇ ਵੱਖ-ਵੱਖ ਮਾਮਲਿਆਂ ਵਿੱਚ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਤੋਂ ਚੋਰੀ ਦਾ ਮਾਲ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਅੱਜ ਇੱਥੇ ਇਹ ਜਾਣਕਾਰੀ ਮੀਡੀਆ ਨਾਲ ਸਾਂਝੀ ਕਰਦਿਆਂ ਥਾਣਾ ਫੇਜ਼-1 ਦੇ ਐਸਐਚਓ ਰਜਨੀਸ਼ ਚੌਧਰੀ ਨੇ ਦੱਸਿਆ ਕਿ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਨੇ ਇੰਡਸਟਰੀ ਏਰੀਆ ਫੇਜ਼-8 ’ਚੋਂ ਲੋਹੇ ਦੀਆਂ 10 ਪਲੇਟਾਂ ਚੋਰੀ ਕਰ ਲਈਆਂ ਸਨ। ਇਸ ਸਬੰਧੀ ਰਾਕੇਸ਼ ਕੁਮਾਰ ਦੇ ਬਿਆਨਾਂ ’ਤੇ ਥਾਣਾ ਫੇਜ਼-1 ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 457/380/34 ਅਧੀਨ ਪਰਚਾ ਦਰਜ ਕਰਕੇ ਮੁਲਜ਼ਮਾਂ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ।
ਥਾਣਾ ਮੁਖੀ ਨੇ ਦੱਸਿਆ ਕਿ ਇਸ ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਹੌਲਦਾਰ ਮਨਪ੍ਰੀਤ ਸਿੰਘ ਨੇ 24 ਘੰਟਿਆਂ ਦੇ ਅੰਦਰ-ਅੰਦਰ ਤਿੰਨ ਮੁਲਜ਼ਮਾਂ ਰਿਸਾਂਤ ਸਿੰਘ ਉਰਫ਼ ਬਾਵਾ ਵਾਸੀ ਸੈਕਟਰ-31-ਸੀ (ਚੰਡੀਗੜ੍ਹ), ਅਮਿਤ ਕੁਮਾਰ ਵਾਸੀ ਸੈਕਟਰ-56 (ਚੰਡੀਗੜ੍ਹ) ਅਤੇ ਵਿਸ਼ਾਲ ਉਰਫ਼ ਵਿਸ਼ੂ ਵਾਸੀ ਸੈਕਟਰ-40-ਸੀ (ਚੰਡੀਗੜ੍ਹ) ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਮਗਰੋਂ ਮੁਲਜ਼ਮਾਂ ਤੋਂ ਚੋਰੀ ਦਾ ਮਾਲ ਅਤੇ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤਿਆਂ ਆਟੋ ਵੀ ਬਰਾਮਦ ਕਰ ਲਿਆ ਹੈ। ਪੁਲੀਸ ਅਨੁਸਾਰ ਇਹ ਸਾਰੇ ਮੁਲਜ਼ਮ ਸ਼ਰਾਬ ਅਤੇ ਹੋਰ ਕਿਸਮ ਦਾ ਨਸ਼ਾ ਕਰਨ ਦੇ ਆਦੀ ਹਨ। ਇਨ੍ਹਾਂ ਨੇ ਨਸ਼ੇ ਦਾ ਸੇਵਨ ਕਰਨ ਲਈ ਪੈਸਿਆਂ ਦਾ ਜੁਗਾੜ ਕਾਰਨ ਲਈ ਚੋਰੀ ਕੀਤੀ ਸੀ। ਇਨ੍ਹਾਂ ਖ਼ਿਲਾਫ਼ ਪਹਿਲਾਂ ਵੀ ਚੋਰੀ ਅਤੇ ਲੜਾਈ ਝਗੜੇ ਦੇ ਪਰਚੇ ਦਰਜ ਹਨ।
ਥਾਣਾ ਮੁਖੀ ਰਜਨੀਸ਼ ਚੌਧਰੀ ਨੇ ਦੱਸਿਆ ਕਿ ਇੰਜ ਹੀ ਪੁਲੀਸ ਨੇ ਫੋਨ ਸਨੈਚਿੰਗ ਦੇ ਮਾਮਲੇ ਵਿੱਚ ਦੋ ਮੁਲਜ਼ਮਾਂ ਮਨਿੰਦਰ ਸਿੰਘ ਵਾਸੀ ਨੇੜੇ ਬਾਲਮੀਕੀ ਮੰਦਰ, ਮਨੌਲੀ ਸੂਰਤ (ਬਨੂੜ) ਅਤੇ ਉਸ ਦੇ ਸਾਥੀ ਪਰਮਜੀਤ ਸਿੰਘ ਵਾਸੀ ਮਨੌਲੀ ਖੁਰਦ (ਬਨੂੜ) ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਦੋ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਨੇ ਇੱਕ ਫੋਨ ਗੋਦਰੇਜ ਚੌਂਕ ਮੁਹਾਲੀ ਨੇੜਿਓਂ ਅਤੇ ਦੂਜਾ ਫੋਨ ਡੇਰਾਬੱਸੀ ਤੋਂ ਚੋਰੀ ਕੀਤਾ ਸੀ। ਇਸ ਸਬੰਧੀ ਮੁਲਜ਼ਮਾਂ ਖ਼ਿਲਾਫ਼ ਸ਼ਿਵਾ ਵਾਸੀ ਧਰਮਗੜ੍ਹ (ਮੁਹਾਲੀ) ਦੇ ਬਿਆਨਾਂ ਨੂੰ ਆਧਾਰ ਬਣਾ ਕੇ ਥਾਣਾ ਫੇਜ਼-1 ਵਿੱਚ ਧਾਰਾ 370ਬੀ ਅਧੀਨ ਪਰਚਾ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਤਫ਼ਤੀਸ਼ ਦੌਰਾਨ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਅਨੁਸਾਰ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਮੰਨਿਆਂ ਕਿ ਉਹ ਨਸ਼ਾ ਕਰਨ ਦੇ ਆਦੀ ਹਨ ਅਤੇ ਨਸ਼ਿਆਂ ਲਈ ਪੈਸਿਆਂ ਦਾ ਪ੍ਰਬੰਧ ਕਰਨ ਲਈ ਉਹ ਚੋਰੀਆਂ ਕਰਨ ਲੱਗ ਪਏ ਸਨ। ਉਨ੍ਹਾਂ ਖ਼ਿਲਾਫ਼ ਪਹਿਲਾ ਵੀ ਚੋਰੀ ਦੇ ਪਰਚੇ ਦਰਜ ਹਨ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮਾਂ ਕੋਲੋਂ ਚੋਰੀ ਅਤੇ ਸਨੈਚਿੰਗ ਦੀਆਂ ਵਾਰਦਾਤਾਂ ਸਬੰਧੀ ਹੋਰ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ।